ਪੰਜਾਬ ਦੇ ਸਰਕਾਰੀ ਹਸਪਤਾਲਾਂ ’ਚ ਅਪਰੇਸ਼ਨਾਂ ’ਤੇ ਪਾਬੰਦੀ

ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਸਰਕਾਰ ਨੇ ਸਰਕਾਰੀ ਹਸਪਤਾਲਾਂ ਵਿੱਚ ਸਾਧਾਰਨ ਅਪਰੇਸ਼ਨਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਸੂਬੇ ਦੇ ਸਮੂਹ ਸਿਵਲ ਸਰਜਨਾਂ ਨੂੰ ਲਿਖੇ ਪੱਤਰ ’ਚ ਸਾਫ਼ ਕਰ ਦਿੱਤਾ ਕਿ ਕਰੋਨਾਵਾਇਰਸ ਦੇ ਵਧਦੇ ਕੇਸਾਂ ਕਰ ਕੇ 15 ਦਿਨ ਹਸਪਤਾਲਾਂ ਵਿੱਚ ਅਪਰੇਸ਼ਨ ਨਹੀਂ ਕੀਤੇ ਜਾਣਗੇ।

ਸਿਹਤ ਵਿਭਾਗ ਦੇ ਡਾਇਰੈਕਟਰ ਵੱਲੋਂ 3 ਅਗਸਤ ਨੂੰ ਜਾਰੀ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਿਹਤ ਅਮਲੇ ਦੀਆਂ ਸੇਵਾਵਾਂ ਕਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਸੰਭਾਲ ’ਚ ਲਏ ਜਾਣ ਕਾਰਨ ਅਪਰੇਸ਼ਨ ਬੰਦ ਕੀਤੇ ਗਏ ਹਨ। ਉਧਰ ਸਰਕਾਰੀ ਹਸਪਤਾਲਾਂ ਵਿੱਚ ਤਾਇਨਾਤ ਡਾਕਟਰੀ ਅਮਲੇ ਦਾ ਕਹਿਣਾ ਹੈ ਕਿ ਸਰਜਨ ਅਤੇ ਅਪਰੇਸ਼ਨ ਥੀਏਟਰਾਂ ਵਿਚਲਾ ਅਮਲਾ ਕੋਵਿਡ ਮਰੀਜ਼ਾਂ ਦੀ ਦੇਖ-ਰੇਖ ਨਹੀਂ ਕਰ ਰਿਹਾ, ਜਿਸ ਕਰ ਕੇ ਅਪਰੇਸ਼ਨ ਬੰਦ ਨਹੀਂ ਕੀਤੇ ਜਾਣੇ ਚਾਹੀਦੇ। ਡਾਕਟਰਾਂ ਨੇ ਇਹ ਵੀ ਕਿਹਾ ਕਿ ਛੋਟੇ-ਮੋਟੇ ਅਪਰੇਸ਼ਨ ਬੰਦ ਕਰਨ ਨਾਲ ਗਰੀਬ ਲੋਕਾਂ ਦੀ ਮੁਕੰਮਲ ਟੇਕ ਨਿੱਜੀ ਹਸਪਤਾਲਾਂ ’ਤੇ ਰਹਿ ਜਾਵੇਗੀ।

