ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ 20 ਤੋਂ

ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 20 ਫਰਵਰੀ ਨੂੰ ਸ਼ੁਰੂ ਹੋਵੇਗਾ ਤੇ 28 ਫਰਵਰੀ ਤੱਕ ਚੱਲੇਗਾ। ਗੁਆਂਢੀ ਸੂਬੇ ਹਰਿਆਣਾ ਦਾ ਬਜਟ ਸੈਸ਼ਨ 17 ਫਰਵਰੀ ਨੂੰ ਸ਼ੁਰੂ ਹੋਵੇਗਾ। ਦੋਵਾਂ ਸੂਬਿਆਂ ਦੀਆਂ ਅੱਜ ਵਜ਼ਾਰਤਾਂ ਦੀਆਂ ਮੀਟਿੰਗਾਂ ਹੋਈਆਂ। ਪੰਜਾਬ ਵਜ਼ਾਰਤ ਦੀ ਮੀਟਿੰਗ ਚੰਡੀਗੜ੍ਹ ਵਿਚ ਅਤੇ ਹਰਿਆਣਾ ਵਜ਼ਾਰਤ ਦੀ ਮੀਟਿੰਗ ਦਿੱਲੀ ਵਿਚ ਹੋਈ।
ਇਸ ਮੌਕੇ ਬਜਟ ਸੈਸ਼ਨ ਸੱਦਣ ਦੇ ਫ਼ੈਸਲਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਪੰਜਾਬ ਵਜ਼ਾਰਤ ਨੇ ਸੂਬੇ ਵਿਚ ਆਨਲਾਈਨ ਲਾਟਰੀਆਂ ’ਤੇ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਹੈ। ਵਜ਼ਾਰਤ ਮੁਤਾਬਕ ਇਸ ਨਾਲ ਨਾ ਸਿਰਫ਼ ਸੂਬੇ ਵਿੱਚ ਅਣਅਧਿਕਾਰਤ ਲਾਟਰੀਆਂ ਦੇ ਵਪਾਰ ਨੂੰ ਠੱਲ੍ਹ ਪਵੇਗੀ ਸਗੋਂ
ਸਰਕਾਰ ਦੇ ਟੈਕਸ ਅਤੇ ਗੈਰ-ਟੈਕਸ ਮਾਲੀਏ ਵਿੱਚ ਵੀ ਵਾਧਾ ਹੋਵੇਗਾ। ਇਸ ਦੇ ਨਾਲ ਹੀ ਵਜ਼ਾਰਤ ਨੇ ਵੈਂਡਿੰਗ ਮਸ਼ੀਨਾਂ, ਟਰਮੀਨਲਾਂ ਅਤੇ ਇਲੈਕਟ੍ਰੌਨਿਕ ਮਸ਼ੀਨਾਂ ਰਾਹੀਂ ਚਲਾਈਆਂ ਜਾ ਰਹੀਆਂ ਕੰਪਿਊਟ੍ਰਾਈਜ਼ਡ ਅਤੇ ਆਨਲਾਈਨ ਲਾਟਰੀਆਂ ਵੇਚਣ ਦੇ ਨਾਲ-ਨਾਲ ਭਾਰਤੀ ਖੇਤਰ ਜਾਂ ਵਿਦੇਸ਼ੀ ਮੁਲਕ ਵੱਲੋਂ ਇੰਟਰਨੈੱਟ ਰਾਹੀਂ ਆਨਲਾਈਨ ਸਕੀਮ ਦੀਆਂ ਟਿਕਟਾਂ ਦੀ ਵਿਕਰੀ ਜਾਂ ਉਤਸ਼ਾਹਿਤ ਕਰਨ ’ਤੇ ਰੋਕ ਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਡਾਇਰੈਕਟੋਰੇਟ ਆਫ ਲਾਟਰੀਜ਼ ਨੂੰ ਪੁਲੀਸ ਅਥਾਰਿਟੀ ਨਾਲ ਤਾਲਮੇਲ ਕਰਨ ਲਈ ਆਖਿਆ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਬਜਟ ਸੈਸ਼ਨ 20 ਫਰਵਰੀ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਇਸ ਦੌਰਾਨ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਇਸ ਤੋਂ ਬਾਅਦ ਦੁਪਹਿਰ 12 ਵਜੇ ਪੰਜਾਬੀ ਭਾਸ਼ਾ ਨਾਲ ਸਬੰਧਤ ਬਿੱਲ ਪੇਸ਼ ਕੀਤਾ ਜਾਵੇਗਾ। 24 ਫਰਵਰੀ ਨੂੰ ਸਵੇਰੇ 11 ਵਜੇ ਰਾਜਪਾਲ ਦੇ ਭਾਸ਼ਣ ’ਤੇ ਧੰਨਵਾਦ ਅਤੇ ਬਹਿਸ ਦਾ ਮਤਾ ਪੇਸ਼ ਕੀਤਾ ਜਾਵੇਗਾ। ਬਾਅਦ ਦੁਪਹਿਰ ਦੋ ਵਜੇ ਭਾਸ਼ਣ ’ਤੇ ਬਹਿਸ ਮੁੜ ਸ਼ੁਰੂ ਹੋਵੇਗੀ ਜੋ ਸਮਾਪਤ ਹੋਣ ਤੱਕ ਜਾਰੀ ਰਹੇਗੀ। ਸਾਲ 2018-19 ਲਈ ਕੰਪਟ੍ਰੋਲਰ ਅਤੇ ਆਡੀਟਰ ਜਨਰਲ ਦੀਆਂ ਰਿਪੋਰਟਾਂ (ਸਿਵਲ, ਵਪਾਰਕ) ਅਤੇ ਸਾਲ 2018-19 ਲਈ ਪੰਜਾਬ ਸਰਕਾਰ ਦੇ ਵਿੱਤੀ ਲੇਖੇ ਅਤੇ ਸਾਲ 2018-19 ਲਈ ਨਮਿੱਤਣ ਲੇਖੇ 25 ਫਰਵਰੀ ਨੂੰ ਸਵੇਰੇ 10 ਵਜੇ ਸਦਨ ਵਿੱਚ ਰੱਖੇ ਜਾਣਗੇ। ਵਜ਼ਾਰਤ ਨੇ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਦੇ ਇੰਜਨੀਅਰਿੰਗ ਵਿੰਗ ਦੇ ਪੁਨਰਗਠਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਵਿਭਾਗ ਦੀ ਪੁਨਰਗਠਨ ਯੋਜਨਾ ਤਹਿਤ ਸਿੱਧੀ ਭਰਤੀ ਦੀਆਂ ਖਾਲੀ ਪਈਆਂ ਅਸਾਮੀਆਂ ਅਤੇ ਮੁੜ ਬਣਤਰ ਦੇ ਨਤੀਜੇ ਵਜੋਂ ਖਾਲੀ ਹੋਣ ਵਾਲੀਆਂ ਆਸਾਮੀਆਂ ਨੂੰ ਭਰਨ ਦੀ ਪ੍ਰਵਾਨਗੀ ਵੀ ਦਿੱਤੀ ਗਈ ਹੈ।
ਸਾਬਕਾ ਫ਼ੌਜੀਆਂ ਤੇ ਬਹਾਦਰੀ ਐਵਾਰਡ ਜੇਤੂਆਂ ਨੂੰ ਪੀੜ੍ਹੀ ਦਰ ਪੀੜ੍ਹੀ ਰਾਖਵਾਂਕਰਨ ਦੇਣ ਦਾ ਫ਼ੈਸਲਾ: ਪੰਜਾਬ ਵਜ਼ਾਰਤ ਨੇ ਸਾਬਕਾ ਫ਼ੌਜੀਆਂ, ਸਾਬਕਾ ਫ਼ੌਜੀਆਂ ਦੇ ਵਾਰਿਸਾਂ, ਬਹਾਦਰੀ ਪੁਰਸਕਾਰ ਜੇਤੂਆਂ ਦੇ ਪੋਤੇ-ਪੋਤੀਆਂ ਨੂੰ ਰਾਖ਼ਵਾਂਕਰਨ ਦੇਣ ਲਈ ਪੀੜ੍ਹੀ ਦਰ ਪੀੜ੍ਹੀ ਤਰਜੀਹ (ਲੀਨੀਅਲ ਹਾਇਰਾਰਕੀ) ਦੇ ਪ੍ਰਚਲਿਤ ਸਿਧਾਂਤ ਨੂੰ ਨਿਸ਼ਚਿਤ ਕਰਨ ਦਾ ਫ਼ੈਸਲਾ ਕੀਤਾ ਹੈ। ਰੱਖਿਆ ਸੇਵਾਵਾਂ ਭਲਾਈ ਵਿਭਾਗ ਵੱਲੋਂ ਪੇਸ਼ ਕੀਤੀ ਤਜਵੀਜ਼ ਨਾਲ ਸਹਿਮਤੀ ਪ੍ਰਗਟਾਉਂਦਿਆਂ ਵਜ਼ਾਰਤ ਨੇ ਪੰਜਾਬ ਰਿਕਰੂਟਮੈਂਟ ਆਫ਼ ਐਕਸ-ਸਰਵਿਸਮੈਨ ਰੂਲਜ਼-1982 ’ਚ ਸੋਧ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸੋਧ ਮੁਤਾਬਕ ਰਾਖ਼ਵੀਂ ਅਸਾਮੀ ਵਿਰੁੱਧ ਭਰਤੀ ਲਈ ਜੇਕਰ ਕੋਈ ਸਾਬਕਾ ਫ਼ੌਜੀ ਨਾ ਹੋਵੇ ਅਤੇ ਉਸ ਦੀ ਪਤਨੀ ਜਾਂ ਆਸ਼ਰਿਤ ਬੱਚਾ ਮੌਜੂਦ ਨਾ ਹੋਵੇ ਤਾਂ ਅਜਿਹੀ ਅਸਾਮੀ ਨੂੰ ਬਹਾਦਰੀ ਪੁਰਸਕਾਰ ਜੇਤੂ ਦੇ ਪੋਤੇ/ਪੋਤੀ ਦੀ ਭਰਤੀ ਰਾਹੀਂ ਭਰਿਆ ਜਾਵੇਗਾ ਬਸ਼ਰਤੇ ਕਿ ਪੁਰਸਕਾਰ ਜੇਤੂ ਨੇ ਖ਼ੁਦ ਜਾਂ ਉਨ੍ਹਾਂ ਦੇ ਬੱਚਿਆਂ ਜਾਂ ਆਸ਼ਰਿਤਾਂ ਵਿੱਚੋਂ ਕਿਸੇ ਨੇ ਵੀ ਰਾਖ਼ਵੇਂਕਰਨ ਦਾ ਲਾਭ ਨਾ ਲਿਆ ਹੋਵੇ। ਵਜ਼ਾਰਤ ਨੇ ਭਾਰਤੀ ਫੌਜ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਮੇਜਰ ਰਵੀਇੰਦਰ ਸਿੰਘ ਸੰਧੂ ਜਿਨ੍ਹਾਂ ਦੀ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨ ਦੌਰਾਨ ਸੂਡਾਨ ਵਿੱਚ ਡਿਊਟੀ ਦੌਰਾਨ ਮੌਤ ਹੋ ਗਈ ਸੀ, ਦੇ ਅਗਲੇ ਵਾਰਿਸ ਨੂੰ ਨੌਕਰੀ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ। ਵਜ਼ਾਰਤ ਨੇ ‘ਮਾਣ ਤੇ ਸ਼ੁਕਰਾਨੇ ਦੀ ਨੌਕਰੀ’ ਦੀ ਨੀਤੀ ਤਹਿਤ ਆਉਂਦੇ ਲਾਭਾਂ ਦੇ ਬਰਾਬਰ ਲਾਭ ਦੇਣ ਦਾ ਫ਼ੈਸਲਾ ਕੀਤਾ ਹੈ।

Previous articlePayal Ghosh exudes elegance in classy gown
Next articleਆਰਥਿਕ ਸਰਵੇਖਣ: ਵਿਕਾਸ ਦਰ 6 ਤੋਂ 6.5 ਫੀਸਦ ਰਹਿਣ ਦੀ ਪੇਸ਼ੀਨਗੋਈ