ਪੰਜਾਬ ’ਚ ਮੀਂਹ ਤੇ ਝੱਖੜ ਨੇ ਰੋਕੀ ਕਣਕ ਦੀ ਵਾਢੀ

ਚੰਡੀਗੜ੍ਹ  (ਸਮਾਜਵੀਕਲੀ) – ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਝੱਖੜ ਤੇ ਬਰਸਾਤ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਤੇ ਬਰਨਾਲਾ ਜ਼ਿਲ੍ਹਿਆਂ ’ਚ ਕਈ ਥਾਵਾਂ ਉੱਤੇ ਗੜੇਮਾਰੀ ਹੋਈ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ’ਚ ਵੀ ਪੰਜਾਬ ਦੇ ਪੱਛਮੀ ਜ਼ਿਲ੍ਹਿਆਂ ਅਤੇ ਹਰਿਆਣਾ ਵਿੱਚ ਹਲਕੀ ਬਰਸਾਤ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਬੇਮੌਸਮੀ ਬਰਸਾਤ ਕਾਰਨ ਕਣਕ ਦੀ ਵਾਢੀ ਪ੍ਰਭਾਵਿਤ ਹੋਈ ਹੈ। ਕਈ ਇਲਾਕਿਆਂ ਵਿੱਚ ਕੰਬਾਈਨਾਂ ਰਾਹੀਂ ਵਾਢੀ ਬੰਦ ਹੋ ਗਈ ਹੈ ਜਦਕਿ ਮੌਸਮ ’ਚ ਨਮੀ ਵਧਣ ਕਾਰਨ ਕਣਕ ਵਿਕਣ ਵਿੱਚ ਵੀ ਮੁਸ਼ਕਲਾਂ ਵਧ ਗਈਆਂ ਹਨ। ਇਸ ਨਾਲ ਪਹਿਲਾਂ ਹੀ ਸੰਕਟ ਦਾ ਸਾਹਮਣਾ ਕਰ ਰਹੇ ਕਿਸਾਨਾਂ ਦੀਆਂ ਮੁਸੀਬਤਾਂ ਵਧ ਗਈਆਂ ਹਨ। ਮੌਸਮ ਵਿਭਾਗ ਅਨੁਸਾਰ ਲੰਘੇ 24 ਘੰਟਿਆਂ ਦੌਰਾਨ ਚੰਡੀਗੜ੍ਹ ਵਿੱਚ 16.5 ਐੱਮਐੱਮ, ੰਮ੍ਰਿਤਸਰ ਵਿੱਚ 14.6 ਐੱਮਐੱਮ, ਲੁਧਿਆਣਾ 4 ਅਤੇ ਪਟਿਆਲਾ ਵਿੱਚ 6.1 ਐੱਮਐੱਮ ਬਰਸਾਤ ਰਿਕਾਰਡ ਕੀਤੀ ਗਈ ਹੈ।

ਸ੍ਰੀ ਮੁਕਤਸਰ ਸਾਹਿਬ ਦੀ ਲੰਬੀ ਤਹਿਸੀਲ ਵਿੱਚ ਗੜੇਮਾਰੀ ਨਾਲ ਲਗਪਗ ਅੱਧੀ ਦਰਜਨ ਤੋਂ ਵੱਧ ਪਿੰਡਾਂ ਵਿੱਚ ਕਣਕ ਦਾ ਭਾਰੀ ਨੁਕਸਾਨ ਹੋਇਆ ਹੈ। ਬਰਨਾਲਾ ਜ਼ਿਲ੍ਹੇ ਵਿੱਚ ਵੀ ਗੜੇਮਾਰੀ ਹੋਣ ਦੀਆਂ ਖ਼ਬਰਾਂ ਹਨ। ਕਰੋਨਾਵਾਇਰਸ ਕਾਰਨ ਪਹਿਲਾਂ ਹੀ ਕਣਕ ਦੀ ਖਰੀਦ ਇਸ ਵਾਰ 1 ਅਪਰੈਲ ਤੋਂ ਵਧਾ ਕੇ 15 ਅਪਰੈਲ ਤੋਂ ਕੀਤੀ ਜਾ ਰਹੀ ਹੈ। ਪੰਜਾਬ ਦੇ ਨੇੜਲੇ ਇਲਾਕਿਆਂ ਵਿੱਚ ਵੀ ਬਰਸਾਤ ਹੋਈ ਹੈ। ਕਾਂਗੜਾ ਵਿੱਚ 20.8 ਐੱਮਐੱਮ ਨਾਰਨੌਲ ਵਿੱਚ 39.4 ਅਤੇ ਮਨਾਲੀ ਵਿੱਚ 52 ਐੱਮਐੱਮ ਬਰਸਾਤ ਹੋਈ ਹੈ।

