ਪੰਜਾਬ ਭਰ ’ਚ ਬੇਮੌਸਮੇਂ ਮੀਂਹ ਤੇ ਗੜਿਆਂ ਨੇ ਫ਼ਸਲਾਂ ਵਿਛਾਈਆਂ

ਕਣਕ ਦੀ ਫ਼ਸਲ ਤੇ ਬਾਗਾਂ ਦਾ ਵੱਡੇ ਪੱਧਰ ’ਤੇ ਨੁਕਸਾਨ;
ਅੱਜ ਵੀ ਮੀਂਹ ਪੈਣ ਦੀ ਪੇਸ਼ੀਨਗੋਈ

ਚੰਡੀਗੜ੍ਹ- ਪੰਜਾਬ ਵਿੱਚ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਬੇਮੌਸਮੇਂ ਮੀਂਹ ਅਤੇ ਗੜਿਆਂ ਨੇ ਇੱਕ ਵਾਰ ਫਿਰ ਤੋਂ ਹਾੜ੍ਹੀ ਦੀ ਪ੍ਰਮੁੱਖ ਫ਼ਸਲ ਕਣਕ ਸਮੇਤ ਹੋਰਨਾਂ ਫ਼ਸਲਾਂ ਦਾ ਵੱਡੀ ਪੱਧਰ ’ਤੇ ਨੁਕਸਾਨ ਕੀਤਾ ਹੈ। ਅਬੋਹਰ ਅਤੇ ਫ਼ਾਜ਼ਿਲਕਾ ਖੇਤਰਾਂ ਵਿੱਚ ਗੜੇ ਪੈਣ ਕਾਰਨ ਬਾਗਬਾਨੀ ਦਾ ਵੀ ਭਾਰੀ ਨੁਕਸਾਨ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ।
ਖੇਤੀਬਾੜੀ ਵਿਭਾਗ ਤੋਂ ਪ੍ਰਾਪਤ ਰਿਪੋਰਟਾਂ ਮੁਤਾਬਕ ਬੁੱਧਵਾਰ ਸਵੇਰ ਤੋਂ ਹੀ ਸੂਬੇ ਦੇ ਵੱਡੇ ਹਿੱਸੇ ਵਿੱਚ ਮੀਂਹ ਸ਼ੁਰੂ ਹੋ ਗਿਆ ਸੀ ਤੇ ਸ਼ੁੱਕਰਵਾਰ ਨੂੰ ਵੀ ਮੀਂਹ ਪੈਂਦਾ ਰਿਹਾ। ਵੀਰਵਾਰ ਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਸੂਬੇ ਵਿੱਚ ਕਈ ਥਾਈਂ ਗੜੇ ਪਏ। ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਕਣਕ ਤੇ ਕਿੰਨੂਆਂ ਸਮੇਤ ਹੋਰਨਾਂ ਫ਼ਲਾਂ ਦੇ ਬਾਗਾਂ ਨੂੰ ਨੁਕਸਾਨ ਪਹੁੰਚਿਆ। ਰੋਪੜ ਅਤੇ ਨਵਾਂਸ਼ਹਿਰ ਵਿੱਚ ਵੀ ਗੜੇ ਪੈਣ ਨਾਲ ਕਣਕ ਦੀ ਫ਼ਸਲ ਨੂੰ ਨੁਕਸਾਨ ਪਹੁੰਚਿਆ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਤੇਜ਼ ਹਵਾਵਾਂ ਕਾਰਨ ਕਣਕ ਦੀ ਫ਼ਸਲ ਧਰਤੀ ’ਤੇ ਵਿਛ ਗਈ ਹੈ। ਮੀਂਹ ਅਤੇ ਗੜਿਆਂ ਕਾਰਨ ਤਾਪਮਾਨ ਵੀ ਹੇਠਾਂ ਆ ਗਿਆ। ਪੰਜਾਬ ਵਿੱਚ ਤਾਪਮਾਨ 25 ਡਿਗਰੀ ਨੇੜੇ ਪਹੁੰਚ ਗਿਆ ਸੀ ਤੇ ਭਲਕੇ ਸ਼ਨਿੱਚਰਵਾਰ ਨੂੰ ਪਾਰਾ 20 ਡਿਗਰੀ ਦੇ ਆਸ-ਪਾਸ ਰਹਿਣ ਦੇ ਆਸਾਰ ਹਨ। ਇਸ ਕਰਕੇ ਕਣਕ ਅਤੇ ਸਰ੍ਹੋਂ ਦੀ ਫ਼ਸਲ ਪੱਕਣ ਨੂੰ ਵੀ ਦੇਰੀ ਲੱਗੇਗੀ। ਮੌਸਮ ਵਿਭਾਗ ਦੇ ਖੇਤਰੀ ਅਧਿਕਾਰੀਆਂ ਦਾ ਦੱਸਣਾ ਹੈ ਕਿ ‘ਵੈਸਟਰਨ ਡਿਸਟਰਬੈਂਸ’ ਕਾਰਨ ਮਾਰਚ ਵਿਚ ਇੱਕ ਜਾਂ ਦੋ ਵਾਰ ਹੋਰ ਮੀਂਹ ਅਤੇ ਗੜੇ ਪੈ ਸਕਦੇ ਹਨ। ਪੰਜਾਬ ਭਰ ਤੋਂ ਮੀਂਹ ਸਬੰਧੀ ਹਾਸਲ ਰਿਪੋਰਟਾਂ ਮੁਤਾਬਕ ਰੋਪੜ ’ਚ 18 ਮਿਲੀਮੀਟਰ, ਆਨੰਦਪੁਰ ਸਾਹਿਬ ਵਿੱਚ 26 ਮਿਲੀਮੀਟਰ, ਬਲਾਚੌਰ ’ਚ 15.3, ਨਵਾਂਸ਼ਹਿਰ ’ਚ 12.2, ਗੁਰਦਾਸਪੁਰ ’ਚ 13.7, ਨਕੋਦਰ ’ਚ 25, ਜਲੰਧਰ ’ਚ 15, ਫਿਲੌਰ ’ਚ 10.8, ਲੁਧਿਆਣਾ ’ਚ 6.5, ਪਟਿਆਲਾ ’ਚ 10.6, ਫਾਜ਼ਿਲਕਾ ’ਚ 9.2, ਪਠਾਨਕੋਟ ’ਚ 21.10 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ।
ਮੌਸਮ ਵਿਭਾਗ ਦਾ ਦੱਸਣਾ ਹੈ ਕਿ ਸੂਬੇ ਵਿੱਚ ਭਲਕੇ ਵੀ ਕਈ ਥਾਵਾਂ ’ਤੇ ਮੀਂਹ ਅਤੇ ਗੜੇ ਪੈਣ ਦੀ ਸੰਭਾਵਨਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਹੈ ਕਿ ਮੀਂਹ ਅਤੇ ਗੜਿਆਂ ਨਾਲ ਹਾੜ੍ਹੀ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ।

