ਪੰਜਾਬ ਦੀ ਸਿਆਸਤ ‘ਚ ਵੱਡੇ ਧਮਾਕੇ ਦੇ ਆਸਾਰ, ਨਵਜੋਤ ਸਿੱਧੂ ਬਦਲਣਗੇ ਸਿਆਸੀ ਸਮੀਕਰਨਾਂ ਨੂੰ?

 

ਚੰਡੀਗੜ੍ਹ, (ਹਰਜਿੰਦਰ ਛਾਬੜਾ)- ਕਾਂਗਰਸੀ ਲੀਡਰ ਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਸਿਆਸੀ ਹਲਕਿਆਂ ‘ਚ ਇੱਕ ਵਾਰ ਫਿਰ ਚਰਚੇ ਛਿੜ ਗਏ ਹਨ। ਦਰਅਸਲ ਸਿੱਧੂ ਦੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਦੀਆਂ ਕਿਆਸਰਾਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਦੀ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਗੰਢਤੁਪ ਚੱਲ ਰਹੀ ਹੈ।

ਨਵਜੋਤ ਸਿੱਧੂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਮਗਰੋਂ ਉਨ੍ਹਾਂ ਪਿਛਲੇ ਸਾਲ ਪੰਜਾਬ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਉਹ ਸਿਆਸਤ ‘ਚ ਸਰਗਰਮ ਨਹੀਂ ਰਹੇ ਤੇ ਨਾ ਹੀ ਕੈਪਟਨ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਸੌਂਪੀ ਗਈ।

ਇਹ ਵੀ ਚਰਚਾ ਹੈ ਕਿ ਸਿੱਧੂ ਤੇ ਕੇਜਰੀਵਾਲ ਵਿਚਾਲੇ ਗੱਲਬਾਤ ਪ੍ਰਸ਼ਾਂਤ ਕਿਸ਼ੋਰ ਕਰਵਾ ਰਹੇ ਹਨ ਪਰ ਕਾਂਗਰਸ ‘ਚ ਜੋ ਸਿੱਧੂ ਨਾਲ ਹੋਈ, ਉਸ ਤੋਂ ਬਾਅਦ ਉਹ ਹਰ ਕਦਮ ਸੋਚ ਕੇ ਰੱਖਣਾ ਚਾਹੁੰਦੇ ਹਨ। ਇਸ ਲਈ ਕਿਹਾ ਜਾ ਰਿਹਾ ਹੈ ਕਿ ਸਿੱਧੂ ਆਮ ਆਦਮੀ ਪਾਰਟੀ ‘ਚ ਜਾਣ ਤੋਂ ਪਹਿਲਾਂ ਆਪਣੀ ਭੂਮਿਕਾ ਸਪਸ਼ਟ ਕਰਕੇ ਜਾਣਗੇ। ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਆਪਸੀ ਕੁੜੱਤਣ ਜੱਗ ਜ਼ਾਹਰ ਹੈ। ਅਜਿਹੇ ‘ਚ ਸਿੱਧੂ ਨੇ ਪਹਿਲੀ ਵਾਰ ਸੋਨੀਆ ਗਾਂਧੀ ਦਾ ਕਿਹਾ ਵੀ ਨਹੀਂ ਮੰਨਿਆ।

ਦਰਅਸਲ ਪਿਛਲੇ ਹਫ਼ਤੇ ਸਾਰੇ ਕਾਂਗਰਸੀਆਂ ਨੂੰ ਸੋਸ਼ਲ ਮੀਡੀਆ ‘ਤੇ ਮਜ਼ਦੂਰਾਂ ਦੇ ਖਾਤਿਆਂ ‘ਚ ਦਸ ਦਸ ਹਜ਼ਾਰ ਰੁਪਏ ਪਾਉਣ ਦੀ ਅਪੀਲ ਕਰਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਦਬਾਅ ਬਣਾਉਣ ਦੀ ਰਣਨੀਤੀ ਬਣਾਈ ਸੀ ਪਰ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲੇ ਸਿੱਧੂ ਨੇ ਅਜਿਹਾ ਨਹੀਂ ਕੀਤਾ ਸੀ।

ਹੁਣ ਜਦੋਂ ਸਿੱਧੂ ਸੀਨੀਅਰ ਕਾਂਗਰਸੀ ਨੇਤਾਵਾਂ ਤੋਂ ਵੀ ਕਿਨਾਰਾ ਕਰਨ ਲੱਗੇ ਤਾਂ ਮੰਨਿਆ ਜਾ ਰਿਹਾ ਕਿ ਉਹ ਵਾਕਿਆ ਹੀ ਆਮ ਆਦਮੀ ਪਾਰਟੀ ‘ਚ ਜਾਣ ਦੀ ਤਿਆਰੀ ਖਿੱਚ ਰਹੇ ਹਨ।

Previous articleਇਕ-ਦੋ ਨਹੀਂ ਬਲਕਿ ਸੋਨੂੰ ਸੂਦ ਦੀ ਵੇਟਿੰਗ ਲਿਸਟ ‘ਚ ਸ਼ਾਮਲ ਹਨ 70,000 ਤੋਂ ਜ਼ਿਆਦਾ ਲੋਕ, ਮਦਦ ਜਾਰੀ
Next articleTHE MIGRANTS ENDURED INJUSTICE IN LOCK-DOWN