ਪੰਜਾਬੀ ਸੱਭਿਆਚਾਰ ਤੇ ਕਿਤਾਬਾਂ

ਬਬਰੀਕ ਸਿੰਘ

(ਸਮਾਜ ਵੀਕਲੀ)

ਪੰਜਾਬ ਦਾ ਅਮੀਰ ਇਤਹਾਸ, ਸੱਭਿਆਚਾਰ ਕੀ ਹੈ ਇਹ ਕਿਸੇ ਤੋਂ ਛੁਪਿਆਂ ਹੋਇਆਂ ਨਹੀਂ ਹੈ । ਪੰਜਾਬ, ਹਿੰਦੋਸਤਾਨ ਦਾ ਮੁੱਖ ਦਰਵਾਜਾ ਰਿਹਾ ਹੈ । ਜਿੰਨ੍ਹੇ ਵੀ ਹਮਲਾਵਰ ਆਏ ਉਨ੍ਹਾਂ ਦਾ ਸਭ ਤੋਂ ਪਹਿਲਾਂ ਰਾਹ ਪੰਜਾਬੀਆਂ ਨੇ ਹੀ ਡੱਕਿਆਂ ਪੰਜਾਬੀ ਬਹਾਦਰ, ਨਿੱਡਰ ਤੇ ਦਲੇਰ ਕੌਮ ਵਜੋਂ ਉੱਭਰ ਕੇ ਸਾਹਮਣੇ ਆਏ ਪੰਜਾਬ ਦੀ ਬਹਾਦਰੀ ਦਾ ਗੁਣਗਾਨ ਸਦੀਆਂ ਤੋਂ ਹੁੰਦਾ ਆਇਆ ਹੈ ਪਰ ਸਿਰਫ ਸਰੀਰਕ ਬਹਾਦਰੀ ਦੇ ਪੱਖ ਤੋਂ ਅਸੀਂ ਪੰਜਾਬ ਦੇ ਬੌਧਿਕ ਇਤਹਾਸ ਨੂੰ ਅੱਗੋਂ ਉਹਲੇ ਕਰ ਦਿੱਤਾ ।

ਸੰਸਾਰ ਦੀ ਪਹਿਲੀ ਕਿਤਾਬ ਲਿਖਣ ਦਾ ਮਾਣ ਪੰਜਾਬ ਦੀ ਧਰਤੀ ਨੂੰ ਹਾਸਿਲ ਹੈ ਕਿਉਕਿ ਗ੍ਰੰਥ “ ਰਿਗਵੇਦ “ ਪੰਜਾਬ ਦੀ ਧਰਤੀ ਤੇ ਹੀ ਰਚਿਆਂ ਗਿਆਂ ਜਿਸਨੂੰ ਸੰਸਾਰ ਦੀ ਪਹਿਲੀ ਕਿਤਾਬ ਆਖਿਆ ਜਾਂਦਾ ਹੈ ।

