ਪੰਜਾਬ ’ਚ ਭਲਕੇ ਖੁੱਲ੍ਹਣਗੇ ਹੋਟਲ, ਸ਼ਾਪਿੰਗ ਮਾਲ ਅਤੇ ਧਾਰਮਿਕ ਸਥਾਨ

ਚੰਡੀਗੜ੍ਹ (ਸਮਾਜਵੀਕਲੀ): ਕੇਂਦਰੀ ਤਰਜ਼ ’ਤੇ ਪੰਜਾਬ ਵਿਚ ਹੋਟਲ-ਰੈਸਟੋਰੈਂਟ, ਸ਼ਾਪਿੰਗ ਮਾਲਜ਼ ਅਤੇ ਧਾਰਮਿਕ ਅਸਥਾਨ ਅੱਠ ਜੂਨ ਤੋਂ ਖੁੱਲ੍ਹ ਜਾਣਗੇ। ਪੰਜਾਬ ਸਰਕਾਰ ਨੇ ਕੇਂਦਰੀ ਲੀਹਾਂ ’ਤੇ (ਲੌਕਡਾਊਨ 5-ਅਨਲੌਕ-1) ਪੜਾਅਵਾਰ ਢਿੱਲਾਂ ਦੇਣ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਪ੍ਰਾਹੁਣਚਾਰੀ ਸੇਵਾਵਾਂ ਨੂੰ ਵੀ ਸਖ਼ਤ ਬੰਦਸ਼ਾਂ ਨਾਲ ਖੋਲ੍ਹੇ ਜਾਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਪ੍ਰਬੰਧਕਾਂ ਨੂੰ ਕੇਂਦਰੀ ‘ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰ’ ਦੀ ਪਾਲਣਾ ਲਈ ਪਾਬੰਦ ਕੀਤਾ ਗਿਆ ਹੈ।

ਵੇਰਵਿਆਂ ਅਨੁਸਾਰ ਧਾਰਮਿਕ ਅਸਥਾਨ ਸਵੇਰੇ 5 ਵਜੇ ਤੋਂ ਸ਼ਾਮ ਅੱਠ ਵਜੇ ਤੱਕ ਖੁੱਲ੍ਹ ਸਕਣਗੇ ਪਰ ਊਥੇ ਪ੍ਰਸ਼ਾਦ ਅਤੇ ਲੰਗਰ ਵਗੈਰਾ ਵਰਤਾਏ ਜਾਣ ਦੀ ਮਨਾਹੀ ਹੋਵੇਗੀ। ਪੂਜਾ ਸਮੇਂ ਇੱਕੋ ਸਮੇਂ 20 ਤੋਂ ਜ਼ਿਆਦਾ ਸ਼ਰਧਾਲੂ ਦਾਖ਼ਲ ਨਹੀਂ ਹੋ ਸਕਣਗੇ ਅਤੇ ਇਸ ਸਮੇਂ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨੀ ਪਵੇਗੀ। ਧਾਰਮਿਕ ਅਸਥਾਨਾਂ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਆਦਿ ਲਈ ਢੁੱਕਵੇਂ ਪ੍ਰਬੰਧ ਕਰਨਗੇ।

ਸ਼ਾਪਿੰਗ ਮਾਲਜ਼ ’ਚ ਦਾਖ਼ਲ ਹੋਣ ਵਾਲੇ ਹਰ ਵਿਅਕਤੀ ਦੇ ਫੋਨ ’ਤੇ ‘ਕੋਵਾ ਐਪ’ ਹੋਣੀ ਲਾਜ਼ਮੀ ਹੋਵੇਗੀ। ਇੱਕ ਮੈਂਬਰ ਕੋਲ ‘ਕੋਵਾ ਐਪ’ ਹੋਣ ’ਤੇ ਪੂਰੇ ਪਰਿਵਾਰ ਨੂੰ ਮਾਲ ’ਚ ਦਾਖ਼ਲ ਹੋਣ ਦੀ ਇਜਾਜ਼ਤ ਹੋਵੇਗੀ। ਸ਼ਾਪਿੰਗ ਮਾਲਜ਼ ਵਿਚ ਟੋਕਨ ਸਿਸਟਮ ਦੇ ਅਾਧਾਰ ’ਤੇ ਦਾਖ਼ਲਾ ਹੋਵੇਗਾ ਅਤੇ ਸਮੇਂ ਦੀ ਪਾਬੰਦੀ ਵੀ ਹੋਵੇਗੀ। ਲਿਫਟ ਵਰਤਣ ਦੀ ਮਨਾਹੀ ਹੋਵੇਗੀ ਅਤੇ ਸ਼ਾਪਿੰਗ ਮਾਲਜ਼ ਵਿਚ ਕੱਪੜਿਆਂ ਅਤੇ ਹੋਰ ਸਾਜ਼ੋ-ਸਾਮਾਨ ਦੀ ਅਜ਼ਮਾਇਸ਼ ਕਰਨ ਦੀ ਮਨਾਹੀ ਹੋਵੇਗੀ। ਮਾਲਜ਼ ਵਿਚ ਫਿਲਹਾਲ ਫੂਡ ਕੋਰਟ/ਰੈਸਟੋਰੈਂਟ ਨਹੀਂ ਖੁੱਲ੍ਹਣਗੇ ਅਤੇ ਉਹ ਸਿਰਫ਼ ਹੋਮ ਡਲਿਵਰੀ ਹੀ ਦੇ ਸਕਣਗੇ।