ਡਾਕਟਰੀ ਅਮਲੇ ਨੇ ਦੱਸਿਆ ਕਿ ਜ਼ਿਲ੍ਹਾ ਪੱੱਧਰ ਦੇ ਹਸਪਤਾਲ ਵਿੱਚ ਇਕ ਮਹੀਨੇ ਦੌਰਾਨ 300 ਤੋਂ ਵੱਧ ਅਪਰੇਸ਼ਨ ਹੁੰਦੇ ਹਨ ਜਦੋਂਕਿ ਤਹਿਸੀਲ ਪੱਧਰੀ ਹਸਪਤਾਲਾਂ ਵਿੱਚ ਇਨ੍ਹਾਂ ਦੀ ਗਿਣਤੀ 50 ਤੋਂ ਲੈ ਕੇ 100 ਮੰਨੀ ਜਾਂਦੀ ਹੈ। ਸਰਕਾਰੀ ਹਸਪਤਾਲਾਂ ਵਿੱਚ ਆਮ ਤੌਰ ’ਤੇ ਅੱਖਾਂ, ਨੱਕ, ਕੰਨ, ਬੱਚੇਦਾਨੀ, ਅੰਤੜੀਆਂ, ਹਰਨੀਆਂ, ਬਵਾਸੀਰ, ਪਿੱਤਾ ਗਦੂਦਾਂ ਜਾਂ ਹੋਰ ਜਨਰਲ ਅਪਰੇਸ਼ਨਾਂ ਨਾਲ ਸਬੰਧਤ ਮਰੀਜ਼ ਆਉਂਦੇ ਰਹਿੰਦੇ ਹਨ। ਸਰਕਾਰੀ ਹਸਪਤਾਲਾਂ ਵਿੱਚ ਅਪਰੇਸ਼ਨ ਦੀ ਫੀਸ 1 ਹਜ਼ਾਰ ਰੁਪਏ ਪ੍ਰਤੀ ਅਪਰੇਸ਼ਨ ਹੁੰਦੀ ਹੈ ਜਦੋਂ ਕਿ ਨਿੱਜੀ ਹਸਪਤਾਲਾਂ ਵੱਲੋਂ 25 ਹਜ਼ਾਰ ਤੋਂ 50 ਹਜ਼ਾਰ ਰੁਪਏ ਤੱਕ ਫੀਸਾਂ ਲਈਆਂ ਜਾਂਦੀਆਂ ਹਨ।

ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸਿਰਫ ਹੰਗਾਮੀ ਹਾਲਤ ਵਿੱਚ ਜਾਂ ਹਾਦਸੇ ਦੇ ਮਾਮਲੇ ਵਿੱਚ ਹੀ ਅਪਰੇਸ਼ਨ ਕੀਤੇ ਜਾ ਸਕਦੇ ਹਨ। ਡਾਕਟਰਾਂ ਨੇ ਖਦਸ਼ਾ ਜਤਾਇਆ ਕਿ ਵਿਭਾਗ ਨੇ 15 ਦਿਨ ਕਹੇ ਹਨ, ਪਰ ਜਿਸ ਤਰ੍ਹਾਂ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਉਸ ਨੂੰ ਦੇਖਦਿਆਂ ਮੰਨਿਆ ਜਾ ਰਿਹਾ ਹੈ ਕਿ ਆਮ ਅਪਰੇਸ਼ਨਾਂ ’ਤੇ ਪਾਬੰਦੀ ਵਧ ਵੀ ਸਕਦੀ ਹੈ। ਕਰੋਨਾ ਦੇ ਕਹਿਰ ਕਰ ਕੇ ਨਿੱਜੀ ਖੇਤਰ ਦੇ ਹਸਪਤਾਲਾਂ ਨੇ ਜਨਰਲ ਓਪੀਡੀ ਪਹਿਲਾਂ ਹੀ ਬੰਦ ਕਰ ਦਿੱਤੀ ਸੀ, ਜਿਸ ਦੀ ਭਰਵੀਂ ਅਲੋਚਨਾ ਹੋਈ ਸੀ।

Previous articleਜ਼ਹਿਰੀਲੀ ਸ਼ਰਾਬ ਮਾਮਲੇ ਦੇ ਦੋਸ਼ੀਆਂ ਨੂੰ ਬਖ਼ਸ਼ਾਂਗੇ ਨਹੀਂ: ਕੈਪਟਨ
Next articleਪੰਜਾਬ ਵਿਚ ਕਰੋਨਾ ਨੇ ਲਈਆਂ 20 ਹੋਰ ਜਾਨਾਂ