ਪੰਜਾਬ ਦੀਆਂ ਦਿੱਲੀ ਨਾਲ਼ ਗੱਲਾਂ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ੜ੍ ਲਈਂ ਇਤਿਹਾਸ ਤੂੰ ਦਿੱਲੀਏ
ਚੰਗੀ ਤਰਾਂ ਮੇਰਾ ਨੀ ।
ਰੱਖਿਆ ਹੈ ਸਦਾ ਪੰਜਾਬੀਆਂ
ਡਾਂਗਾਂ ‘ਤੇ ਡੇਰਾ ਨੀ  ।
ਤੇਰਾ ਕੋਈ ਹਾਕਮ ਸਾਡੀ
ਝਾਲ ਨਾ ਝਲਦਾ ਨੀ  ।
ਤੇਰਾ ਤੇ ਮੇਰਾ ਆਢਾ
ਮੁੱਢ ਤੋਂ ਹੈ ਚਲਦਾ ਨੀ ।
ਅਪਣਾ ਦੋਹਾਂ ਦਾ ਆਢਾ ———
ਤੇਰੇ ਲਈ ਲੱਖ ਕੁਰਬਾਨੀਆਂ ਕਰੀਆਂ ਮੇਰੇ ਪੁੱਤਾਂ ਨੇ ।
ਤੇਰੀਆਂ ਸਭ ਖਾਲੀ ਝੋਲ਼ੀਆਂ ਭਰੀਆਂ ਮੇਰੇ ਪੁੱਤਾਂ ਨੇ ।
ਮੇਰੇ ਪੁਰਖਿਆਂ ਨੇ ਮੁੰਨਾਂ ਫੜਿਆ ਜਦ ਹਲ਼ ਦਾ ਨੀ ।
ਤੇਰਾ ਤੇ ਮੇਰਾ ਆਢਾ ————-
ਲੱਖਾਂ ਅਬਦਾਲੀ ਆਏ ਤੇਰੇ ‘ਤੇ ਚੜ੍ ਚੜ੍ ਕੇ ਜਦ ।
ਬੱਕਰਿਆਂ ਵਾਂਗੂੰ ਝਟਕਾਏ ਸਿੰਘਾਂ ਨੇ ਫੜ ਫੜ ਕੇ ਜਦ।
ਬਾਹਰਲੇ ਧਾੜਵੀਆਂ ਨੂੰ ਰਹਿੰਦਾ ਸਦਾ ਠਲਦਾ ਨੀ ।
ਅਪਣਾ ਦੋਹਾਂ ਦਾ ਆਢਾ ————
ਭਾਵੇਂ ਮੈਂ ਤੇਰੇ ਹੱਥੋਂ ਹਰ ਕੇ ਵੀ ਨਹੀਓਂ ਹਰਿਆ ।
ਅਜਲਾਂ ਤੱਕ ਭੁੱਲ ਨਾ ਹੋਣਾ ਦੌਰ ਉਹ ਕਾਲਖ਼ ਭਰਿਆ।
ਵੇਖਿਆ ਸੀ ਵਿੱਚ ਚੁਰਾਸੀ ਸਿੱਖਾਂ ਨੂੰ ਜਲ਼ਦਾ ਨੀ ।
ਤੇਰਾ ਤੇ ਮੇਰਾ ਆਢਾ ————-
ਚਾਲਾਂ ਤੂੰ ਐਸੀਆਂ ਚਲਦੀ ਭਾਈਆਂ ਨਾਲ਼ ਭਾਈ ਲੜਾਵੇਂ।
ਜਾਤਾਂ ਤੇ ਧਰਮਾਂ ਦੇ ਵਿੱਚ ਨਫ਼ਰਤ ਦਾ ਮੀਂਹ ਵਰਸਾਵੇਂ।
ਸਾਡੇ ਘਰ ਏਕੇ ਵਾਲ਼ਾ ਦੀਵਾ ਸਦਾ ਬਲ਼ਦਾ ਨੀ ।
ਅਪਣਾ ਦੋਹਾਂ ਦਾ ਆਢਾ ————–
ਗੋਰਿਆਂ ਨੂੰ ਕੱਢਣ ਦੇ ਲਈ ਜਿੰਨੀਆਂ ਕੁਰਬਾਨੀਆਂ ਹੋਈਆਂ।
ਭਗਤ ਸਿੰਘ ਅਤੇ ਸਰਾਭੇ ਊਧਮ ਦੀਆਂ ਜਿੰਦਾਂ ਮੋਈਆਂ।
ਮੇਰਾ ਹਰ ਬੱਚਾ ਬੱਚਾ ਦੁੱਧ ਮੱਖਣਾਂ ਨਾਲ ਪਲ਼ਦਾ ਨੀ।
ਤੇਰਾ ਤੇ ਮੇਰਾ ਆਢਾ ————
ਮੇਰੀਆਂ ਪਿੰਡ ਰੰਚਣਾਂ ਵਾਲ਼ਾ ਐਵੇਂ ਨਹੀਂਓਂ ਬਾਤਾਂ ਪਾਉਂਦਾ।
ਮੇਰੇ ਧੀਆਂ ਪੁੱਤਾਂ ਦੀਆਂ ਐਵੇਂ ਨਈਂ ਸਿਫ਼ਤਾਂ ਗਾਉਂਦਾ ।
ਕੇਰਾਂ ਜੋ ਦਿਲ ਵਿੱਚ ਆ ਜਾਏ ਲਿਖਣੋਂ ਨਾ ਟਲ਼ਦਾ ਨੀ ।
ਅਪਣਾ ਦੋਹਾਂ ਦਾ ਆਢਾ ————–
                ਮੂਲ ਚੰਦ ਸ਼ਰਮਾ ਪ੍ਰਧਾਨ 
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
            9478408898
Previous articleਬਾਬਾ ਬਿਸ਼ਨਾ
Next articleਮਨਦੀਪ ਕੌਰ ਦਰਾਜ