ਪੰਜਾਬੀ ਸੱਥ ਮੈਲਬਰਨ ਦੀ ਸ਼ਾਮ, ਜੱਗੀ ਜੌਹਲ ਦੇ ਨਾਮ

ਇਹ ਜੋ ਨੇ ਸੋਚਦੇ, ਚੁੱਪ ਰਹਿ , ਗੁਜ਼ਾਰਾ ਕਰ ਤੇ ਕੁਝ ਨਾ ਕਹਿ

ਇਹਨਾਂ ਲੋਕਾਂ ਨੂੰ ਜਦ ਪੈਣੀ ਸਮੇਂ ਦੀ ਮਾਰ, ਬੋਲਣਗੇ !”
                                                                   ‘ਜੱਗੀ ਜੌਹਲ’

ਮੈਲਬਰਨ – ਪੰਜਾਬੀ ਸੱਥ ਮੈਲਬਰਨ ਵੱਲੋਂ ਗੁਆਂਢੀ ਮੁਲਕ ਨਿਊਜ਼ੀਲੈਂਡ ਤੋਂ ਆਏ ਸ਼ਾਇਰ ‘ਜੱਗੀ ਜੌਹਲ’ ਜੀ ਦੇ ਨਾਮ ਇੱਕ ਸਾਹਿਤਕ ਪ੍ਰੋਗਰਾਮ ਉਲੀਕਿਆ ਗਿਆ, ਜਿਸ ਵਿੱਚ ਭਾਰਤ ਤੋਂ ਆਏ ਹੋਏ ਕਵੀ ਰਣਜੀਤ ਫਰਵਾਲੀ ਜੀ ਤੋਂ ਇਲਾਵਾ ਮੈਲਬਰਨ ਦੇ ਸਥਾਨਕ ਕਵੀਆਂ ਤੇ ਬੁੱਧੀਜੀਵੀਆਂ ਨੇ ਵੀ ਭਾਗ ਲਿਆ।

ਸਮਾਗਮ ਦੀ ਸ਼ਰੂਆਤ ਕਰਦਿਆਂ ਕੁਲਜੀਤ ਕੌਰ ਗ਼ਜ਼ਲ ਨੇ ਆਏ ਹੋਏ ਲੇਖਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ ਤੇ ਪ੍ਰੋਗਰਾਮ ਦੀ ਜਿੰਮੇਦਾਰੀ ਸਟੇਜ ਸਕੱਤਰ ਮਧੂ ਤਨਹਾ ਨੂੰ ਸੌਂਪ ਦਿੱਤੀ, ਨਾਲ ਹੀ ਜਸਬੀਰ ਕੌਰ ਤੇ ਜਸਪ੍ਰੀਤ ਬੇਦੀ ਨੇ ਪੂਰੀ ਤਨਦੇਹੀ ਨਾਲ ਸਟੇਜ ਸੰਚਾਲਨ ਦੀ ਸੇਵਾ ਨਿਭਾਈ।

ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਜੱਗੀ ਜੌਹਲ, ਰਣਜੀਤ ਫਰਵਾਲੀ, ਕਵਿੱਤਰੀ ਤੇ ਮੈਲਬਰਨ ਰੰਗਮੰਚ ਦੀ ਜਾਨ ਰਮਾਂ ਸੇਖੋਂ, ਤੇ ਲੇਖਿਕਾ ਜੱਸੀ ਧਾਲੀਵਾਲ ਸੁਸ਼ੋਭਿਤ ਰਹੇ।

ਇਸ ਪ੍ਰੋਗਰਾਮ ਵਿੱਚ ਬਹੁਤੇ ਬੁਲਾਰਿਆਂ ਦੀਆਂ ਰਚਨਾਵਾਂ ਵਿਚ ਭਾਰਤ ਵਿੱਚ ਇੱਕ ਡਾਕਟਰ ਮਹਿਲਾ ਨਾਲ ਹੋਏ ਸਮੂਹਕ ਬਲਾਤਕਾਰ ਤੇ ਕਤਲ ਦੀ ਤੜਪ ਝਲਕਦੀ ਰਹੀ, ਜਿਸ ਨਾਲ ਵਾਤਾਵਰਨ ਗਮਗੀਨ ਹੋ ਗਿਆ
ਇਸ ਦੌਰਾਨ ਮੈਲਬਰਨ ਦੀ ਲੇਖਿਕਾ ਜੱਸੀ ਧਾਲੀਵਾਲ ਦੀ ਦੂਜੀ ਨਿੱਕੀਆਂ ਕਹਾਣੀਆਂ ਦੀ ਪੁਸਤਕ ‘ ਬਾਕੀ ਸਭ ਸੁੱਖ ਸਾਂਦ ਹੈ’ ਨੂੰ ਵੀ ਰੀਲੀਜ਼ ਕੀਤਾ ਗਿਆ।