ਸਾਡਾ ਤਾਂ ਪੀਰੋ ਮੁਰਸ਼ਦ ਵੀ ਸ਼ਬਦ ਗੁਰੂ ਹੈ ਭਾਵ “ ਸ੍ਰੀ ਗੁਰੂ ਗ੍ਰੰਥ ਸਾਹਿਬ “ ਜੀ ਹਨ । ਸ਼ਬਦ ਗੁਰੂ ਹੋਣ ਦੇ ਬਾਵਜੂਦ ਵੀ ਪੰਜਾਬੀ ਕਿਤਾਬਾਂ ਪੜ੍ਹਨ ਵਿੱਚ ਫਾਡੀ ਹਨ । ਸਾਡੇ ਘਰ ਹਥਿਆਰ ਰੱਖਣ ਦਾ ਰਿਵਾਜ਼ ਤਾਂ ਹੈ ਪਰ ਲਾਇਬ੍ਰੇਰੀ ਬਣਾਉਣ ਦਾ ਰਿਵਾਜ਼ ਹਜੇ ਤੱਕ ਨਹੀਂ ਆਇਆਂ ?! ਪੰਜਾਬੀ ਸਾਹਿਤ ਦੀ ਸਿਰਮੌਰ ਲੇਖਿਕਾ ਅੰਮ੍ਰਿਤਾ ਪ੍ਰੀਤਮ ਜੀ ਇੱਕ ਥਾਂ ਜ਼ਿਕਰ ਕਰਦੇ ਹਨ ਕਿ,” ਬਰਮਾ ਵਿੱਚ ਚੰਗੇ ਲੇਖਿਕ ਦੀ ਕਿਤਾਬ ਦੀ ਪਹਿਲੀ ਐਡੀਸ਼ਨ ਵਿੱਚ ਪੰਜਾਹ ਹਜ਼ਾਰ ਕਾਪੀ ਛਪਦੀ ਹੈ । ਉੱਥੇ ਰਿਵਾਜ਼ ਹੈ ਕਿ ਜੇਕਰ ਇੱਕ ਘਰ ਵਿੱਚ ਮਾਂ ਤੇ ਪੁੱਤ ਦੋਵੇਂ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਹਨ ਤਾਂ ਦੋਵੇਂ ਜਣੇ ਕਿਤਾਬ ਦੀ ਆਪੋ-ਆਪਣੀ ਵੱਖਰੀ ਕਾਪੀ ਖਰੀਦਦੇ ਹਨ । ਇਸ ਤਰ੍ਹਾਂ ਇੱਕ ਹੀ ਘਰ ਵਿੱਚ ਉਸ ਕਿਤਾਬ ਦੀਆਂ ਕਿੰਨੀਆਂ ਹੀ ਕਾਪੀਆਂ ਮੌਜ਼ੂਦ ਹੋ ਜਾਂਦੀਆਂ ਹਨ ।

ਸਾਡਾ ਬਹੁ ਗਿਣਤੀ ਅਧਿਆਪਕ ਵਰਗ ਕਿਤਾਬਾਂ ਤੋਂ ਸੱਖਣਾ ਪਰ ਸ਼ਰਾਬ ਰੱਜ ਕਿ ਪੀਂਦਾ ਮੇਰੇ ਸਾਥੀ ਅਧਿਆਪਕ ਸਾਹਿਬਾਨ ਕਿਤਾਬਾਂ ਪੜ੍ਹਨ ਨੂੰ ਵਕਤ ਬਰਬਾਦੀ ਦਾ ਸਾਧਨ ਸਮਝਦੇ ਹਨ । ਕਿਤਾਬ ਇਨ੍ਹਾਂ ਲਈ ਫਾਲਤੂ ਦੀ ਸ਼ੈਅ ਹੈ । ਫਿਰ ਨਤੀਜਾ ਉਹੀ ਸਾਹਮਣੇ ਆਉਂਦਾ ਕਿ ਜਿਹੋ ਜਿਹੀ ਕੋਕੋ ਉਹੋ ਜਿਹੇ ਬੱਚੇ । ਜਿਸ ਅਧਿਆਪਕ ਦੇ ਲੈਕਚਰ ਵਿੱਚੋਂ ਵਿਦਿਆਰਥੀਆਂ ਨੂੰ ਦੋ, ਚਾਰ ਨਵੀਆਂ ਕਿਤਾਬਾਂ ਦਾ ਪਤਾ ਨਾ ਲੱਗੇ ਤਾਂ ਉਸ ਅਧਿਆਪਕ ਨੂੰ ਆਪਣੇ ਅੰਦਰ ਝਾਕਣ ਦੀ ਲੋੜ ਹੁੰਦੀ ਹੈ ।

