ਪੰਜਾਬ ’ਚ ਕਰੋਨਾਵਾਇਰਸ ਨਾਲ ਦੋ ਮੌਤਾਂ

ਚੰਡੀਗੜ੍ਹ (ਸਮਾਜਵੀਕਲੀ) –  ਪੰਜਾਬ ਵਿੱਚ ਅੱਜ ਦੋ ਹੋਰ ਜਾਨਾਂ ਕਰੋਨਾਵਾਇਰਸ ਦੀ ਭੇਟ ਚੜ੍ਹ ਗਈਆਂ।ਫਿਰੋਜ਼ਪੁਰ ਵਿੱਚ ਇੱਕ ਵਿਅਕਤੀ ਇਸ ਖਤਰਨਾਕ ਵਾਇਰਸ ਨਾਲ ਲੜਾਈ ਦੌਰਾਨ ਦਮ ਤੋੜ ਗਿਆ। ਉਧਰ ਲੁਧਿਆਣਾ ਦੇ ਡੀਐੱਮਸੀ ’ਚ ਇਲਾਜ ਅਧੀਨ ਫਗਵਾੜਾ ਨਾਲ ਸਬੰਧਤ ਬਜ਼ੁਰਗ ਵੀ ਕਰੋਨਾ ਅੱਗੇ ਜੰਗ ਹਾਰ ਗਿਆ।

ਬਜ਼ੁਰਗ ਨੂੰ ਮੌਤ ਮਗਰੋਂ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਨ੍ਹਾਂ ਦੋ ਮੌਤਾਂ ਬਾਅਦ ਸੂਬੇ ਵਿੱਚ ਕਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 22 ਹੋ ਗਈ ਹੈ। ਉਧਰ ਪੰਜਾਬ ਵਿੱਚ ਕਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਪੰਜਵੇਂ ਦਿਨ ਰਿਕਾਰਡ ਵਾਧਾ ਜਾਰੀ ਰਿਹਾ।

ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਕਰੋਨਾ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 1117 ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਰ ਰਾਤ ਤੱਕ ਨਮੂਨਿਆਂ ਦੇ ਨਤੀਜੇ ਆਉਣ ਮਗਰੋਂ ਇਹ ਗਿਣਤੀ 1200 ਨੂੰ ਵੀ ਟੱਪ ਸਕਦੀ ਹੈ। ਸੂਬੇ ਦੇ ਕੁਝ ਜ਼ਿਲ੍ਹੇ ਜਿਵੇਂ ਕਿ ਬਠਿੰਡਾ,,, ਗੁਰਦਾਸਪੁਰ,, ਫਿਰੋਜ਼ਪੁਰ,, ਮੁਕਤਸਰ,, ਰੋਪੜ,, ਫਾਜ਼ਿਲਕਾ ਆਦਿ ਵਿੱਚ ਮਰੀਜ਼ਾਂ ਦੀ ਗਿਣਤੀ ਨਾਂਮਾਤਰ ਹੋਣ ਕਾਰਨ ਸਿਹਤ ਵਿਭਾਗ ਰਾਹਤ ਮਹਿਸੂਸ ਕਰ ਰਿਹਾ ਸੀ, ਪਰ ਪਿਛਲੇ ਦਿਨਾਂ ਦੌਰਾਨ ਇਨ੍ਹਾਂ ਜ਼ਿਲ੍ਹਿਆਂ ਵਿੱਚ ਵੀ ਮਰੀਜ਼ਾਂ ਦੀ ਵੱਡੀ ਪੱਧਰ ’ਤੇ ਆਮਦ ਨੋਟ ਕੀਤੀ ਗਈ ਹੈ।

ਸਿਹਤ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਦਰਮਿਆਨ ਅੰਮ੍ਰਿਤਸਰ ਜ਼ਿਲ੍ਹੇ ਵਿੱਚ 75,, ਨਵਾਂਸ਼ਹਿਰ ’ਚ 62, ਹੁਸ਼ਿਆਰਪੁਰ 46,, ਮੁਕਤਸਰ 43, ਬਠਿੰਡਾ 33,, ਗੁਰਦਾਸਪੁਰ 24,, ਲੁਧਿਆਣਾ 16,, ਬਰਨਾਲਾ ’ਚ 15, ਰੋਪੜ 9, ਸੰਗਰੂਰ, ਫਤਹਿਗੜ੍ਹ ਸਾਹਿਬ ਤੇ ਜਲੰਧਰ ’ਚ 4-4, ਮਾਨਸਾ ’ਚ 3, ਮੁਹਾਲੀ, ਬਰਨਾਲਾ ਤੇ ਫਿਰੋਜ਼ਪੁਰ ਵਿੱਚ 2,-2 ਅਤੇ ਪਟਿਆਲਾ ਵਿੱਚ 1 ਕੇਸ ਸਾਹਮਣੇ ਆਇਆ ਹੈ। ਸਿਹਤ ਵਿਭਾਗ ਨੂੰ 5140 ਨਮੂਨਿਆਂ ਦੇ ਨਤੀਜਿਆਂ ਦੀ ਉਡੀਕ ਹੈ।

ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਹੋਰਨਾਂ ਸੂਬਿਆਂ ਤੋਂ ਹੁਣ ਤੱਕ 7 ਹਜ਼ਾਰ ਤੋਂ ਵੱਧ ਵਿਅਕਤੀ ਪੰਜਾਬ ਆਇਆ ਹੈ। ਕੇਂਦਰ ਅਤੇ ਰਾਜ ਸਰਕਾਰ ਵੱਲੋਂ ਛੋਟ ਦਿੱਤੇ ਜਾਣ ਤੋਂ ਬਾਅਦ ਪੰਜਾਬ ’ਚ ਹੋਰਨਾਂ ਵਿਅਕਤੀਆਂ ਦੇ ਆਉਣ ਦੀ ਉਮੀਦ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਨ੍ਹਾਂ ਦੇ ਨਮੂਨੇ ਲਏ ਜਾ ਰਹੇ ਹਨ।

ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਜਿਸ ਅਨੁਪਾਤ ਨਾਲ ਨਤੀਜੇ ਪਾਜ਼ੇਟਿਵ ਆ ਰਹੇ ਹਨ, ਉਸ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਸੂਬੇ ਵਿੱਚ ਇਸ ਖਤਕਰਨਾਕ ਵਾਇਰਸ ਤੋਂ ਪ੍ਰਭਾਵਿਤ ਵਿਅਕਤੀਆਂ ਦਾ ਅੰਕੜਾ 2 ਹਜ਼ਾਰ ਦੇ ਨੇੜੇ ਜਾ ਸਕਦਾ ਹੈ। ਬਾਹਰੋਂ ਆਏ ਵਿਅਕਤੀਆਂ ’ਚ ਲਾਗ ਦੇ ਲੱਛਣਾਂ ਕਰਕੇ ਇਸ ਵਾਇਰਸ ਨੇ ਹੁਣ ਸਮੁੱਚੇ ਪੰਜਾਬ ਨੂੰ ਲਪੇਟੇ ਵਿੱਚ ਲੈ ਲਿਆ ਹੈ।

ਪੰਜਾਬ ਸਰਕਾਰ ਵੱਲੋਂ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਵਿਅਕਤੀਆਂ ਨੂੰ ਸਕੂਲਾਂ,, ਧਾਰਮਿਕ ਡੇਰਿਆਂ ਅਤੇ ਹੋਰਨਾਂ ਥਾਵਾਂ ’ਤੇ ਇਕਾਂਤਵਾਸ ਵਿੱਚ ਰੱਖਿਆ ਜਾ ਰਿਹਾ ਹੈ। ਜਿਨ੍ਹਾਂ ਵਿਅਕਤੀਆਂ ਦੇ ਨਮੂਨੇ ਪਾਜ਼ੇਟਿਵ ਆ ਜਾਂਦੇ ਹਨ, ਉਨ੍ਹਾਂ ਨੂੰ ਹਸਪਤਾਲਾਂ ਦੇ ਆਈਸੋਲੇਸ਼ਨ ਕੇਂਦਰਾਂ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ।

ਪੰਜਾਬ ਵਿੱਚ 29 ਅਪਰੈਲ ਨੂੰ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਵਿਅਕਤੀਆਂ ’ਚ ਲਾਗ ਦੇ ਲੱਛਣ ਸਾਹਮਣੇ ਆਉਣ ਲੱਗੇ ਸਨ। ਸਿਹਤ ਵਿਭਾਗ ਨੇ ਪਹਿਲੇ ਦਿਨ ਤਾਂ 35 ਨਵੇਂ ਕੇਸ ਰਿਪੋਰਟ ਹੋਣ ਦਾ ਖੁਲਾਸਾ ਕੀਤਾ ਸੀ ਤੇ ਅੱਜ ਚੌਥੇ ਦਿਨ ਇਹ ਗਿਣਤੀ ਸੈਂਕੜਿਆਂ ਤੱਕ ਪਹੁੰਚ ਗਈ ਹੈ। ਪੰਜਾਬ ਵਿੱਚ ਅੱਜ ਤੱਕ ਲਏ ਗਏ ਨਮੂਨਿਆਂ ਦੀ ਗਿਣਤੀ 26,439 ਤੱਕ ਪਹੁੰਚ ਗਈ ਹੈ।

Previous article32 Days and Counting: COVID-19 Lockdown – 1st MAY 2020
Next articleਦੇਸ਼ ਭਰ ਵਿੱਚ ‘ਕਰੋਨਾ ਯੋਧਿਆਂ’ ਨੂੰ ਹਥਿਆਰਬੰਦ ਬਲਾਂ ਦਾ ਸਲਾਮ