ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ

ਮਾਨਸਾ (ਸਮਾਜ ਵੀਕਲੀ) : ਪਿਛਲੇ ਲਗਪਗ ਦੋ ਮਹੀਨਿਆਂ ਤੋਂ ਬੰਦ ਪਈ ਰੇਲ ਸੇਵਾ ਅੱਜ ਮੁੜ ਸ਼ੁਰੂ ਹੋ ਗਈ ਹੈ। ਉੱਤਰੀ ਰੇਲਵੇ ਨੇ ਪੰਜਾਬ ਵਿੱਚ ਰੇਲ ਮਾਰਗਾਂ ਦੀ ਜਾਂਚ ਆਰੰਭ ਕਰਨ ਤੋਂ ਬਾਅਦ ਰੇਲਾਂ ਨੂੰ ਚਾਲੂ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ, ਜਿਸ ਤਹਿਤ ਦਿੱਲੀ ਤੋਂ ਜਾਖ਼ਲ ਹੋ ਕੇ ਮਾਨਸਾ ਰਾਹੀਂ ਇੱਕ ਮਾਲ ਗੱਡੀ ਕੋਲਾ ਲੈ ਕੇ ਤਲਵੰਡੀ ਸਾਬੋ ਪਾਵਰ ਲਿਮਟਿਡ ਬਣਾਂਵਾਲਾ ਵਿੱਚ ਪੁੱਜ ਗਈ ਹੈ। ਇਸ ਰੇਲਗੱਡੀ ਦੇ ਪੁੱਜਣ ਦੀ ਪੁਸ਼ਟੀ ਬਣਾਂਵਾਲਾ ਤਾਪ ਘਰ ਦੇ ਪ੍ਰਬੰਧਕਾਂ ਵੱਲੋਂ ਕੀਤੀ ਗਈ ਹੈ।

ਉੱਤਰੀ ਰੇਲਵੇ ਵੱਲੋਂ ਰੇਲ ਮਾਰਗਾਂ ਦੀ ਜਾਂਚ ਉਪਰੰਤ ਦਿੱਤੀ ਰੇਲਾਂ ਚਲਾਉਣ ਦੀ ਹਰੀ ਝੰਡੀ ਤਹਿਤ ਇਹ ਟਰੇਨਾਂ ਆਰੰਭ ਹੋਈਆਂ ਹਨ। ਫਿਰੋਜ਼ਪੁਰ ਦੇ ਡੀਆਰਐਮ ਰਾਜੇਸ਼ ਅੱਗਰਵਾਲ ਨੇ ਦੱਸਿਆ ਕਿ ਪੰਜਾਬ ਵਿੱਚ ਮੁਸਾਫ਼ਰ ਗੱਡੀਆਂ ਵੀ ਸ਼ੁਰੂ ਹੋ ਗਈਆਂ ਹਨ, ਜਿਸ ਤਹਿਤ ਅੱਜ ਸ਼ਾਮ ਨੂੰ ਅੰਮ੍ਰਿਤਸਰ ਤੋਂ ਹਰਿਦੁਆਰ ਲਈ ਮੁਸਾਫ਼ਰ ਗੱਡੀ ਚਲਾਈ ਜਾ ਰਹੀ ਹੈ।

ਚੇਤੇ ਰਹੇ ਕਿ ਕੇਂਦਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਵਿੱਚ ਰੇਲ ਆਵਾਜਾਈ ਠੱਪ ਕੀਤੀ ਗਈ ਸੀ। ਇਨ੍ਹਾਂ ਰੇਲ ਗੱਡੀਆਂ ਨੂੰ ਬੰਦ ਕਰਨ ਲਈ ਪਹਿਲਾਂ ਕਿਸਾਨਾਂ ਨੇ ਮੋਰਚਾ ਲਾਇਆ ਸੀ, ਮਗਰੋਂ ਕੇਂਦਰ ਸਰਕਾਰ ਨੇ ਸੁਰੱਖਿਆ ਦੇ ਹਵਾਲੇ ਨਾਲ ਇਨ੍ਹਾਂ ਨੂੰ ਬੰੰਦ ਕਰ ਦਿੱਤਾ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ 30 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਮਗਰੋਂ ਕਿਸਾਨ ਆਗੂਆਂ ਨੇ ਪੰਜਾਬ ਵਿੱਚ 23 ਨਵੰਬਰ ਤੋਂ 15 ਦਿਨਾਂ ਲਈ ਮਾਲ ਗੱਡੀਆਂ ਦੇ ਨਾਲ ਮੁਸਾਫ਼ਰ ਗੱਡੀਆਂ ਨੂੰ ਲਾਂਘਾ ਦੇਣ ਦੀ ਹਾਮੀ ਭਰ ਦਿੱਤੀ ਸੀ। ਇਸ ਤੋਂ ਬਾਅਦ ਉੱਤਰੀ ਰੇਲਵੇ ਨੇ ਅੱਜ ਮਾਲ ਗੱਡੀਆਂ ਅਤੇ ਯਾਤਰੀ ਗੱਡੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਦੌਰਾਨ ਮੁੰਦਰਾ ਗੁਜਰਾਤ ਤੋਂ ਲੱਗਪਗ ਸੱਤਰ ਹਜ਼ਾਰ ਗੱਟੇ ਯੂਰੀਆ ਖਾਦ ਲੈ ਕੇ ਇੱਕ ਮਾਲ ਗੱਡੀ  ਮਾਨਸਾ ਪਹੁੰਚੀ ਹੈ।

Previous articleਕਰੋਨਾ: ਸੁਪਰੀਮ ਕੋਰਟ ਵੱਲੋਂ ਦਿੱਲੀ ਤੇ ਗੁਜਰਾਤ ਸਰਕਾਰ ਦੀ ਖਿਚਾਈ
Next articleDalit murder case: SC gives Guj last chance to file reply