ਪੰਜਾਬ ’ਚ ਦੁਕਾਨਾਂ ਤੋਂ ਖ਼ਤਮ ਹੋਣ ਲੱਗਾ ਰਾਸ਼ਨ

ਉੱਤਰ ਪ੍ਰਦੇਸ਼ ਅਤੇ ਦਿੱਲੀ ਤੋਂ ਸਪਲਾਈ ਰੁਕਣ ਕਾਰਨ ਨਵਾਂ ਸੰਕਟ ਖੜ੍ਹਾ ਹੋਇਆ

ਚੰਡੀਗੜ੍ਹ- ਪੰਜਾਬ ਵਿੱਚ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਈਆਂ ਗਈਆਂ ਪਾਬੰਦੀਆਂ ਤੇ ਕਰਫਿਊ ਦਾ ਅੱਜ ਛੇਵਾਂ ਦਿਨ ਹੈ ਅਤੇ ਲੋਕਾਂ ਨੂੰ ਆਏ ਦਿਨ ਨਵੀਆਂ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਸੂਬੇ ਦੇ ਸਿਹਤ ਵਿਭਾਗ ਨੇ ਕਰੋਨਾਵਾਇਰਸ ਦਾ ਅੱਜ ਕੋਈ ਨਵਾਂ ਕੇਸ ਸਾਹਮਣੇ ਨਾ ਆਉਣ ਦੀ ਰਿਪੋਰਟ ਦੇ ਕੇ ਕੁਝ ਰਾਹਤ ਤਾਂ ਦਿੱਤੀ ਹੈ ਪਰ ਕੰਮ-ਕਾਰ ਛੱਡ ਕੇ ਘਰਾਂ ’ਚ ਬੈਠੇ ਲੋਕਾਂ ਦੀ ਜ਼ਿੰਦਗੀ ਨੂੰ ਚਲਦਾ ਰੱਖਣ ਲਈ ਕੋਈ ਰਾਹਤ ਨਹੀਂ ਮਿਲ ਰਹੀ। ‘ਪੰਜਾਬੀ ਟ੍ਰਿਬਿਊਨ’ ਵੱਲੋਂ ਸੂਬੇ ਦੇ ਵੱਡੇ ਛੋਟੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਕਰਿਆਨੇ ਦੀਆਂ ਜ਼ਿਆਦਾਤਰ ਦੁਕਾਨਾਂ ’ਤੇ ਜਾਂ ਤਾਂ ਲੋੜੀਂਦਾ ਸਾਮਾਨ ਖ਼ਤਮ ਹੋ ਗਿਆ ਹੈ ਜਾਂ ਮੁੱਕਣ ਕਿਨਾਰੇ ਪਹੁੰਚ ਗਿਆ ਹੈ। ਦੁਕਾਨਦਾਰਾਂ ਨੇ ਕਿਹਾ ਕਿ ਪੰਜਾਬ ਨੂੰ ਕਰਿਆਨੇ ਦੀ ਵੱਡੀ ਪੱਧਰ ’ਤੇ ਸਪਲਾਈ ਨਵੀਂ ਦਿੱਲੀ ਸਮੇਤ ਹੋਰਨਾਂ ਰਾਜਾਂ ਤੋਂ ਹੁੰਦੀ ਹੈ ਪਰ ਪਿਛਲੇ ਇੱਕ ਹਫ਼ਤੇ ਤੋਂ ਹੋਰਨਾਂ ਸੂਬਿਆਂ ਤੋਂ ਸਪਲਾਈ ਠੱਪ ਹੋਣ ਕਾਰਨ ਦਾਲਾਂ, ਗੁੜ, ਮਸਾਲੇ ਅਤੇ ਹੋਰ ਨਿੱਤ ਵਰਤੋਂ ਦੇ ਸਾਮਾਨ ’ਚ ਭਾਰੀ ਕਮੀ ਆ ਗਈ ਹੈ। ਇੱਥੋਂ ਤੱਕ ਕਿ ਚੰਡੀਗੜ੍ਹ ਦੇ ਸਟੋਰਾਂ ਉਪਰ ਵੀ ਸਾਮਾਨ ਖ਼ਤਮ ਹੋਣ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਦੁਕਾਨਦਾਰਾਂ ਵੱਲੋਂ ਗਾਹਕਾਂ ਨੂੰ ਘੱਟ ਮਾਤਰਾ ਵਿੱਚ ਸਾਮਾਨ ਦਿੱਤਾ ਜਾ ਰਿਹਾ ਹੈ। ਉਧਰ ਲੋਕਾਂ ਵਿੱਚ ਘਬਰਾਹਟ ਪਾਈ ਜਾ ਰਹੀ ਹੈ ਕਿ ਜੇਕਰ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਲਾਈਆਂ ਗਈਆਂ ਪਾਬੰਦੀਆਂ 15 ਅਪਰੈਲ ਤੋਂ ਬਾਅਦ ਹੋਰ ਵਧ ਜਾਂਦੀਆਂ ਹਨ ਤਾਂ ਜ਼ਰੂਰੀ ਵਸਤਾਂ ਦੀ ਭਾਰੀ ਥੁੜ ਪੈਦਾ ਹੋ ਸਕਦੀ ਹੈ। ਉਂਜ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਝੁੱਗੀ-ਝੌਂਪੜੀ ’ਚ ਰਹਿੰਦੇ ਗਰੀਬਾਂ, ਰਿਕਸ਼ਾ ਚਾਲਕਾਂ ਅਤੇ ਦਿਹਾੜੀਦਾਰਾਂ ਦੇ ਪਰਿਵਾਰਾਂ ਨੂੰ ਰਾਸ਼ਨ ਤੇ ਸਬਜ਼ੀਆਂ ਪਹੁੰਚਾਉਣ ਦੇ ਦਾਅਵੇ ਕੀਤੇ ਹਨ। ਪੁਲੀਸ ਵੱਲੋਂ ਸਾਮਾਨ ਵੰਡਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਰਾਹੀਂ ਜਨਤਕ ਕਰਕੇ ਲੋਕਾਂ ਦੇ ਮਿੱਤਰ ਹੋਣ ਦਾ ਸਬੂਤ ਦੇਣ ਦਾ ਯਤਨ ਵੀ ਕੀਤਾ ਗਿਆ ਹੈ।
ਲੁਧਿਆਣਾ ਸ਼ਹਿਰ ਦੇ ਪੱਖੋਵਾਲ ਰੋਡ ’ਤੇ ਸਥਿਤ ਕਰਿਆਨੇ ਦੀਆਂ ਦੋ ਦੁਕਾਨਾਂ ਦੇ ਮਾਲਕਾਂ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਸਿਰਫ਼ ਆਟੇ ਦੀ ਸਪਲਾਈ ਹੋਈ ਹੈ। ਇਨ੍ਹਾਂ ਦੁਕਾਨਕਾਰਾਂ ਮੁਤਾਬਕ ਆਟਾ ਸਥਾਨਕ ਚੱਕੀਆਂ ਤੋਂ ਸਪਲਾਈ ਹੁੰਦਾ ਹੈ। ਇਸ ਕਰਕੇ ਕੋਈ ਖਾਸ ਰੁਕਾਵਟ ਨਹੀਂ ਹੈ। ਉਨ੍ਹਾਂ ਦੱਸਿਆ ਕਿ ਨਵੀਂ ਦਿੱਲੀ ਸਥਿਤ ਥੋਕ ਦੇ ਵਪਾਰੀਆਂ ਨਾਲ ਦਾਲਾਂ ਅਤੇ ਹੋਰ ਰਾਸ਼ਨ ਦੀ ਸਪਲਾਈ ਸਬੰਧੀ ਪੁੱਛਿਆ ਤਾਂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ। ਤਪਾ ਮੰਡੀ ਦੇ ਬਨਾਰਸੀ ਦਾਸ ਕਰਿਆਨਾ ਸਟੋਰ ਦੇ ਮਾਲਕ ਹੈਪੀ ਪੰਸਾਰੀ ਨੇ ਕਿਹਾ ਕਿ ਗੁੜ ਤੇ ਦਾਲਾਂ ਦੀ ਜ਼ਿਆਦਾ ਘਾਟ ਆ ਰਹੀ ਹੈ ਕਿਉਂਕਿ ਗੁੜ ਉੱਤਰ ਪ੍ਰਦੇਸ਼ ਅਤੇ ਦਾਲਾਂ ਜ਼ਿਆਦਾਤਰ ਦਿੱਲੀ ਤੋਂ ਆਉਂਦੀਆਂ ਹਨ। ‘ਸਾਡੇ ਕੋਲ ਗੁੜ ਦਾ ਸਟਾਕ ਤਾਂ ਖ਼ਤਮ ਹੋ ਚੁੱਕਾ ਹੈ ਜਦੋਂ ਕਿ ਬਾਕੀ ਜ਼ਰੂਰੀ ਵਸਤਾਂ ਦਾ ਸਟਾਕ ਵੀ ਹੌਲੀ-ਹੌਲੀ ਘਟਦਾ ਜਾ ਰਿਹਾ ਹੈ।’ ਉਨ੍ਹਾਂ ਕਿਹਾ,‘‘ਲੌਕਡਾਉਨ ਤੋਂ ਪਹਿਲਾਂ ਦੇ ਤਿੰਨ ਦਿਨ ਸਾਡੀ ਦੁਕਾਨ ’ਤੇ ਭਾਰੀ ਭੀੜ ਰਹੀ ਅਤੇ ਲੋਕਾਂ ਨੇ ਲੋੜੀਂਦਾ ਸਾਮਾਨ ਆਪਣੇ ਘਰਾਂ ਵਿਚ ਸਟਾਕ ਕਰਨ ਲਈ ਖ਼ਰੀਦ ਲਿਆ ਸੀ ਜਿਸ ਕਾਰਨ ਸਾਡੇ ਕੋਲ ਸਟਾਕ ਨਹੀਂ ਰਿਹਾ। ਦਾਲਾਂ ਦੇ ਰੇਟ ਵੀ ਹੁਣ 10 ਤੋਂ 15 ਰੁਪਏ ਪ੍ਰਤੀ ਕਿੱਲੋ ਵਧ ਗਏ ਹਨ ਅਤੇ ਸਾਨੂੰ ਖੁਦ ਨੂੰ ਦਾਲਾਂ ਨਹੀਂ ਮਿਲ ਰਹੀਆਂ। ਜੇ ਇੰਜ ਦੇ ਹੀ ਹਾਲਾਤ ਰਹੇ ਅਤੇ 5 ਦਿਨ ਹੋਰ ਸਪਲਾਈ ਨਾ ਆਈ ਤਾਂ ਅਸੀਂ ਲੋਕਾਂ ਨੂੰ ਜ਼ਰੂਰੀ ਵਸਤਾਂ ਮੁਹੱਈਆ ਨਹੀਂ ਕਰਵਾ ਸਕਾਂਗੇ।’’
ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀਜੀਪੀ ਦੇ ਹੁਕਮਾਂ ਤੋਂ ਬਾਅਦ ਪੁਲੀਸ ਨੇ ਅੱਜ ਪਾਬੰਦੀਆਂ ਨੂੰ ਲਾਗੂ ਕਰਨ ਲਈ ਪਹਿਲੇ ਦਿਨਾਂ ਵਾਂਗ ਸਖ਼ਤੀ ਨਹੀਂ ਦਿਖਾਈ। ਇਸ ਦੇ ਨਤੀਜੇ ਵਜੋਂ ਪਿੰਡਾਂ ਦੀਆਂ ਸੱਥਾਂ ’ਚ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਪੁਲੀਸ ਨੇ ਲੋਕਾਂ ਦੀ ਸਹੂਲਤ ਲਈ ਕਾਇਮ ਕੀਤੇ ਗਏ ਹੈਲਪਲਾਈਨ ਨੰਬਰ 112 ਅਤੇ ‘ਐਮਰਜੈਂਸੀ ਸਟੇਸ਼ਨ’ ਨੂੰ ਹੋਰ ਵੀ ਅਸਰਦਾਰ ਬਣਾਉਣ ਦਾ ਦਾਅਵਾ ਕੀਤਾ ਹੈ। ਇਸ ਸਟੇਸ਼ਨ ’ਤੇ ਤਾਇਨਾਤ ਪੁਲੀਸ ਕਰਮੀਆਂ ਦੀ ਗਿਣਤੀ 53 ਤੋਂ ਵਧਾ ਕੇ 159 ਕਰ ਦਿੱਤੀ ਹੈ। ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪਾਬੰਦੀਆਂ ਦੇ ਲੱਗਣ ਤੋਂ ਬਾਅਦ ਇਸ ਫੋਨ ਨੰਬਰ ’ਤੇ 17 ਹਜ਼ਾਰ ਵਿਅਕਤੀਆਂ ਨੇ ਫੋਨ ਕੀਤਾ ਅਤੇ ਆਪਣੀਆਂ ਸਮੱਸਿਆਵਾਂ ਦੱਸੀਆਂ ਜਿਨ੍ਹਾਂ ਨੂੰ ਪੁਲੀਸ ਨੇ ਹੱਲ ਕੀਤਾ। ਡੀਜੀਪੀ ਨੇ ਦੱਸਿਆ ਕਿ ਸਵਾ ਦੋ ਲੱਖ ਦੇ ਕਰੀਬ ਰਾਸ਼ਨ ਅਤੇ ਸਾਢੇ ਪੰਜ ਲੱਖ ਦੇ ਕਰੀਬ ਖਾਣੇ ਦੇ ਪੈਕੇਟ ਲੋੜਵੰਦ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਪੁਲੀਸ ਵੱਲੋਂ ਵੰਡੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ’ਤੇ ਏਆਈਜੀ, ਡੀਆਈਜੀ, ਆਈਜੀ ਤੇ ਵਧੀਕ ਡੀਜੀਪੀ ਰੈਂਕ ਦੇ ਅਫ਼ਸਰਾਂ ਨੂੰ ਜ਼ਿਲ੍ਹਿਆਂ ਨਾਲ ਤਾਲਮੇਲ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਕਿਹਾ ਗਿਆ ਹੈ।

Previous articleIll-tended Practices of Educational Institutions of India: A Discourse
Next articleਕੋਵਿਡ-19: ਪੰਜਾਬ ’ਚ ਨਵਾਂ ਕੇਸ ਸਾਹਮਣੇ ਆਉਣ ਤੋਂ ਰਿਹਾ ਬਚਾਅ