ਪੰਜਾਬ ਵਿਚ ਮੀਂਹ ਨਾਲ ਪਾਰਾ ਡਿੱਗਿਆ

ਪੰਜਾਬ ਦੇ ਵੱਡੇ ਹਿੱਸੇ ਵਿਚ ਲੰਘੀ ਰਾਤ ਤੋਂ ਹੋ ਰਹੀ ਹਲਕੀ ਤੋਂ ਦਰਮਿਆਨ ਬਾਰਿਸ਼ ਕਾਰਨ ਤਾਪਮਾਨ ਵਿਚ ਭਾਰੀ ਗਿਰਾਵਟ ਆਈ ਹੈ। ਪੰਜਾਬ ਵਿਚ ਸਰਦੀ ਦਾ ਆਗਾਜ਼ ਭਾਵੇਂ ਜਲਦੀ ਹੋ ਗਿਆ ਸੀ ਪਰ ਤਾਪਤਾਨ 20 ਡਿਗਰੀ ਤੋਂ ਉੱਪਰ ਹੀ ਚੱਲ ਰਿਹਾ ਸੀ। ਲੰਘੀ ਰਾਤ ਤੋਂ ਹੋ ਰਹੀ ਕਿਣ-ਮਿਣ ਕਾਰਨ ਹੁਣ ਜ਼ਿਆਦਾਤਰ ਖੇਤਰਾਂ ਵਿਚ ਤਾਪਮਾਨ ਘਟ ਕੇ 14 ਡਿਗਰੀ ਦੇ ਕਰੀਬ ਆ ਗਿਆ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ 11 ਅਤੇ 12 ਦਸੰਬਰ ਦੀ ਦਰਮਿਆਨੀ ਰਾਤ ਨੂੰ ਸ਼ੁਰੂ ਹੋਏ ਮੀਂਹ ਨੇ ਅੱਜ ਸ਼ਾਮ ਤੱਕ ਸਾਰੇ ਪੰਜਾਬ ਨੂੰ ਆਪਣੀ ਲਪੇਟ ’ਚ ਲੈ ਲਿਆ ਤੇ ਭਲਕੇ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਅੱਜ ਠੰਢੀਆਂ ਤੇ ਤੇਜ਼ ਹਵਾਵਾਂ ਵੀ ਚੱਲਦੀਆਂ ਰਹੀਆਂ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗੇਤੀ ਬੀਜੀ ਕਣਕ ਲਈ ਤਾਂ ਇਹ ਮੀਂਹ ਕਾਫ਼ੀ ਲਾਹੇਵੰਦ ਹੈ ਪਰ ਕੁਝ ਕੁ ਦਿਨ ਪਹਿਲਾਂ ਬੀਜੀ ਕਣਕ ਮੀਂਹ ਨਾਲ ਕਰੰਡ ਹੋਣ ਦੇ ਆਸਾਰ ਹਨ। ਉਂਜ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿਚ ਕਣਕ ਦੀ ਬਿਜਾਈ ਹੋ ਚੁੱਕੀ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਾਜ਼ਾ ਮੀਂਹ ਸਬਜ਼ੀਆਂ ਅਤੇ ਹਰੇ ਚਾਰੇ ਲਈ ਵੀ ਲਾਭਦਾਇਕ ਹੈ। ਖੇਤੀਬਾੜੀ ਵਿਭਾਗ ਮੁਤਾਬਕ ਬਠਿੰਡਾ, ਬਰਨਾਲਾ, ਮਾਨਸਾ, ਪਟਿਆਲਾ, ਸੰਗਰੂਰ, ਮੁਹਾਲੀ, ਫ਼ਰੀਦਕੋਟ, ਫਿਰੋਜ਼ਪੁਰ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਕਪੂਰਥਲਾ, ਗੁਰਦਾਸਪੁਰ, ਤਰਨ ਤਾਰਨ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਰੋਪੜ ਅਤੇ ਹੁਸ਼ਿਆਰਪੁਰ ਵਿਚ ਮੀਂਹ ਪੈਣ ਦੀਆਂ ਰਿਪੋਰਟਾਂ ਮਿਲੀਆਂ ਹਨ। ਮੌਸਮ ਵਿਭਾਗ ਨੇ ਦਸੰਬਰ ਮਹੀਨੇ ਦੇ ਤੀਜੇ ਤੇ ਆਖ਼ਰੀ ਹਫ਼ਤੇ ਵੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।

Previous articleਇੰਦਰ ਮਿਹਰਬਾਨ: ਮੀਂਹ ਨੇ ਹਾੜ੍ਹੀ ਦੀਆਂ ਫਸਲਾਂ ਦੀ ਖੁਸ਼ਕੀ ਕੱਢੀ
Next articleਓਲੰਪਿਕ ਤੋਂ ਪਹਿਲਾਂ ਫਿਟਨੈੱਸ ਹਾਸਲ ਕਰਨੀ ਜ਼ਰੂਰੀ: ਰਾਣੀ