ਪੰਜਾਬ ਨਾਲ ਵਿਤਕਰਾ ਕਰ ਰਹੀ ਹੈ ਕੇਂਦਰ ਸਰਕਾਰ: ਰਾਵਤ

ਲੁਧਿਆਣਾ (ਸਮਾਜ ਵੀਕਲੀ) :ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਅੱਜ ਇੱਥੇ ਕਿਹਾ ਕਿ ਸਮੁੱਚੀ ਕਾਂਗਰਸ ਪਾਰਟੀ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਹੈ ਤੇ ਦੇਸ਼ ਦੇ ਕਿਸਾਨਾਂ ਨਾਲ ਖੜ੍ਹੀ ਹੈ। ਦੋਰਾਹਾ ਵਿਚ ਮਰਹੂਮ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਸ ਪ੍ਰਗਟਾਈ ਕਿ ਕੇਂਦਰ ਸਰਕਾਰ ਜਲਦੀ ਹੀ ਕਿਸਾਨਾਂ ਦੇ ਵਫ਼ਦ ਨਾਲ ਗੱਲਬਾਤ ਕਰਕੇ ਮਸਲਾ ਸੁਲਝਾਏਗੀ। ਰਾਵਤ ਦੋ ਦਿਨਾਂ ਲਈ ਪੰਜਾਬ ਦੇ ਦੌਰੇ ’ਤੇ ਆਏ ਹਨ।

ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਪੰਜਾਬ ਕਾਂਗਰਸ ਇੰਚਾਰਜ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਸਰਕਾਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਉਨ੍ਹਾਂ ਇਸ ਗੱਲ ’ਤੇ ਦੁੱਖ ਪ੍ਰਗਟ ਕੀਤਾ ਕਿ ਰੇਲ ਟਰੈਕ ਖਾਲੀ ਹੋਣ ਦੇ ਬਾਵਜੂਦ ਕੇਂਦਰ ਅਤੇ ਰੇਲਵੇ ਮੰਤਰਾਲਾ ਰੇਲਾਂ ਪੰਜਾਬ ਨਾ ਭੇਜਣ ਲਈ ਬਹਾਨੇ ਬਣਾ ਰਿਹਾ ਹੈ। ਰਾਵਤ ਨੇ ਦੋਸ਼ ਲਾਇਆ ਕਿ ਕੇਂਦਰ ਪੰਜਾਬ ਨਾਲ ਵਿਤਕਰਾ ਕਰ ਰਿਹਾ ਹੈ ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਪੰਜਾਬ ਕਾਂਗਰਸ ਇੰਚਾਰਜ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਨਾ ਖੋਲ੍ਹੇ ਜਾਣ ’ਤੇ ਵੀ ਅਫ਼ਸੋਸ ਪ੍ਰਗਟ ਕੀਤਾ ਤੇ ਕੇਂਦਰ ਸਰਕਾਰ ਉਤੇ ਨਿਸ਼ਾਨਾ ਸੇਧਿਆ। ਰਾਵਤ ਨੇ ਕਿਹਾ ਕਿ ਪੰਜਾਬ ਕਾਂਗਰਸ ਤੇ ਸਰਕਾਰ ਵਿਚ ਸਭ ਕੁਝ ਠੀਕ ਹੈ ਤੇ ਪਾਰਟੀ ਵਿਚਲੇ ਮਸਲੇ ਅਗਲੇ ਦਿਨਾਂ ਵਿਚ ਸੁਲਝ ਜਾਣਗੇ। ਇਸ ਮੌਕੇ ਲੋਕ ਸਭਾ ਮੈਂਬਰ ਡਾ. ਅਮਰ ਸਿੰਘ, ਵਿਧਾਇਕ ਲਖਬੀਰ ਸਿੰਘ ਲੱਖਾ, ਅਮਰੀਕ ਸਿੰਘ ਢਿੱਲੋਂ ਤੇ ਹੋਰ ਹਾਜ਼ਰ ਸਨ। ਲੁਧਿਆਣਾ ਵਿਚ ਰਾਵਤ ਨੇ ਕਿਹਾ ਕਿ ਬਿਹਾਰ ’ਚ ਮਹਾਗੱਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅਮਰੀਕਾ ਵਿਚ ‘ਨਮਸਤੇ ਟਰੰਪ’ ਹੋਇਆ ਹੈ, ਉਸੇ ਤਰ੍ਹਾਂ ਬਿਹਾਰ ’ਚ ਆਰਜੇਡੀ ਦੀ ਅਗਵਾਈ ਵਾਲੇ ਮਹਾਗੱਠਜੋੜ ਦੀ ਸਰਕਾਰ ਬਣਦੇ ਹੀ ‘ਨਮਸਤੇ ਮੋਦੀ’ ਦੀ ਸ਼ੁਰੂਆਤ ਹੋਵੇਗੀ। ਰਾਵਤ ਨੇ ਕਿਹਾ ਕਿ ਮੋਦੀ ਸਰਕਾਰ ਤੋਂ ਸਮਾਜ ਦਾ ਹਰ ਵਰਗ ਦੁਖੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਮਾਲ ਗੱਡੀਆਂ ਇਸ ਲਈ ਬੰਦ ਕੀਤੀਆਂ ਗਈਆਂ ਹਨ ਕਿਉਂਕਿ ਪੰਜਾਬ ਸਰਕਾਰ ਤੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਦਾ ਡਟ ਕੇ ਵਿਰੋਧ ਕੀਤਾ ਹੈ।