ਮਾਲਵਾ ਖੇਤਰ ਵਿੱਚ ਵੱਡੀ ਪੱਧਰ ਉੱਤੇ ਕੰਬਾਈਨਾਂ ਨਾਲ ਵਾਢੀ ਸ਼ੁਰੂ ਹੋਈ ਸੀ ਪਰ ਬਰਸਾਤ ਕਾਰਨ ਕੰਮ ਰੁਕ ਗਿਆ ਹੈ। ਹਵਾ ਵਿੱਚ ਨਮੀ ਦੀ ਮਾਤਰਾ ਵਧਣ ਨਾਲ ਕਣਕ ਦੀ ਖਰੀਦ ਦਾ ਕੰਮ ਵੀ ਹੋਰ ਮੱਠਾ ਹੋ ਜਾਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਮਾਲਵਾ ਨਾਲ ਸਬੰਧਤ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਚੱਲਣ ਅਤੇ ਹਲਕੀ ਬਰਸਾਤ ਦੀ ਸੰਭਾਵਨਾ ਹੈ।

ਖੇਤੀ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਏਰੀ ਨੇ ਕਿਹਾ ਕਿ ਬਰਸਾਤ ਤਾਂ ਥੋੜ੍ਹੀ ਬਹੁਤ ਸਾਰੇ ਪੰਜਾਬ ਵਿੱਚ ਹੋਈ ਹੈ ਪਰ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਸ੍ਰੀ ਮੁਕਤਸਰ ਸਾਹਿਬ ਅਤੇ ਬਰਨਾਲਾ ਵਿੱਚ ਗੜੇਮਾਰੀ ਕਾਰਨ ਕੁਝ ਨੁਕਸਾਨ ਹੋਇਆ ਹੈ। ਰਿਪੋਰਟਾਂ ਮੰਗੀਆਂ ਗਈਆਂ ਹਨ ਅਤੇ ਜਲਦੀ ਹੀ ਰਿਪੋਰਟਾਂ ਆਉਣ ਤੋਂ ਬਾਅਦ ਅਸਲ ਨੁਕਸਾਨ ਦਾ ਪਤਾ ਲੱਗ ਜਾਵੇਗਾ। ਸੂਤਰਾਂ ਅਨੁਸਾਰ ਕਿਸਾਨਾਂ ਦਾ ਲੇਬਰ ਦਾ ਸੰਕਟ ਵਧਣ ਅਤੇ ਝਾੜ ਉੱਤੇ ਮਾੜਾ ਅਸਰ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ 45 ਦਿਨਾਂ ਤੱਕ ਹੌਲੀ-ਹੌਲੀ ਖਰੀਦ ਕਰਨ ਦੀ ਰਣਨੀਤੀ ਦੇ ਕਾਰਨ ਪਾਸ ਪ੍ਰਣਾਲੀ ਦਾ ਕੀਤਾ ਫ਼ੈਸਲਾ ਕਿਸਾਨਾਂ ਦੇ ਜੀਅ ਦਾ ਜੰਜਾਲ ਬਣਿਆ ਹੋਇਆ ਹੈ। ਬਟਾਲਾ ਦੀ ਇੱਕ ਮੰਡੀ ਵਿੱਚ ਦੋ ਟਰਾਲੀਆਂ ਭਰੀਆਂ ਭਰਾਈਆਂ ਮੰਡੀ ਤੋਂ ਬਾਹਰ ਹੀ ਮੋੜ ਦਿੱਤੀਆਂ ਗਈਆਂ। ਇਸ ਬਾਰੇ ਦਲੀਲ ਨਮੀ ਵੱਧ ਹੋਣ ਦੀ ਦਿੱਤੀ ਗਈ।

ਪੱਟੀ ਤਹਿਸੀਲ ਦੀ ਇੱਕ ਮੰਡੀ ਵਿੱਚ ਕਿਸਾਨਾਂ ਵੱਲੋਂ ਢੇਰੀ ਕੀਤੀਆਂ ਚਾਰ ਦੇ ਕਰੀਬ ਟਰਾਲੀਆਂ ਵਾਪਸ ਭਰਵਾ ਕੇ ਪਿੰਡ ਨੂੰ ਮੋੜ ਦਿੱਤੀਆਂ ਗਈਆਂ ਕਿਉਂਕਿ ਉਨ੍ਹਾਂ ਨੂੰ ਪਾਸ ਨਹੀਂ ਮਿਲਿਆ ਸੀ। ਕਿਸਾਨ ਤਰਲੇ ਕਰਦੇ ਰਹੇ ਕਿ ਜੋ ਆ ਗਈ, ਉਸ ਨੂੰ ਤਾਂ ਖਰੀਦ ਲਿਆ ਜਾਵੇ ਤੇ ਅੱਗੋਂ ਉਹ ਪਾਸ ਮੁਤਾਬਿਕ ਹੀ ਮੰਡੀ ਵਿੱਚ ਆਉਣਗੇ।

Previous article‘ਹਥਿਆਰਾਂ’ ਤੋਂ ਬਿਨਾਂ ਹੀ ਕਰੋਨਾ ਨਾਲ ਲੜ ਰਹੇ ਨੇ ਸਫ਼ਾਈ ਸੇਵਕ
Next articleਏਸੀਪੀ ਕੋਹਲੀ ਦੀ ਕਰੋਨਾ ਨਾਲ ਮੌਤ