ਪੰਜਾਬ ’ਚ ਭਾਰੀ ਮੀਂਹ ਤੇ ਗੜਿਆਂ ਨਾਲ ਤਬਾਹੀ

ਕਣਕ ਸਮੇਤ ਹਾੜੀ ਦੀਆਂ ਹੋਰ ਫਸਲਾਂ ਨੂੰ ਭਾਰੀ ਨੁਕਸਾਨ

ਪੰਜਾਬ ਵਿੱਚ ਬੀਤੀ ਰਾਤ ਤੋਂ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਵੱਡੀ ਪੱਧਰ ’ਤੇ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਮੀਂਹ, ਗੜਿਆਂ ਅਤੇ ਤੇਜ਼ ਹਵਾਵਾਂ ਕਾਰਨ ਕਈ ਥਾਵਾਂ ’ਤੇ ਕਣਕ ਦੀ ਫਸਲ ਧਰਤੀ ਉਪਰ ਵਿਛ ਗਈ ਹੈ ਜਿਸ ਕਰਕੇ ਕਣਕ ਦੇ ਝਾੜ ’ਤੇ ਅਸਰ ਪੈਣ ਦਾ ਖ਼ਦਸ਼ਾ ਹੈ। ਸਰ੍ਹੋਂ ਦੀ ਫਸਲ ਦੇ ਵੀ ਨੁਕਸਾਨੇ ਜਾਣ ਦਾ ਖ਼ਦਸ਼ਾ ਹੈ। ਅੰਮ੍ਰਿਤਸਰ ਸ਼ਹਿਰ ਵਿੱਚ ਬੀਤੀ ਰਾਤ ਇਕ ਮਕਾਨ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਚਾਰ ਜੀਅ ਮਲਬੇ ਹੇਠ ਦੱਬ ਕੇ ਮਾਰੇ ਗਏ। ਪ੍ਰਸ਼ਾਸਨ ਮੁਤਾਬਕ ਮੀਂਹ ਕਾਰਨ ਛੱਤ ਡਿੱਗੀ ਹੈ। ਅਜੈ ਕੁਮਾਰ ਨਾਮੀ ਵਿਅਕਤੀ ਅਤੇ ਉਸ ਦੀ ਪਤਨੀ ਮਾਨਵੀ ਜਦੋਂ ਬੱਚਿਆਂ ਸਣੇ ਸੁੱਤੇ ਪਏ ਸਨ ਤਾਂ ਛੱਤ ਡਿੱਗਣ ਕਾਰਨ ਦੋ ਬੱਚਿਆਂ ਸਮੇਤ ਚਾਰਾਂ ਦੀ ਮੌਤ ਹੋ ਗਈ ਜਦੋਂ ਕਿ ਇੱਕ ਬੱਚੀ ਨੈਨਾ ਸਖ਼ਤ ਜ਼ਖ਼ਮੀ ਹੋਈ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਨੇ ਦੱਸਿਆ ਕਿ ਪੰਜਾਬ ਅਤੇ ਉੱਤਰੀ ਭਾਰਤ ਦੇ ਹੋਰਨਾਂ ਸੂਬਿਆਂ ਵਿੱਚ ਵੈਸਟਰਨ ਡਿਸਟਰਬੈਂਸ (ਪੱਛਮੀ ਪੌਣਾਂ ’ਚ ਗੜਬੜ) ਦੇ ਵਾਰ-ਵਾਰ ਆਉਣ ਕਾਰਨ ਮੀਂਹ ਦਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਪੇਸ਼ੀਨਗੋਈ ਕੀਤੀ ਕਿ ਮਾਰਚ ਦੇ ਮਹੀਨੇ ਦੌਰਾਨ ਹੀ ਦੋ ਤੋਂ ਤਿੰਨ ਵਾਰ ਹੋਰ ਵੈਸਟਰਨ ਡਿਸਟਰਬੈਂਸ ਕਾਰਨ ਮੀਂਹ ਪੈ ਸਕਦਾ ਹੈ। ਖੇਤੀਬਾੜੀ ਵਿਭਾਗ ਨੇ ਵੀ ਆਪਣੇ ਫੀਲਡ ਅਧਿਕਾਰੀਆਂ ਨੂੰ ਕਣਕ ਅਤੇ ਹਾੜੀ ਦੀਆਂ ਹੋਰਨਾਂ ਫਸਲਾਂ ਦੇ ਖ਼ਰਾਬੇ ਦੀਆਂ ਰਿਪੋਰਟਾਂ ਭੇਜਣ ਦੀਆਂ ਹਦਾਇਤਾਂ ਦਿੱਤੀਆਂ ਹਨ। ਸੱਜਰੇ ਮੀਂਹ ਤੇ ਗੜਿਆਂ ਕਾਰਨ ਕਿਸਾਨਾਂ ਵੱਲੋਂ ਬੀਜੀਆਂ ਸਬਜ਼ੀਆਂ ਅਤੇ ਹਰਾ ਚਾਰਾ ਵੀ ਪ੍ਰਭਾਵਿਤ ਹੋਇਆ ਹੈ ਤੇ ਫਲਾਂ ਦੇ ਦਰਖਤਾਂ ਨੂੰ ਪਿਆ ਬੂਰ ਵੀ ਝੜ ਗਿਆ ਹੈ। ਖੇਤੀਬਾੜੀ ਅਤੇ ਮੌਸਮ ਵਿਭਾਗ ਮੁਤਾਬਕ ਸੰਗਰੂਰ, ਮਾਨਸਾ, ਬਠਿੰਡਾ, ਪਟਿਆਲਾ ਅਤੇ ਲੁਧਿਆਣਾ ਜ਼ਿਲ੍ਹਿਆਂ ਦੇ ਕੁਝ ਪਿੰਡਾਂ ਸਮੇਤ ਤਰਨਤਾਰਨ ਅਤੇ ਅੰਮ੍ਰਿਤਸਰ ਵਿੱਚ ਵੀ ਗੜੇ ਪਏ ਹਨ। ਮੌਸਮ ਵਿਭਾਗ ਨੇ ਕਿਹਾ ਕਿ ਗੁਰਦਾਸਪੁਰ ’ਚ 30 ਮਿਲੀਮੀਟਰ, ਬਠਿੰਡਾ ਵਿੱਚ 28, ਕਪੂਰਥਲਾ ਵਿੱਚ 22, ਤਰਨਤਾਰਨ ਵਿੱਚ 20, ਪਠਾਨਕੋਟ ਵਿੱਚ 17, ਅੰਮ੍ਰਿਤਸਰ ਵਿੱਚ 16, ਫਿਰੋਜ਼ਪੁਰ ’ਚ 12, ਪਟਿਆਲਾ ’ਚ 5 ਅਤੇ ਆਨੰਦਪੁਰ ਸਾਹਿਬ ’ਚ 4.6 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਹੈ।

Previous articleDhankhar meets Shah, flags Bengal’s ‘dismal’ law and order
Next articleਅਕਾਲੀ ਦਲ ਦੇ ਇਸ਼ਾਰੇ ’ਤੇ ਬੇਅਦਬੀ ਕੇਸ ਲਟਕਾ ਰਹੀ ਹੈ ਸੀਬੀਆਈ: ਕੈਪਟਨ