ਜਾਖੜ ਨੇ ਬਾਗਾਂ ਦੇ ਨੁਕਸਾਨ ਲਈ ਮੁਆਵਜ਼ਾ ਮੰਗਿਆ

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਅਤੇ ਖੂਈਆਂ ਸਰਵਰ ਇਲਾਕੇ ਦੇ ਕਿਸਾਨਾਂ ਨੇ ਰਵਾਇਤੀ ਫਸਲੀ ਚੱਕਰ ਛੱਡ ਕੇ ਕਿਨੂੰ ਦੇ ਬਾਗ ਲਗਾਏ ਸਨ ਪਰ ਵੀਰਵਾਰ ਨੂੰ ਪਏ ਗੜਿਆਂ ਕਾਰਨ ਬਾਗਾਂ ਦਾ ਬਹੁਤ ਨੁਕਸਾਨ ਹੋਇਆ ਹੈ। ਬਾਗਾਂ ਨੂੰ ਨਵਾਂ ਫ਼ਲ ਆਇਆ ਸੀ, ਜੋ ਗੜਿਆਂ ਕਾਰਨ ਪੂਰੀ ਤਰਾਂ ਝੜ ਗਿਆ ਹੈ। ਜਿਨ੍ਹਾਂ ਬਾਗਾਂ ਦੇ ਫਲ ਦੀ ਤੁੜਾਈ ਹਾਲੇ ਨਹੀਂ ਹੋਈ ਸੀ, ਉਨ੍ਹਾਂ ਦੇ ਫਲ ਦਾ ਵੀ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਬਾਗਬਾਨਾਂ ਦੇ ਨੁਕਸਾਨ ਦੀ ਭਰਪਾਈ ਲਈ ਸਰਕਾਰ ਨੀਤੀ ਬਣਾ ਕੇ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦੇਵੇ।

Previous articleCorona pandemic triggers indefinite closure of Eiffel Tower
Next articleਲੰਗਾਹ ਵਲੋਂ ਪੰਥ ਵਿਚ ਵਾਪਸੀ ਲਈ ਖਿਮਾ ਯਾਚਨਾ ਦੀ ਅਪੀਲ