ਪੰਜਾਬ ਵਿਧਾਨ ਸਭਾ ’ਚ ਗੂੰਜਿਆ ਅਨੁਸੂਚਿਤ ਜਾਤੀਆਂ ਨਾਲ ਬੇਇਨਸਾਫ਼ੀ ਦਾ ਮੁੱਦਾ

ਸਦਨ ’ਚ ਅੰਬੇਡਕਰ ਦਾ ਬੁੱਤ ਸਥਾਪਤ ਕਰਨ ਦੀ ਮੰਗ ਉੱਠੀ

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਅੱਜ ਅਨੁਸੂਚਿਤ ਜਾਤੀਆਂ ਨਾਲ ਬੇਇਨਸਾਫ਼ੀਆਂ ਅਤੇ ਮਹਾਰਾਸ਼ਟਰ ਦੇ ਸਿਆਸੀ ਹਾਲਾਤ ਦਾ ਮੁੱਦਾ ਛਾਇਆ ਰਿਹਾ। ਇਸ ਦੇ ਨਾਲ ਹੀ ਜੰਮੂ ਕਸ਼ਮੀਰ, ਐਮਰਜੈਂਸੀ, 1984 ਤੇ ਗੁਜਰਾਤ ਦੰਗਿਆਂ ਤੋਂ ਇਲਾਵਾ ਰਾਜਾਂ ਦੇ ਅਧਿਕਾਰਾਂ ਨੂੰ ਵੱਡੇ ਪੱਧਰ ’ਤੇ ਲੱਗੇ ਖੋਰੇ, ਸਦਨ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਬੁੱਤ ਸਥਾਪਤ ਕਰਨ, ਸੰਵਿਧਾਨ ਦੀ 85ਵੀਂ ਸੋਧ ਲਾਗੂ ਕਰਨ ਅਤੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੰਗਾਲੀਵਾਲਾ ’ਚ ਦਲਿਤ ਵਿਅਕਤੀ ਜਗਮੇਲ ਸਿੰਘ ਦੇ ਬੇਰਹਿਮੀ ਨਾਲ ਹੋਏ ਕਤਲ ਦੇ ਮੁੱਦੇ ਛਾਏ ਰਹੇ।
ਅੱਜ ‘ਸੰਵਿਧਾਨ ਦਿਵਸ’ ’ਤੇ ਹੋਈ ਚਰਚਾ ਨੂੰ ਸਮੇਟਦਿਆਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸਾਰੇ ਬੁਲਾਰਿਆਂ ਵਿੱਚੋਂ ਕਿਸੇ ਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਨਹੀਂ ਕੀਤਾ, ਜਿਨ੍ਹਾਂ ਕਰ ਕੇ ਦੇਸ਼ ਆਜ਼ਾਦ ਹੋਇਆ। ਉਨ੍ਹਾਂ ਕਿਹਾ ਕਿ ਅੱਜ ਦੇਸ਼ ’ਚ ਜੋ ਹਾਲਾਤ ਬਣੇ ਹਨ ਉਸ ਤੋਂ ਘੱਟ ਗਿਣਤੀਆਂ ਦੇ ਮਨਾਂ ਵਿੱਚ ਡਰ ਪੈਦਾ ਹੋ ਰਿਹਾ ਹੈ। ਕੀ ਇਸ ਸਥਿਤੀ ਵਿੱਚ ਦੇਸ਼ ਦਾ ਸੰਵਿਧਾਨ ਲਾਗੂ ਰਹਿ ਸਕੇਗਾ? ਉਨ੍ਹਾਂ ਕਿਹਾ ਕਿ 1984 ਦੇ ਦੰਗੇ ਬਹੁਤ ਮਾੜੇ ਸਨ ਪਰ ਅਸੀਂ ਗੁਜਰਾਤ ਦੇ ਦੰਗੇ ਕਿਉਂ ਭੁੱਲ ਜਾਂਦੇ ਹਾਂ। ਕੁਰਸੀ ਖਾਤਰ ਧਰਮ ਦਾ ਸਹਾਰਾ ਲੈਣਾ ਗਲਤ ਹੈ, ਇਸ ਵਾਸਤੇ ਸੰਵਿਧਾਨ ਨੂੰ ਮਜ਼ਾਕ ਬਣਾਇਆ ਜਾ ਰਿਹਾ ਹੈ। ਸ੍ਰੀ ਬਾਜਵਾ ਨੇ ਕਿਹਾ ਕਿ ਐਮਰਜੈਂਸੀ ਦੀ ਗੱਲ ਕਰਨ ਵਾਲੇ ਜੰਮੂ ਕਸ਼ਮੀਰ ਵਿੱਚ ਲੱਗੀ ਐਮਰਜੈਂਸੀ ਦੀ ਗੱਲ ਕਿਉਂ ਭੁੱਲ ਜਾਂਦੇ ਹਨ। ਉੱਥੇ ਅਜੇ ਵੀ ਲੋਕਾਂ ਦੇ ਨੁਮਾਇੰਦਿਆਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਹਰੇਕ ਕਤਲ ’ਤੇ ਰਾਜਨੀਤੀ ਕਰ ਰਹੀ ਹੈ ਤੇ ਉਹ ਉਨ੍ਹਾਂ ਦੀ ਸਰਕਾਰ ਸਮੇਂ ਫਾਜ਼ਿਲਕਾ ਵਿੱਚ ਹੋਏ ਭੀਮ ਟਾਂਕ ਦੇ ਕਤਲ ਨੂੰ ਕਿਉਂ ਭੁੱਲ ਜਾਂਦੀ ਹੈ। ਕੇਂਦਰ ਸਰਕਾਰ ਨੂੰ ਲੰਬੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਸੀਬੀਆਈ, ਚੋਣ ਕਮਿਸ਼ਨ ਵਰਗੀਆਂ ਸੰਵਿਧਾਨਕ ਸੰਸਥਾਵਾਂ ਦੀ ਹੋਂਦ ਹੀ ਖ਼ਤਮ ਹੋ ਗਈ ਹੈ। ਉਨ੍ਹਾਂ ਸਦਨ ਨੂੰ ਭਰੋਸਾ ਦਿਵਾਇਆ ਕਿ ਸੰਵਿਧਾਨ ਦੀ 85ਵੀਂ ਸੋਧ ’ਤੇ ਵਿਚਾਰ ਕਰ ਕੇ ਇਹ ਲਾਗੂ ਕੀਤੀ ਜਾਵੇਗੀ।
ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਡਾ. ਭੀਮ ਰਾਓ ਅੰਬੇਡਕਰ ਬਾਰੇ ਚਰਚਾ ਕਰਦਿਆਂ ਕਿਹਾ ਕਿ ਉਹ ਸਿੱਖ ਧਰਮ ਧਾਰਨ ਕਰਨਾ ਚਾਹੁੰਦੇ ਸਨ ਪਰ ਅਕਾਲੀਆਂ ਨੇ ਉਨ੍ਹਾਂ ਨੂੰ ਸਿੱਖ ਨਹੀਂ ਬਣਨ ਦਿੱਤਾ। ਇਸ ਦਾ ਅਕਾਲੀ ਵਿਧਾਇਕਾਂ ਨੇ ਵਿਰੋਧ ਕੀਤਾ ਤਾਂ ਸ੍ਰੀ ਚੰਨੀ ਨੇ ਕਿਹਾ ਕਿ ਉਹ ਆਪਣੇ ਤਰਕ ਦੇ ਹੱਕ ਵਿੱਚ ਪੁਸਤਕਾਂ ਪੇਸ਼ ਕਰ ਦੇਣਗੇ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਰੀ ਜ਼ਿੰਦਗੀ ਸੂਬਿਆਂ ਲਈ ਵੱਧ ਅਧਿਕਾਰ ਮੰਗਦੇ ਰਹੇ ਪਰ ਸ਼੍ਰੋਮਣੀ ਅਕਾਲੀ ਦਲ ਨੇ ਖ਼ੁਦ ਕੇਂਦਰੀ ਵਜ਼ਾਰਤ ਵਿੱਚ ਇਕ ਕੁਰਸੀ ਖਾਤਰ ਆਪਣੀ ਵਿਚਾਰਧਾਰਾ ਨੂੰ ਪੁੱਠਾ ਗੇੜਾ ਦੇ ਦਿੱਤਾ ਅਤੇ ਜੰਮੂ ਕਸ਼ਮੀਰ ’ਚ ਧਾਰਾ 370 ਹਟਾਉਣ ਅਤੇ ਸੂਬੇ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਦੇ ਮੁੱਦੇ ’ਤੇ ਸੁਖਬੀਰ ਬਾਦਲ ਨੇ ਤਾੜੀਆਂ ਵਜਾਈਆਂ।
