ਪੰਜਾਬ ਪੁਲੀਸ ਤੇ ਪੀਐੱਨਬੀ ਦੇ ਖਿਡਾਰੀਆਂ ’ਚ ਹਾਕੀਆਂ ਚੱਲੀਆਂ

ਪੰਜਾਬ ਪੁਲੀਸ ਅਤੇ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਦੇ ਖਿਡਾਰੀ 56ਵੇਂ ਨਹਿਰੂ ਹਾਕੀ ਟੂਰਨਾਮੈਂਟ ਦੇ ਫਾਈਨਲ ਵਿੱਚ ਅੱਜ ਇੱਥੇ ਮੈਦਾਨ ਵਿੱਚ ਹੀ ਭਿੜ ਗਏ, ਜਿਸ ਮਗਰੋਂ ਪ੍ਰਬੰਧਕਾਂ ਨੇ ਦੋਵਾਂ ਟੀਮਾਂ ’ਤੇ ਪਾਬੰਦੀ ਲਾ ਦਿੱਤੀ। ਦੋਵਾਂ ਟੀਮਾਂ ਦੇ ਛੇ ਖਿਡਾਰੀਆਂ ਨੂੰ ਲਾਲ ਕਾਰਡ ਵੀ ਵਿਖਾਇਆ ਗਿਆ। ਹਾਕੀ ਇੰਡੀਆ ਨੇ ਟੂਰਨਾਮੈਂਟ ਦੇ ਪ੍ਰਬੰਧਕਾਂ ਤੋਂ ਵਿਸਥਾਰਿਤ ਰਿਪੋਰਟ ਮੰਗੀ ਹੈ।
ਲੜਾਈ ਉਸ ਸਮੇਂ ਸ਼ੁਰੂ ਹੋਈ ਜਦੋਂ ਦੋਵੇਂ ਟੀਮਾਂ 3-3 ਨਾਲ ਬਰਾਬਰੀ ’ਤੇ ਸਨ ਅਤੇ ਗੇਂਦ ਪੰਜਾਬ ਪੁਲੀਸ ਦੇ ਸਰਕਲ ਵਿੱਚ ਪੀਐੱਨਬੀ ਕੋਲ ਸੀ। ਖਿਡਾਰੀਆਂ ਨੇ ਟਰਫ਼ ਵਿੱਚ ਹੀ ਇੱਕ-ਦੂਜੇ ’ਤੇ ਮੁੱਕਿਆਂ ਅਤੇ ਹਾਕੀਆਂ ਨਾਲ ਹਮਲਾ ਸ਼ੁਰੂ ਕਰ ਦਿੱਤਾ। ਇਸ ਮਗਰੋਂ ਟੂਰਨਾਮੈਂਟ ਦੇ ਅਧਿਕਾਰੀਆਂ ਨੇ ਵਿਚਾਲੇ ਪੈ ਕੇ ਖਿਡਾਰੀਆਂ ਨੂੰ ਰੋਕਿਆ। ਦੋਵਾਂ ਟੀਮਾਂ ਦੇ ਤਿੰਨ-ਤਿੰਨ ਖਿਡਾਰੀਆਂ ਨੂੰ ਲਾਲ ਕਾਰਡ ਵਿਖਾਇਆ ਗਿਆ। ਇਸ ਤੋਂ ਇਲਾਵਾ ਪੰਜਾਬ ਪੁਲੀਸ ਦੇ ਮੈਨੇਜਰ ਨੂੰ ਵੀ ਆਪਣੇ ਖਿਡਾਰੀਆਂ ਨੂੰ ਉਕਸਾਉਣ ਲਈ ਲਾਲ ਕਾਰਡ ਮਿਲਿਆ। ਖੇਡ ਕੁੱਝ ਸਮਾਂ ਰੁਕੀ ਰਹੀ ਅਤੇ ਦੋਵੇਂ ਟੀਮਾਂ ਦੇ ਅੱਠ-ਅੱਠ ਖਿਡਾਰੀਆਂ ਨਾਲ ਮੈਚ ਅੱਗੇ ਸ਼ੁਰੂ ਹੋਇਆ। ਪੀਐੱਨਬੀ ਨੇ ਅਖ਼ੀਰ ਵਿੱਚ ਇਹ ਮੈਚ 6-3 ਨਾਲ ਜਿੱਤਿਆ। ਇਸ ਘਟਨਾ ਤੋਂ ਪ੍ਰੇਸ਼ਾਨ ਜਵਾਹਰ ਲਾਲ ਨਹਿਰੂ ਹਾਕੀ ਟੂਰਨਾਮੈਂਟ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਨੇ ਦੋਵਾਂ ਟੀਮਾਂ ’ਤੇ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਹੈ। ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਬਿਆਨ ਵਿੱਚ ਕਿਹਾ, ‘‘ਦੋਵਾਂ ਟੀਮਾਂ ਨੂੰ ਟੂਰਨਾਮੈਂਟ ਵਿੱਚ ਹਿੱਸਾ ਲੈਣ ਤੋਂ ਪਾਬੰਦੀਸ਼ੁਦਾ ਕਰਨ ਦਾ ਫ਼ੈਸਲਾ ਕੀਤਾ ਹੈ। ਪੰਜਾਬ ਪੁਲੀਸ ’ਤੇ ਚਾਰ ਸਾਲ, ਜਦਕਿ ਪੀਐੱਨਬੀ ’ਤੇ ਦੋ ਸਾਲ ਦੀ ਪਾਬੰਦੀ ਲਾਈ ਗਈ ਹੈ।’’ ਪ੍ਰਬੰਧਕਾਂ ਨੇ ਕਿਹਾ ਕਿ ਉਹ ਦੋਵਾਂ ਟੀਮਾਂ ਦੇ ਪ੍ਰਬੰਧਕਾਂ ਨੂੰ ਦੋਸ਼ੀ ਖਿਡਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਨੂੰ ਕਹਾਂਗੇ।