ਰਾਵਤ ਅੱਜ ਨਕੋਦਰ ਤੋਂ ਕੱਢਣਗੇ ਟਰੈਕਟਰ ਰੈਲੀ

ਜਲੰਧਰ (ਸਮਾਜ ਵੀਕਲੀ) : ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਭਲਕੇ ਨਕੋਦਰ ਹਲਕੇ ’ਚ ਟਰੈਕਟਰ ਰੈਲੀ ਕਰਕੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨਗੇ। ਇਸ ਦੀ ਪੁਸ਼ਟੀ ਕਰਦਿਆਂ ਨਕੋਦਰ ਹਲਕੇ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਨੇ ਦੱਸਿਆ ਕਿ ਸੀਨੀਅਰ ਕਾਂਗਰਸੀ ਆਗੂ ਹਰੀਸ਼ ਰਾਵਤ 10 ਨਵੰਬਰ ਨੂੰ ਨਕੋਦਰ ਤੋਂ ਸਵੇਰੇ 11.30 ਵਜੇ ਦੇ ਕਰੀਬ ਟਰੈਕਟਰ ਰੈਲੀ ਸ਼ੁਰੂ ਕਰਨਗੇ, ਜਿਹੜੀ ਨੂਰਮਹਿਲ ਤੋਂ ਹੁੰਦੀ ਹੋਈ ਕਸਬਾ ਤਲਵਣ ਵਿਚ ਜਾ ਕੇ ਸਮਾਪਤ ਹੋਵੇਗੀ। ਦੁਪਹਿਰ ਬਾਅਦ ਹਰੀਸ਼ ਰਾਵਤ ਜਲੰਧਰ ਵਿਚ ਕਾਂਗਰਸ ਭਵਨ ’ਚ ਕਾਂਗਰਸੀ ਵਰਕਰਾਂ ਦੀ ਨਬਜ਼ ਟਟੋਲਣ ਲਈ ਉਨ੍ਹਾਂ ਨਾਲ ਸਿੱਧੀ ਗੱਲਬਾਤ ਕਰਨਗੇ।

Previous article‘Extraordinary!’ Fauci reacts to Pfizer vaccine
Next articleChurchill planned to ‘keep a bit of India’ as Britain pumped up the princes