ਪੰਜਾਬੀ ਲੇਖਕ ਤਾਂ ਹੁੰਦਾ ਹੀ ਜਨਮ ਜਾਤ ਮਹਾਨ ਹੈ । ਪੰਜਾਬੀ ਦਾ ਲੇਖਕ ਸਭ ਤੋਂ ਵੱਧ ਲਿਖਦਾ ਤੇ ਪੜ੍ਹਦਾ ਸਭ ਤੋਂ ਘੱਟ ਹੈ ।
ਹਰ ਦੂਜਾ ਪੰਜਾਬੀ, ਲੇਖਕ ਹੈ । ਪਾਠਕ ਹਨੇਰੇ ‘ਚ ਦੀਵਾ ਲੈ ਕਿ ਲੱਭਣਾ ਪੈਂਦਾ ! ਇੱਥੋਂ ਤੱਕ ਕਿ ਸਾਡਾ ਪੰਜਾਬੀ ਲੇਖਕ ਅਖਬਾਰ ਦਾ ਉਹ ਪੰਨਾਂ ਵੀ ਪੂਰਾ ਨਹੀਂ ਪੜ੍ਹਦਾ ਜਿਸ ਤੇ ਉਸਦੀ ਆਪਣੀ ਰਚਨਾਂ ਛਪਦੀ ਹੈ । ਬੱਸ ਅਖਬਾਰ ਡਾਊਨਲੋਡ ਕੀਤਾ ਭੱਜ ਕਿ ਆਪਣੀ ਰਚਨਾਂ ਲੱਭੀ ਸਕਰੀਨ ਸ਼ਾਟ ਲਿਆ ਤੇ ਅਗਲੀ ਰਚਨਾਂ ਛਪਣ ਤੱਕ ਉਸੇ ਦੀ ਸ਼ੋਸ਼ਲ ਮੀਡੀਆਂ ਤੇ ਫੋਟੋਆਂ ਅਪਲੋਡ ਕਰ-ਕਰ ਕੇ ਆਪਣੇ ਲੇਖਿਕ ਹੋਣ ਦਾ ਢੰਡੋਰਾ ਪਿੱਟਦਾ ਰਹਿੰਦਾ ਹੈ । ਇਸ ਸਭ ਵਿਚਾਲੇ ਪਾਠਕ ਕਿਤੇ ਵੀ ਨਜ਼ਰ ਨਹੀਂ ਆਉਂਦਾ ।

ਸਾਡਾ ਬਹੁਤਾ ਪੰਜਾਬੀ ਲੇਖਿਕ ਵਰਗ ਤਾਂ ਸਿਰਫ ਸ਼ੌਕ ਲਈ ਲਿਖਦਾ, ਸਕੂਲ, ਕਾਲਜ ਦੇ ਮਾਸਟਰ, ਤੇ ਪ੍ਰੋਫੈਸਰਨੁਮਾਂ ਲੇਖਿਕ ਸਿਰਫ ਟੌਹਰ ਖਾਤਿਰ ਹੀ ਲਿਖੀ ਜਾਂਦੇ ਹਨ ਕਿ ਨਾਲ ਦਿਆਂ ਉੱਪਰ ਪ੍ਰਭਾਵ ਜਿਹਾ ਬਣਿਆਂ ਰਹਿੰਦਾ ? ਕਦੇ ਧਿਆਨ ਨਾਲ ਇਨ੍ਹਾਂ ਦੀਆਂ ਲਿਖਤਾਂ ਨੂੰ ਫਰੋਲਿਓ ਵਿੱਚੋਂ ਲੀਰਾਂ ਦੀ ਖੁੱਦੋ ਹੀ ਨਿਕਲਦੀ ਆ ਕਿਉਂਕਿ ਇਹ ਖੁਦ ਕਿਤਾਬਾਂ ਨਹੀਂ ਪੜ੍ਹਦੇ ਜਿਸ ਕਾਰਕੇ ਇੰਨ੍ਹਾਂ ਦੀਆਂ ਲਿਖਤਾਂ ਵਿੱਚ ਪਕਿਆਈ ਨਹੀਂ ਆਈ ਹੁੰਦੀ

ਪਿਛਲੇ ਜਿਹੇ ਸਾਲਾਂ ਵਿੱਚ ਪੰਜਾਬ ਦੇ ਕਿਸੇ ਜ਼ਿਲ੍ਹੇ ਦੇ 120 ਲੇਖਿਕਾ ਤੇ ਸਰਵੇਖਣ ਕੀਤਾ ਗਿਆ ਸੀ ।  ਇਸ ਵਿੱਚ ਜੋ ਤੱਥ ਨਿੱਕਲ ਕਿ ਸਾਹਮਣੇ ਆਏ ਸਨ ਉਹ ਬਹੁਤ ਹੈਰਾਨ ਕਰਨ ਵਾਲੇ ਸਨ । ਲੇਖਿਕ ਲਿਖਦੇ ਤਾਂ ਬਹੁਤ ਸਨ ਪਰ ਖੁਦ ਕਿਤਾਬਾਂ ਨਹੀਂ ਪੜ੍ਹਦੇ ਸਨ । ਉਹ ਕਦੇ ਵੀ ਪੁਸਤਕਾਂ ਪਰਦਰਸ਼ਨੀ ਤੋਂ ਕਿਤਾਬਾਂ ਨਹੀਂ ਖਰੀਦਦੇ ਸਨ । ਉਹ ਪਿਆਰ ਤੇ ਲਿਖਦੇ ਤਾਂ ਹਨ ਪਰ ਪ੍ਰੇਮ ਵਿਆਹ ਨੂੰ ਮਾਨਤਾਂ ਨਹੀਂ ਦਿੰਦੇ ?!

