ਪੰਜਾਬ ਵਿਚ ਹਾਦਸਿਆਂ ਕਾਰਨ 9 ਮੌਤਾਂ

ਸਿਰਸਾ- ਡੇਰਾ ਸੱਚਾ ਸੌਦਾ ਸਿਰਸਾ ’ਚ ਨਾਮ ਚਰਚਾ ਲਈ ਜਾ ਰਹੇ ਸ਼ਰਧਾਲੂਆਂ ਦੇ ਵਾਹਨ ਦੀ ਐੱਚਪੀ ਕੰਪਨੀ ਦੇ ਗੈਸ ਟੈਂਕਰ ਨਾਲ ਟੱਕਰ ਹੋਣ ਕਰਕੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਇਲਾਕੇ ਦੇ ਸਨ। ਸਰਦੂਲਗੜ੍ਹ ਤੋਂ ਅਗੇ ਹਰਿਆਣਾ ਦੇ ਪਿੰਡ ਪਿਨਹਾਰੀ ਕੋਲ ਇਹ ਹਾਦਸਾ ਵਾਪਰਿਆ। ਟੱਕਰ ਏਨੀ ਜ਼ਬਰਦਸਤ ਸੀ ਕਿ ਗੱਡੀ ਟਵੇਰਾ ’ਚ ਸਵਾਰ 10 ’ਚੋਂ ਪੰਜ ਡੇਰਾ ਪ੍ਰੇਮੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਪੰਜ ਹੋਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਹਰਵਿੰਦਰ ਸਿੰਘ (65), ਡਰਾਈਵਰ ਬੱਬੀ ਸਿੰਘ (38) ਧਰਮਗੜ੍ਹ (ਸੰਗਰੂਰ), ਮੁਕੇਸ਼ ਕੁਮਾਰ (40) ਐੱਸਡੀਐੱਮ. ਦਫ਼ਤਰ ਬੁਢਲਾਡਾ, ਬੰਤ ਸਿੰਘ (52) ਅਤੇ ਗੁਰਚਰਨ ਸਿੰਘ (68) ਬੱਛੋਆਣਾ ਵਜੋਂ ਹੋਈ ਹੈ। ਜ਼ਖ਼ਮੀਆਂ ’ਚੋਂ ਸ਼ੰਮੀ ਬਾਂਸਲ, ਸੰਜੀਵ ਕੁਮਾਰ ਬੁਢਲਾਡਾ ਅਤੇ ਜੀਵਨ ਭਾਦੜਾ ਨੂੰ ਪੀਜੀਆਈ ਰੋਹਤਕ ਲਈ ਰੈਫ਼ਰ ਕੀਤਾ ਗਿਆ ਹੈ। ਦੂਜੇ ਦੋ ਜ਼ਖ਼ਮੀਆਂ ਸੁਰਜੀਤ ਸਿੰਘ ਅਤੇ ਤਰਸੇਮ ਬੱਛੋਆਣਾ ਦੀ ਹਾਲਤ ਖ਼ਤਰੇ ਤੋਂ ਬਾਹਰ ਹੋਣ ਕਰਕੇ ਸਿਵਲ ਹਸਪਤਾਲ ਸਿਰਸਾ ’ਚ ਹੀ ਜ਼ੇਰੇ ਇਲਾਜ ਹਨ। ਹਾਦਸੇ ਦਾ ਕਾਰਨ ਸੰਘਣੀ ਧੁੰਦ ਪੈਣਾ ਦੱਸਿਆ ਜਾ ਰਿਹਾ ਹੈ। ਹਾਦਸੇ ਮਗਰੋਂ ਗੈਸ ਟੈਂਕਰ ਡਰਾਈਵਰ ਮੌਕੇ ’ਤੋਂ ਫਰਾਰ ਹੋ ਗਿਆ। ਸੂਚਨਾ ਮਿਲਣ ’ਤੇ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਰਾਹਗੀਰਾਂ ਦੀ ਸਹਾਇਤਾ ਨਾਲ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਜਦੋਂ ਡੇਰਾ ਪ੍ਰੇਮੀਆਂ ਦੀ ਗੱਡੀ ਪੰਜਾਬ ਦੀ ਹੱਦ ਪਾਰ ਕਰਕੇ ਸਿਰਸਾ ਜ਼ਿਲ੍ਹੇ ਦੇ ਪਿੰਡ ਪਨਿਹਾਰੀ ਨੇੜੇ ਪੁੱਜੀ ਤਾਂ ਸਾਹਮਣੇ ਤੋਂ ਆਉਂਦੇ ਗੈਸ ਟੈਂਕਰ ਨਾਲ ਉਸ ਦੀ ਸਿੱਧੀ ਟੱਕਰ ਹੋ ਗਈ। ਜ਼ਿਆਦਾ ਸੱਟਾਂ ਲੱਗਣ ਕਾਰਨ ਪੰਜ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਦਰ ਥਾਣਾ ਇੰਚਾਰਜ ਰਾਜਾ ਰਾਮ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਦੇਹਾਂ ਪੋਸਟਮਾਰਟਮ ਲਈ ਨਾਗਰਿਕ ਹਸਪਤਾਲ ਪਹੁੰਚਾਈਆਂ ਗਈਆਂ ਹਨ। ਗੈਸ ਟੈਂਕਰ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

Previous articleਮਹਿਲਾ ਟੀ-20 ਵਿਸ਼ਵ ਕੱਪ: ਭਾਰਤ ਦਾ ਖ਼ਿਤਾਬੀ ਸੁਫ਼ਨਾ ਟੁੱਟਿਆ
Next articleਯੈੱਸ ਬੈਂਕ ਦਾ ਬਾਨੀ ਗ੍ਰਿਫ਼ਤਾਰ