ਪੰਜਾਬ ’ਚ ਕਰੋਨਾ ਪੀੜਤਾਂ ਦੀ ਗਿਣਤੀ 170 ਹੋਈ

9 ਨਵੇਂ ਮਾਮਲੇ ਸਾਹਮਣੇ ਆਏ; ਮੁਹਾਲੀ ਤੇ ਜਲੰਧਰ ’ਚ ਸਭ ਤੋਂ ਵੱਧ ਕੇਸ

ਚੰਡੀਗੜ੍ਹ  (ਸਮਾਜਵੀਕਲੀ)  – ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਕਰੋਨਾਵਾਇਰਸ ਹੁਣ ਤੱਕ 170 ਵਿਅਕਤੀਆਂ ਨੂੰ ਲਪੇਟ ਵਿੱਚ ਲੈ ਚੁੱਕਾ ਹੈ। ਮੁਹਾਲੀ ਅਤੇ ਜਲੰਧਰ ਸੂਬੇ ਦੇ ਦੋ ਅਜਿਹੇ ਜ਼ਿਲ੍ਹੇ ਹਨ ਜਿੱਥੇ ਪਿਛਲੇ 24 ਘੰਟਿਆਂ ਦੌਰਾਨ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ।

ਸਿਹਤ ਵਿਭਾਗ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਜਲੰਧਰ ਜ਼ਿਲ੍ਹੇ ਵਿੱਚ 7 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਇਸ ਜ਼ਿਲ੍ਹੇ ਵਿੱਚ ਪੀੜਤਾਂ ਦੀ ਗਿਣਤੀ 22 ਤੱਕ ਪਹੁੰਚ ਗਈ ਹੈ ਜਦਕਿ ਮੁਹਾਲੀ ਵਿੱਚ ਪਿਛਲੇ 24 ਘੰਟਿਆਂ ਦੌਰਾਨ 3 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਜ਼ਿਲ੍ਹੇ ਵਿੱਚ ਕੁੱਲ ਗਿਣਤੀ 53 ਦੱਸੀ ਗਈ ਹੈ। ਗ਼ੈਰ-ਸਰਕਾਰੀ ਸੂਤਰਾਂ ਨੇ ਮੁਹਾਲੀ ਜ਼ਿਲ੍ਹੇ ਵਿੱਚ ਨਵੇਂ ਕੇਸ 4 ਅਤੇ ਕੁੱਲ ਗਿਣਤੀ 54 ਦੱਸੀ ਹੈ।

ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਸਭ ਤੋਂ ਪਹਿਲਾਂ ਬਲਦੇਵ ਸਿੰਘ ਨਾਂ ਦੇ ਵਿਅਕਤੀ ਦੀ ਮੌਤ ਇਸ ਵਾਇਰਸ ਕਾਰਨ ਹੋਣ ਤੋਂ ਬਾਅਦ ਵੱਡੀ ਗਿਣਤੀ ਮਾਮਲੇ ਸਾਹਮਣੇ ਆਏ ਸਨ। ਸਿਹਤ ਵਿਭਾਗ ਮੁਤਾਬਕ ਪਿਛਲੇ ਇੱਕ ਹਫ਼ਤੇ ਤੋਂ ਇਸ ਜ਼ਿਲ੍ਹੇ ਵਿੱਚ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਬਲਕਿ ਜਿਹੜੇ 18 ਵਿਅਕਤੀ ਇਲਾਜ ਅਧੀਨ ਸਨ ਉਨ੍ਹਾਂ ਵਿੱਚੋਂ ਵੀ 13 ਪੂਰੀ ਤਰ੍ਹਾਂ ਸਿਹਤਯਾਬ ਹੋ ਗਏ ਹਨ। ਸੂਬੇ ਵਿੱਚ ਕਰੋਨਾਵਾਇਰਸ ਨੂੰ ਮਾਤ ਦੇਣ ਵਾਲੇ ਵਿਅਕਤੀਆਂ ਦੀ ਗਿਣਤੀ 23 ਹੈ।

ਪੰਜਾਬ ਵਿੱਚ ਕਰਫਿਊ ਦਾ 21ਵਾਂ ਦਿਨ ਹੈ ਅਤੇ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੇ ਕੁਝ ਦਿਨ ਅਨੁਸ਼ਾਸਨਹੀਣਤਾ ਦਿਖਾਉਣ ਤੋਂ ਬਾਅਦ ਹੁਣ ਘਰਾਂ ਅੰਦਰ ਰਹਿਣਾ ਹੀ ਭਲਾਈ ਸਮਝ ਲਈ ਹੈ। ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ 30 ਅਪਰੈਲ ਤੱਕ ਤਾਂ ਕਰਫਿਊ ਵਧਾ ਹੀ ਦਿੱਤਾ ਹੈ ਤੇ ਹੁਣ ਸਰਕਾਰ ਦਾ ਸਾਰਾ ਧਿਆਨ ਕਣਕ ਦੀ ਵਾਢੀ, ਖ਼ਰੀਦ ਅਤੇ ਕਰੋਨਾ ਪੀੜਤਾਂ ਨੂੰ ਸਾਂਭਣ ਵੱਲ ਹੈ।

ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਕਰੋਨਾ ਦੇ ਚਲਦਿਆਂ ਕਣਕ ਦੀ ਖਰੀਦ ਵੱਡੀ ਚੁਣੌਤੀ ਬਣੀ ਹੋਈ ਹੈ। ਸਿਹਤ ਵਿਭਾਗ ਵੱਲੋਂ ਅਨਾਜ ਮੰਡੀਆਂ ਵਿੱਚ ਸਮਾਜਿਕ ਦੂਰੀ ਬਣਾ ਕੇ ਰੱਖਣ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਲਗਾਤਾਰ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ।

Previous articleਨਿਹੰਗ ਸਿੰਘ ਨੇ ਥਾਣੇਦਾਰ ਦਾ ਗੁੱਟ ਵੱਢਿਆ
Next articleਭਾਰਤ ਦੀ ਵਿਕਾਸ ਦਰ 1.5 ਤੋਂ 2.8 ਫ਼ੀਸਦ ਰਹਿਣ ਦਾ ਅਨੁਮਾਨ