ਸੁਕਰਾਤ ਆਖਦਾ ਹੈ ਕਿ,”  ਜਦੋਂ ਲੋਕ ਲਿਖਣ ‘ਤੇ ਹੀ  ਨਿਰਭਰ ਹੁੰਦੇ ਜਾਂਦੇ ਹਨ ਤਾਂ ਉਦੋਂ ਉਨ੍ਹਾਂ ਦੀ ਯਾਦਾਸ਼ਤ ਕਮਜ਼ੋਰ ਹੁੰਦੀ ਜਾਂਦੀ ਹੈ । ਕਿਉਂਕਿ ਲਿਖ਼ਤੀ ਸ਼ਬਦ ਗਿਆਨ ਨਹੀਂ ਫੈਲਾਉਂਦੇ, ਸਿਰਫ਼ ਯਾਦ ਦਿਵਾਉਣ ਦਾ ਕੰਮ ਕਰਦੇ ਹਨ । ਲਿਖੀਆਂ ਚੀਜ਼ਾਂ ਯਾਦ ਕਰ ਕੇ ਹੀ ਸਿੱਖੀਆਂ ਜਾਂਦੀਆਂ ਹਨ, ਪਰ ਇਸ ਪ੍ਰਕਾਰ ਵਸਤਾਂ ਪੂਰੀ ਤਰ੍ਹਾਂ ਜਾਣੀਆਂ ਨਹੀਂ ਜਾ ਸਕਦੀਆਂ ਲਿਖ਼ਤ ਸਮੱਗਰੀ ਵਿਦਿਆਰਥੀਆਂ ਲਈ ਉਪਯੋਗੀ ਨਹੀਂ, ਇਸ ਨਾਲ ਉਨ੍ਹਾਂ ਨੂੰ ਓਨਾ ਗਿਆਨ ਨਹੀਂ ਮਿਲਦਾ, ਜਿੰਨੇ ਗਿਆਨ ਦਾ ਭਰਮ ਪੈਦਾ ਹੁੰਦਾ ਹੈ । ਇਸ ਤਰ੍ਹਾਂ ਨਾਲ ਉਹ ਬੋਝ ਬਣ ਜਾਂਦੇ

ਪਿਛਲੇ ਕੁਝ ਸਮੇਂ ਤੋਂ ਪੰਜਾਬੀ ਬੌਧਿਕ ਹਲਕਿਆਂ ਅੰਦਰ ਆਨਲਾਈਨ ਸੈਮੀਨਾਰ, ਧੜਾਧੜ ਲਿਖੇ ਜਾ ਰਹੇ ਅਖਬਾਰੀ ਕਾਲਮ ਆਦਿ ਦਾ ਹੜ੍ਹ ਜਿਹਾ ਆ ਗਿਆ ਹੈ । ਕੀ ਹੋ ਰਿਹਾ ਇਹ ਦੱਸਣ ਵਾਲੇ ਬਹੁਤ ਹਨ ? ਪਰ ਜ਼ਮੀਨੀ ਪੱਧਰ ਤੇ ਕੀ ਕਰਨਾ ਚਾਹੀਦਾ ਇਹ ਕਰਨ ਵਾਲਿਆਂ ਦੀ ਸਖਤ ਘਾਟ ਹੈ । ਐਪਰ ਨੁਕਤਾ ਇਹ ਹੈ ਕਿ ਇਨ੍ਹਾਂ ਲੇਖਿਕਾਂ ਦੁਆਰਾ ਪੇਸ਼ ਮਸਲਿਆਂ ਦਾ ਪੁਖਤਾ ਹੱਲ ਕੀ ਹੈ ? ਇਸਦਾ ਪੁਖਤਾ ਹੱਲ ਦੱਸਣ ਵਿੱਚ ਸਾਡੇ ਲੇਖਿਕ ਫੇਲ ਸਾਬਤ ਹੋ ਰਹੇ ਹਨ । ਹੱਲ ਤਾਂ ਇੰਨਾਂ ਖ਼ੁਦ  ਲਿਖਣ ਵਾਲਿਆਂ ਨੂੰ ਵੀ ਨਹੀਂ ਪਤਾ ?!  ਸਮਝ ਨਹੀਂ ਆ ਰਹੀ ਕਿ ਅਸੀਂ ਲਿਖ ਕਿਉਂ ਰਹੇ ਹਾਂ ? ਕਿਸ ਲਈ ਲਿਖ ਰਹੇ ਹਾਂ ?