ਹਾਕੀ ਇੰਡੀਆ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਅਤੇ ਟੂਰਨਾਮੈਂਟ ਦੇ ਨਿਰਦੇਸ਼ਕ ਮਹੇਸ਼ ਕੁਮਾਰ ਨੂੰ ਵੇਰਵੇ ਸਣੇ ਰਿਪੋਰਟ ਦੇਣ ਨੂੰ ਕਿਹਾ ਹੈ।
ਹਾਕੀ ਇੰਡੀਆ ਦੀ ਸੀਈਓ ਇਲੀਨਾ ਨੋਰਮਨ ਨੇ ਕਿਹਾ, ‘‘ਅਸੀਂ ਟੂਰਨਾਮੈਂਟ ਦੇ ਅਧਿਕਾਰੀਆਂ ਤੋਂ ਅਧਿਕਾਰਤ ਰਿਪੋਰਟ ਦੀ ਉਡੀਕ ਕਰ ਰਹੇ ਹਾਂ। ਇਸ ਦੇ ਆਧਾਰ ’ਤੇ ਹਾਕੀ ਇੰਡੀਆ ਲੋੜੀਂਦੀ ਕਾਰਵਾਈ ਕਰੇਗਾ।’’ ਇਸ ਖ਼ਬਰ ਏਜੰਸੀ ਵੱਲੋਂ ਟੂਰਨਾਮੈਂਟ ਦੇ ਨਿਰਦੇਸ਼ਕ ਨਾਲ ਸੰਪਰਕ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ। ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਵੀ ਹਾਕੀ ਇੰਡੀਆ ਨੂੰ ਇਸ ਘਟਨਾ ਵਿੱਚ ਸ਼ਾਮਲ ਖਿਡਾਰੀਆਂ ਅਤੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨੂੰ ਕਿਹਾ ਹੈ। ਬੱਤਰਾ ਕੌਮਾਂਤਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਦੇ ਮੁਖੀ ਵੀ ਹਨ। ਘਟਨਾ ਤੋਂ ਨਾਰਾਜ਼ ਬੱਤਰਾ ਨੇ ਕਿਹਾ, ‘‘ਇਸ ਤਰ੍ਹਾਂ ਦੀ ਗ਼ੈਰ-ਜ਼ਿੰਮੇਵਰਾਨਾ ਟੀਮ ਅਤੇ ਉਸ ਦੇ ਲਾਪ੍ਰਵਾਹ ਪ੍ਰਬੰਧਕ, ਇਸ ਤਰ੍ਹਾਂ ਦੇ ਖਿਡਾਰੀ ਅਤੇ ਕਮਜ਼ੋਰ ਅਤੇ ਰੀੜ-ਵਿਹੂਣੀ ਪ੍ਰਬੰਧਕ ਕਮੇਟੀ ਖੇਡ ਦਾ ਨਾਮ ਖ਼ਰਾਬ ਕਰ ਰਹੇ ਹਨ ਅਤੇ ਉਸ ਦੀ ਮਾਣ-ਮਰਿਆਣਾ ਨੂੰ ਮਿੱਟੀ ਵਿੱਚ ਰੋਲ਼ ਰਹੇ ਹਨ। ਮੈਂ ਹਾਕੀ ਇੰਡੀਆ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਅਪੀਲ ਕਰਦਾ ਹਾਂ।’’

Previous articleIs Pakistan’s oil & gas migrating to Indian side?
Next articleEx-Trump aide must testify before Congress, rules US judge