ਪੰਜਾਬ ਦੀ ਉਦਯੋਗਿਕ ਤਰੱਕੀ ’ਚ ਯੋਗਦਾਨ ਪਾਵਾਂਗਾ: ਸੋਮ ਪ੍ਰਕਾਸ਼

ਕੇਂਦਰੀ ਉਦਯੋਗ ਅਤੇ ਵਪਾਰ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਹੈ ਕਿ ਉਹ ਪੰਜਾਬ ਦੇ ਸਨਅਤਕਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਪੂਰੀ ਵਾਹ ਲਗਾਉਣਗੇ ਤਾਂ ਜੋ ਪੰਜਾਬ ਦੀ ਸਨਅਤ ਨੂੰ ਸੰਕਟ ਵਿਚੋਂ ਕੱਢਿਆ ਜਾ ਸਕੇ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅੱਜ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ ਵੱਲੋਂ ਰੱਖੇ ਸਮਾਗਮ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਅਣਗਹਿਲੀ ਵਾਲੀਆਂ ਨੀਤੀਆਂ ਕਾਰਨ ਪੰਜਾਬ ਦੇ ਸਨਅਤਕਾਰਾਂ ਨੂੰ ਮੁਸ਼ਕਿਲਾਂ ਦਾ ਸਾਹਮਣ ਕਰਨਾ ਪੈ ਰਿਹਾ ਹੈ ਪਰ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੰਜਾਬ ਦੀ ਸਨਅਤੀ ਤਰੱਕੀ ਲਈ ਪੂਰੀ ਯੋਗਦਾਨ ਪਾਉਣਗੇ। ਇਸ ਤੋਂ ਪਹਿਲਾਂ ਜਥੇਬੰਦੀ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕੇਂਦਰੀ ਮੰਤਰੀ ਦਾ ਸਵਾਗਤ ਕਰਦਿਆਂ ਸਨਅਤਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਬਿਜਲੀ ਦੀ ਕਮੀ, ਸਟੀਲ ਦੀਆਂ ਵਧਦੀਆਂ ਕੀਮਤਾਂ ਅਤੇ ਮਹਿੰਗੇ ਹੋ ਰਹੇ ਕੱਚੇ ਮਾਲ ਕਾਰਨ ਪੰਜਾਬ ਦੇ ਸਨਅਤਕਾਰ ਗੰਭੀਰ ਦੌਰ ਵਿੱਚੋਂ ਲੰਘ ਰਹੇ ਹਨ। ਇਸ ਮੌਕੇ ਏਵਨ ਸਾਈਕਲ ਦੇ ਪ੍ਰਬੰਧਕੀ ਨਿਰਦੇਸ਼ਕ ਉਂਕਾਰ ਸਿੰਘ ਪਾਹਵਾ ਸਮੇਤ ਹੋਰ ਆਗੂਆਂ ਨੇ ਕੇਂਦਰੀ ਮੰਤਰੀ ਦਾ ਸਨਮਾਨ ਵੀ ਕੀਤਾ। ਸਮਾਗਮ ਵਿਚ ਪ੍ਰਵੀਨ ਬਾਂਸਲ, ਪ੍ਰੋਫ਼ੈਸਰ ਰਜਿੰਦਰ ਭੰਡਾਰੀ ਤੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਵੀ ਹਾਜ਼ਰ ਸਨ।

Previous articleਪਠਾਨਕੋਟ-ਜੋਗਿੰਦਰਨਗਰ ਮਾਰਗ ’ਤੇ ਚਾਰ ਰੇਲ ਗੱਡੀਆਂ ਰੱਦ
Next articleਰਾਜਨਾਥ ਨੇ ਕੌਮੀ ਜੰਗੀ ਯਾਦਗਾਰ ’ਤੇ ਵਿਜੈ ਜਯੋਤੀ ਜਗਾਈ