ਪੰਜਾਬ ਲਈ ਮਾਲ ਗੱਡੀਆਂ ਦੀ ਨਵੀਂ ਬੁਕਿੰਗ ਬੰਦ

ਚੰਡੀਗੜ੍ਹ (ਸਮਾਜ ਵੀਕਲੀ) : ਕੇਂਦਰ ਸਰਕਾਰ ਵੱਲੋਂ ਪੰਜਾਬ ਲਈ ਮਾਲ ਗੱਡੀਆਂ ਦੀ ਨਵੀਂ ਬੁਕਿੰਗ ਬੰਦ ਕਰ ਦਿੱਤੀ ਗਈ ਹੈ। ਪੰਜਾਬ ਵਿੱਚ ਜਦੋਂ ਰੇਲ ਮਾਰਗਾਂ ਤੋਂ ਕਿਸਾਨਾਂ ਨੇ ਉੱਠਣ ਦਾ ਐਲਾਨ ਕੀਤਾ ਸੀ, ਉਦੋਂ ਬੁਕਿੰਗ ਦਾ ਕੰਮ ਜਾਰੀ ਸੀ। ਕੇਂਦਰੀ ਰੇਲਵੇ ਮੰਤਰਾਲੇ ਨੇ ਪੰਜਾਬ ਲਈ ਮਾਲ ਗੱਡੀਆਂ ਦੀ ਨਵੀਂ ਬੁਕਿੰਗ ਪੂਰੇ ਦੇਸ਼ ਵਿੱਚ ਬੰਦ ਕਰ ਦਿੱਤੀ ਹੈ। ਖਾਦ ਕੰਪਨੀਆਂ ਨੇ ਹੁਣ ਹਰਿਆਣਾ ਲਈ ਮਾਲ ਗੱਡੀਆਂ ਦੀ ਬੁਕਿੰਗ ਲੈਣੀ ਸ਼ੁਰੂ ਕੀਤੀ ਹੈ ਤਾਂ ਜੋ ਸੜਕੀ ਰਸਤੇ ਡੀਏਪੀ ਖਾਦ ਪੰਜਾਬ ਲਿਆਂਦੀ ਜਾ ਸਕੇ।

ਜਾਣਕਾਰੀ ਅਨੁਸਾਰ ਪੰਜਾਬ ਦੇ ਖਾਦ ਅਤੇ ਕੋਲੇ ਦੇ ਲੋਡਿੰਗ 200 ਰੈਕ ਦੂਸਰੇ ਸੂਬਿਆਂ ਵਿੱਚ ਖੜ੍ਹੇ ਹਨ ਜਿਨ੍ਹਾਂ ਦਾ ਕਿਰਾਇਆ ਵੀ ਰੇਲਵੇ ਲੈ ਚੁੱਕਾ ਹੈ। ਰੇਲਵੇ ਦੇ ਪ੍ਰਾਈਵੇਟ ਰਾਜਪੁਰਾ ਥਰਮਲ ਵਿੱਚ 11 ਖਾਲੀ ਰੈਕ ਫਸੇ ਹੋਏ ਹਨ ਕਿਉਂਕਿ ਥਰਮਲ ਦੇ ਬਾਹਰ ਰੇਲ ਮਾਰਗ ‘ਤੇ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ।  ਇੱਕ ਰੈਕ ਮੋਗਾ ਵਿੱਚ ਅਡਾਨੀ ਦੇ ਸਾਇਲੋ ਪਲਾਂਟ ਵਿੱਚ ਖੜ੍ਹਾ ਹੈ। ਰੇਲਵੇ ਨੇ ਪੰਜਾਬ ’ਚੋਂ ਬਾਕੀ ਸਾਰੇ ਰੈਕ ਬਾਹਰ ਕੱਢ ਲਏ ਹਨ।    ਪੰਜਾਬ ਵਿੱਚ ਇਸ ਵੇਲੇ ਦੋ ਦਰਜਨ ਰੇਲਵੇ ਸਟੇਸ਼ਨਾਂ ‘ਤੇ ਕਿਸਾਨ ਬੈਠੇ ਹਨ ਜੋ ਪਹਿਲਾਂ ਰੇਲ ਮਾਰਗਾਂ ‘ਤੇ ਬੈਠੇ ਸਨ। ਬੇਸ਼ੱਕ ਕਿਸਾਨਾਂ ਨੇ ਰੇਲ ਮਾਰਗ 5 ਨਵੰਬਰ ਤੱਕ ਖਾਲੀ ਕਰ ਦਿੱਤੇ ਹਨ ਪਰ ਕੇਂਦਰ ਸਰਕਾਰ ਨੇ ਪੰਜਾਬ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਸੀ।

ਰੇਲਵੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਲਈ ਮਾਲ ਗੱਡੀਆਂ ਦੀ ਨਵੀਂ ਬੁਕਿੰਗ ਵੀ ਬੰਦ ਕਰ ਦਿੱਤੀ ਗਈ ਹੈ ਕਿਉਂਕਿ ਪਹਿਲਾਂ ਹੀ ਲੋਡਿਡ ਮਾਲ ਗੱਡੀਆਂ ਰਸਤੇ ਵਿੱਚ ਖੜ੍ਹੀਆਂ ਹਨ। ਇੰਡੀਅਨ ਪੋਟਾਸ਼ ਲਿਮਿਟਡ ਦੇ ਖੇਤਰੀ ਮੈਨੇਜਰ ਰਵੀ ਅਗਰਵਾਲ ਨੇ ਦੱਸਿਆ ਕਿ ਉਹ ਹਰਿਆਣਾ ਲਈ ਮਾਲ ਗੱਡੀਆਂ ਦੀ ਬੁਕਿੰਗ ਕਰਵਾ ਰਹੇ ਹਨ ਕਿਉਂਕਿ ਪੰਜਾਬ ਲਈ ਮਾਲ ਗੱਡੀਆਂ ਦੀ ਬੁਕਿੰਗ ਮਿਲਣੀ ਬੰਦ ਹੋ ਗਈ ਹੈ। ਉਨ੍ਹਾਂ ਦੀ ਕੰਪਨੀ ਦੇ ਤਿੰਨ ਰੈਕ ਅੱਜ ਡੱਬਵਾਲੀ, ਯਮਨਾਨਗਰ ਅਤੇ ਕੈਥਲ ਪੁੱਜੇ ਹਨ ਜਿੱਥੋਂ ਖਾਦ ਸੜਕੀ ਰਸਤੇ ਪੰਜਾਬ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਹ ਹੁਣ ਤੱਕ 37 ਹਜ਼ਾਰ ਟਨ ਡੀਏਪੀ ਖਾਦ ਸੜਕੀ ਰਸਤੇ ਪੰਜਾਬ ਲਿਆ ਚੁੱਕੇ ਹਨ।

ਪੰਜ ਰੈਕ ਰਾਜਸਥਾਨ ਵਿੱਚ ਫਸੇ ਖੜ੍ਹੇ ਹਨ।   ‘ਚੰਬਲ ਫਰਟੀਲਾਈਜ਼ਰ’ ਵੱਲੋਂ ਵੀ ਹਰਿਆਣਾ ਲਈ ਮਾਲ ਗੱਡੀਆਂ ਦੀ ਬੁਕਿੰਗ ਲਈ ਜਾ ਰਹੀ ਹੈ ਜਿੱਥੋਂ ਇਹ ਕੰਪਨੀ ਕਰੀਬ 15 ਹਜ਼ਾਰ ਟਨ ਡੀਏਪੀ ਖਾਦ ਸੜਕੀ ਰਸਤੇ ਪੰਜਾਬ ਲਿਆ ਚੁੱਕੀ ਹੈ। ਪਤਾ ਲੱਗਾ ਹੈ ਕਿ ਬਾਰਦਾਨਾ ਵੀ ਜੋ ਪੰਜਾਬ ਆਉਣਾ ਸੀ, ਉਹ ਵੀ ਰਸਤੇ ਵਿੱਚ ਰੁਕ ਗਿਆ ਹੈ। ਆਉਂਦੇ ਦਿਨਾਂ ਵਿੱਚ ਬਾਰਦਾਨੇ ਦੀ ਮੁਸ਼ਕਲ ਵੀ ਆ ਸਕਦੀ ਹੈ। ਉਂਜ, ਸਰਕਾਰ ਵੱਲੋਂ 70 ਫ਼ੀਸਦੀ ਬਾਰਦਾਨਾ ਚੌਲ ਮਿੱਲਾਂ ਨੂੰ ਪੁਰਾਣਾ ਵਰਤਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਬਾਰਦਾਨੇ ਦੀ ਕੇਂਦਰ ਸਰਕਾਰ ਨੂੰ ਚੌਲਾਂ ਦੀ ਸਪਲਾਈ ਦੇਣ ਵੇਲੇ ਦਿੱਕਤ ਆ ਸਕਦੀ ਹੈ।

ਪੰਜਾਬ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਚੱਲ ਰਿਹਾ ਹੈ। ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਦਾ ਕਹਿਣਾ ਸੀ ਕਿ ਰੇਲ ਮਾਰਗ ਖਾਲੀ ਕੀਤੇ ਹੋਏ ਹਨ। ਜਿਸ ਰੇਲ ਮਾਰਗ ‘ਤੇ ਉਹ ਬੈਠੇ ਹਨ, ਉਹ ਸਪਲਾਈ ਵੇਲੇ ਖਾਲੀ ਕਰ ਦਿੱਤਾ ਜਾਵੇਗਾ। ਅੱਜ ਵੀ ਕਿਸਾਨਾਂ ਨੇ ਰਿਲਾਇੰਸ ਪੰਪਾਂ ਅਤੇ ਟੌਲ ਪਲਾਜ਼ਿਆਂ ਆਦਿ ‘ਤੇ ਆਪਣੇ ਧਰਨੇ ਜਾਰੀ ਰੱਖੇ।

Previous articleਪ੍ਰਿਯੰਕਾ ਨੇ ਮਾਇਆਵਤੀ ਨੂੰ ਘੇਰਿਆ
Next articleਏਦਾਂ ਤਾਂ ਕਾਲੇ ਦਿਨਾਂ ਵਿੱਚ ਵੀ ਨਹੀਂ ਹੋਇਆ: ਰੰਧਾਵਾ