ਇਵੇਂ ਹੀ ਰੈਸਟੋਰੈਂਟ ਵਿਚ ਖਾਣਾ ਖਾਣ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਰੈਸਟੋਰੈਂਟ ਸਿਰਫ਼ ਹੋਮ ਡਲਿਵਰੀ ਜਾਂ ਫਿਰ ਟੇਕ ਅਵੇ (ਨਾਲ ਲੈ ਕੇ ਜਾਣ) ਦੀ ਸਹੂਲਤ ਹੀ ਦੇ ਸਕਣਗੇ। ਸਰਕਾਰ ਵੱਲੋਂ 15 ਜੂਨ ਨੂੰ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਅਗਲਾ ਫੈਸਲਾ ਲਿਆ ਜਾਵੇਗਾ। ਹੋਟਲਾਂ ਵਿਚਲੇ ਰੈਸਟੋਰੈਂਟ ਹਾਲੇ ਬੰਦ ਰਹਿਣਗੇ ਅਤੇ ਕਮਰਿਆਂ ਵਿਚ ਮਹਿਮਾਨਾਂ ਨੂੰ ਖਾਣਾ ਦੇਣ ਦੀ ਖੁੱਲ੍ਹ ਹੋਵੇਗੀ। ਹੋਰ ਢਿੱਲਾਂ ਦੇਣ ਬਾਰੇ ਅਗਾਮੀ ਫੈਸਲਾ ਹਫਤੇ ਮਗਰੋਂ ਹੋਵੇਗਾ।

ਇਸ ਤੋਂ ਇਲਾਵਾ ਸਾਰਿਆਂ ਨੂੰ ਰਾਤ ਦੇ ਕਰਫਿਊ ਦੀ ਪਾਲਣਾ ਕਰਨੀ ਹੋਵੇਗੀ। ਹੋਟਲਾਂ ਅਤੇ ਰੈਸਟੋਰੈਂਟਸ ਨੂੰ ਸਮਾਜਿਕ ਦੂਰੀ ਅਤੇ ਕੋਵਿਡ ਹਦਾਇਤਾਂ ਦੀ ਪਾਲਣਾ ਕਰਨ ਵਾਸਤੇ ਕਿਹਾ ਗਿਆ ਹੈ। ਸਿਹਤ ਮਹਿਕਮੇ ਦੀਆਂ ਟੀਮਾਂ ਵੱਲੋਂ ਸਮੇਂ ਸਮੇਂ ’ਤੇ ਚੈਕਿੰਗ ਕੀਤੀ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਨ ਸਥਾਨਕ ਹਾਲਾਤ ਦਾ ਜਾਇਜ਼ਾ ਲੈ ਕੇ ਸਖ਼ਤੀ ਵੀ ਕਰ ਸਕਦਾ ਹੈ। ਦੱਸਣਯੋਗ ਹੈ ਕਿ ਹੋਟਲ ਸਨਅਤ ਨੂੰ ਤਾਲਾਬੰਦੀ ਦੌਰਾਨ ਵੱਡਾ ਮਾਲੀ ਨੁਕਸਾਨ ਹੋਇਆ ਹੈ। ਸ਼ਾਪਿੰਗ ਮਾਲਜ਼ ਬੰਦ ਹੋਣ ਕਰ ਕੇ ਵੀ ਕਾਰੋਬਾਰੀ ਪ੍ਰਭਾਵਿਤ ਹੋਏ ਹਨ।

Previous articleਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੈਟਿਕ ਪਾਰਟੀ ਦੇ ਊਮੀਦਵਾਰ ਬਣੇ ਬਿਡੇਨ
Next articleਵਧੇਰੇ ਟੈਸਟਾਂ ਨਾਲ ਭਾਰਤ ਤੇ ਚੀਨ ’ਚ ਅਮਰੀਕਾ ਨਾਲੋਂ ਵੀ ਵੱਧ ਕੇਸ ਹੋਣ: ਟਰੰਪ