ਕਾਲਰਿਜ ਦਾ ਕਥਨ  ਹੈ ਕਿ ਸਾਨੂੰ ਉਸ ਸਮੇਂ ਹੀ ਲਿਖਣਾ ਚਾਹੀਦਾ ਹੈ, ਜਿਸ ਵਕਤ ਅਸੀਂ ਪਹਿਲਾਂ ਲਿਖੇ ਜਾ ਚੁੱਕੇ ਤੋਂ ਅੱਗੇ ਦੀ ਗੱਲ ਕਰਨ ਦੇ ਸਮੱਰਥ ਹੋਈਏ ਇਹ ਅੱਗੇ ਦੀ ਗੱਲ ਹੁਣ ਲਿਖਣ ਵਾਲਿਆਂ ਨੇ ਦੇਖਣੀ ਹੈ ਕਿ ਉਹ ਵਕਇ ਹੀ ਪਹਿਲਾਂ ਲਿਖੇ ਜਾ ਚੁੱਕ ਸ਼ਾਹਕਾਰ ਸਾਹਿਤ ਤੋਂ ਉੱਤੇ ਦੀ ਗੱਲ ਕਰ ਰਹੇ ਹਨ ?

ਇਸ ਲਈ ਇਹਨਾਂ ਬੇਜਾਨ ਲਿਖਤਾਂ ਦਾ ਪ੍ਰਭਾਵ ਵੀ ਜਲਦੀ ਖਤਮ ਹੋ ਜਾਂਦਾ ਹੈ । ਅਗਲੇ ਦਿਨ ਜਵਾਕ ਇਨ੍ਹਾਂ ਅਖਬਾਰੀ ਲਫਾਫਿਆਂ ‘ਚ ਭੁਜੀਆਂ ਖਿੱਲਾਂ ਰੱਖ ਕੇ ਖਾਂਦੇ ਫਿਰਦੇ ਹੁੰਦੇ ਹਨ । ਲੇਖਿਕ ਹੁਰੀਂ ਨਵੀਂ ਰਚਨਾਂ ਕਰਨ ਵਿੱਚ ਡੁੱਬ ਚੁੱਕੇ ਹੁੰਦੇ ਹਨ । ਹੁਣ ਸਿਰਫ ਅਖਬਾਰਾਂ, ਰਸਾਸਿਆਂ ਵਿੱਚ ਮੋਟੇ-ਮੋਟੇ ਭਾਸ਼ਣ ਨੁਮਾਂ ਲੇਖ ਛਪਦੇ ਹਨ । ਉਨਾਂ ਤੇ ਅਮਲ ਤਾਂ ਖੁਦ ਲਿਖਣ ਤੇ ਛਾਪਣ ਵਾਲੇ ਵੀ ਨਹੀਂ ਕਰਦੇ ਫਿਰ ਹੋਰਾਂ ਤੋਂ ਕੀ ਉਮੀਦ ਰੱਖੀ ਜਾ ਸਕਦੀ ਹੈ ।

 ਬਬਰੀਕ ਸਿੰਘ
ਅਸਿਸਟੈਂਟ ਪ੍ਰੋ: ਆਕਲੀਆਂ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਆਕਲੀਆ ਕਲਾ (ਬਠਿੰਡਾ)
90233-01221

Previous articleJacqueline shares sneak peek of her glam look in ‘Bhoot Police’
Next articleਸੰਜੇ ਕੁਮਾਰ ਵਲੋਂ ਪ੍ਰਕਾਸ਼ ਪੁਰਬ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