ਇਸੇ ਦੌਰਾਨ ਸਦਨ ਵਿੱਚ ਪਹੁੰਚੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਸ਼ਬਦੀ ਹਮਲਾ ਬੋਲ ਦਿੱਤਾ। ਉਨ੍ਹਾਂ ਕਿਹਾ ਕਿ ਬਾਦਲ ਨੂੰ ਉਨ੍ਹਾਂ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ‘ਆਪ’ ਤੋਂ ਬਾਗੀ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਸੂਬਿਆਂ ਦੇ ਅਧਿਕਾਰਾਂ ਨੂੰ ਲਗਾਤਾਰ ਖੋਰਾ ਲੱਗ ਰਿਹਾ ਹੈ ਅਤੇ ਜੀਐੱਸਟੀ ਲਾਗੂ ਹੋਣ ਨਾਲ ਟੈਕਸ ਲਾਉਣ ਦੇ ਹੱਕ ਕੇਂਦਰ ਕੋਲ ਚਲੇ ਗਏ ਹਨ ਅਤੇ ਸੂਬੇ ਭਿਖਾਰੀ ਬਣ ਗਏ ਹਨ।
ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਹਰਪਾਲ ਚੀਮਾ, ਪ੍ਰਿੰਸੀਪਲ ਬੁੱਧ ਰਾਮ, ਸਰਬਜੀਤ ਕੌਰ ਮਾਣੂਕੇ, ਅਕਾਲੀ ਦਲ ਦੇ ਡਾ. ਸੁਖਵਿੰਦਰ ਸਿੰਘ ਸੁੱਖੀ, ਕਾਂਗਰਸ ਦੇ ਡਾ. ਰਾਜ ਕੁਮਾਰ ਵੇਰਕਾ ਤੇ ਸੁਸ਼ੀਲ ਰਿੰਕੂ ਆਦਿ ਨੇ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਨੂੰ ਯਾਦ ਕੀਤਾ। ਉਨ੍ਹਾਂ ਡਾ. ਅੰਬੇਡਕਰ ਦਾ ਬੁੱਤ ਸਦਨ ਵਿੱਚ ਲਾਉਣ ਦੀ ਮੰਗ ਕਰਦਿਆਂ ਦਲਿਤਾਂ ਦੇ ਹੱਕਾਂ ’ਚ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸੰਵਿਧਾਨ ਦੀ 85ਵੀਂ ਸੋਧ ਲਾਗੂ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇ ਕੇ ਮਰਹੂਮ ਜਗਮੇਲ ਸਿੰਘ ਨੂੰ ਫੌਰੀ ਇਨਸਾਫ਼ ਦਿੱਤਾ ਜਾਵੇ। ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਬੈਂਸ ਨੇ ਪਾਣੀਆਂ ’ਤੇ ਰਾਇਲਟੀ ਦਾ ਮੁੱਦਾ ਉਠਾਇਆ। ਸ੍ਰੀ ਮਜੀਠੀਆ ਨੇ ਵਿਧਾਇਕਾਂ ਦੇ ਹੱਕਾਂ ’ਤੇ ਛਾਪੇ ਪੈਣ, ਫੋਨ ਟੈਪਿੰਗ, ਮਹਾਰਾਸ਼ਟਰ, ਜੰਮੂ ਕਸ਼ਮੀਰ ਤੇ 1984 ਸਣੇ ਕੁਝ ਹੋਰ ਮਾਮਲੇ ਉਠਾਉਂਦਿਆਂ ਹਾਕਮ ਧਿਰ ’ਤੇ ਹਮਲੇ ਕੀਤੇ। ਸੰਸਦੀ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਸੰਵਿਧਾਨ ਦਿਵਸ ਸਬੰਧੀ ਇਕ ਮਤਾ ਪੇਸ਼ ਕੀਤਾ ਗਿਆ ਜਿਸ ਨੂੰ ਸਦਨ ਨੇ ਵਿਚਾਰ-ਚਰਚਾ ਮਗਰੋਂ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਇਸ ਮਤੇ ਤਹਿਤ 14 ਅਪਰੈਲ ਅੰਬੇਡਕਰ ਜੈਅੰਤੀ ਤੱਕ ਸਮਾਗਮ ਕਰਵਾਉਣ ਦਾ ਫ਼ੈਸਲਾ ਵੀ ਲਿਆ ਗਿਆ।
ਸਦਨ ਦੇ ਕਈ ਮੈਂਬਰਾਂ ਨੇ ਮਹਾਰਾਸ਼ਟਰ ਦੇ ਸਿਆਸੀ ਹਾਲਾਤ ਦਾ ਜ਼ਿਕਰ ਕਰਦਿਆਂ ਕੇਂਦਰ ਸਰਕਾਰ ’ਤੇ ਸੰਵਿਧਾਨ ਦੀਆਂ ਧੱਜੀਆਂ ਉਡਾਉਣ ਦੇ ਦੋਸ਼ ਲਗਾਏ। ਕਾਂਗਰਸ ਦੇ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਨੇ ਸੰਵਿਧਾਨ ਨੂੰ ਬਚਾਅ ਲਿਆ ਹੈ। ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਕਈ ਵਾਰ ਮੈਂਬਰਾਂ ਨੂੰ ਕਹਿਣਾ ਪਿਆ ਕਿ ਉਹ ਸੰਵਿਧਾਨ ਦਿਵਸ ਤੱਕ ਹੀ ਸੀਮਤ ਰਹਿਣ। ਸਪੀਕਰ ਵੱਲੋਂ ਅਕਾਲੀ ਆਗੂ ਸ੍ਰੀ ਮਜੀਠੀਆ ਨੂੰ ਵੱਧ ਸਮਾਂ ਦੇਣ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਸਮੇਤ ਕੁਝ ਵਿਧਾਇਕ ਤੈਸ਼ ਵਿੱਚ ਆ ਗਏ। ਇਕ ਵਾਰ ਤਾਂ ਇਹ ਲੱਗਿਆ ਕਿ ਉਹ ਸਦਨ ’ਚੋਂ ਹੀ ਵਾਕ ਆਊਟ ਕਰ ਜਾਣਗੇ ਪਰ ਸਥਿਤੀ ਨੂੰ ਭਾਂਪਦਿਆਂ ਸਪੀਕਰ ਨੇ ਮਜੀਠੀਆ ਨੂੰ ਹੋਰ ਸਮਾਂ ਨਹੀਂ ਦਿੱਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਦਨ ਵਿੱਚ ਨਹੀਂ ਆਏ।

Previous articleOpposition for steps against all tobacco items, alcohol
Next articleਪੰਜਾਬ ਅਤੇ ਹਰਿਆਣਾ ਵਿੱਚ ਮੀਂਹ ਨਾਲ ਡਿੱਗਿਆ ਪਾਰਾ