ਪ੍ਰੋਗਰਾਮ ਦੇ ਅਖੀਰ ਵਿੱਚ ਇਸ ਸ਼ਾਮ ਦੇ ਕੇਂਦਰ ਬਿੰਦੂ ਜੱਗੀ ਜੌਹਲ ਨੇ ਆਪਣੀਆਂ ਪੁਖਤਾ ਗ਼ਜ਼ਲਾਂ ਨਾਲ ਸ੍ਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ, ਨਿਊਜ਼ੀਲੈਂਡ ਵਿੱਚ ਗ਼ਜ਼ਲ ਦਾ ਬੀਜ ਬੀਜਣ ਵਾਲੇ ਹੋਣਹਾਰ ਗਜ਼ਲਗੋ ਜੱਗੀ ਜੌਹਲ ਨੇ ਸਰੋਤਿਆਂ ਦੇ ਜ਼ੋਰਦਾਰ ਸੁਆਲਾਂ ਦੇ ਜੁਆਬ ਦਿੰਦਿਆਂ ਕਿਹਾ ਕੇ ਅੱਜਕੱਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਸਾਨੂੰ ਆਪਣੇ ਇਤਿਹਾਸ ਤੋਂ ਸਿੱਖਣ ਦੀ ਲੋੜ ਹੈ, ਉਹਨਾਂ ਭਾਰਤ ਤੋਂ ਬਾਹਰ ਵਿਦੇਸ਼ਾਂ ਵਿੱਚ ਵਸਦੇ ਦੇਸ਼ਵਾਸੀਆਂ ਨੂੰ ਕਿਹਾ ਕੇ ਜੇ ਅਸੀਂ ਸਾਰੇ ਬਾਹਰ ਰਹਿ ਕੇ ਆਪਣੇ ਦੇਸ਼, ਆਪਣੀ ਭਾਸ਼ਾ ਤੇ ਸੱਭਿਆਚਾਰ ਦੀ ਦੇਖਭਾਲ ਨਹੀਂ ਕਰਦੇ ਤਾਂ ਅਸੀਂ ਇੱਕ ਕਿਸਮ ਦੇ ‘ਭਗੌੜੇ’ ਹਾਂ, ਜੱਗੀ ਜੀ ਨੇ ਇਹ ਚਿੰਤਾ ਜਾਹਿਰ ਕੀਤੀ ਕੇ ਸਾਡੇ ਪੁਰਖਿਆਂ ਦਾ ਸੰਘਰਸ਼ ਸਾਡੇ ਨਾਲੋਂ ਕਿਤੇ ਵਡੇਰਾ ਸੀ, ਪਰ ਅੱਜ ਦੀ ਪੀੜੀ ਆਪਣੇ ਆਪ ਤੇ ਹੀ ਕੇਂਦਰਿਤ ਹੋ ਗਈ ਹੈ। ਹੇਠ ਲਿਖੇ ਸ਼ਿਅਰ ਦੇ ਨਾਲ ਜੱਗੀ ਜੀ ਨੇ ਸਰੋਤਿਆਂ ਤੋਂ ਇਜਾਜਤ ਮੰਗੀ

“ਮੈਂ ਲਿਖੇ ਸੀ ਗੂੰਗੇ ਪਰ ਇਹ ਬੋਲ ਪਏ

ਗੀਤਾਂ ਨੂੰ ਹੁਣ ਦੱਸ ਦੇ ਕੀ ਸਜਾ ਦੇਵਾਂ “

ਬੁਲਾਰਿਆਂ ਵਿੱਚ ਮਹਿੰਦਰ  ਸਿੰਘ  ਗਰਚਾ, ਬਿੱਕਰ ਬਾਈ, ਹਰਪ੍ਰੀਤ  ਸਿੰਘ  ਬੱਬਰ, ਗੁਰਪ੍ਰੀਤ  ਸਿੰਘ, ਜਸਲੀਨ ਕੌਰ. ਗੁਰਸੇਵ  ਲੋਚਮ, ਪੁਸ਼ਪਿੰਦਰ  ਕੌਰ , ਕੁਲਵੰਤ  ਕੌਰ ,ਅਸ਼ੋਕ ਕਾਸਿਦ, ਅੰਮ੍ਰਿਤ ਗਰੇਵਾਲ, ਬਿਕਰਮ ਸੇਖੋਂ, ਬਾਗੀ ਭੰਗੂ, ਹਰਪ੍ਰੀਤ ਸਿੰਘ, ਸੰਦੀਪ ਕੌਰ ਆਦਿ ਹਾਜਰ ਸਨ।

(ਹਰਜਿੰਦਰ ਛਾਬੜਾ)ਪਤਰਕਾਰ 9592282333 

Previous articleਪਰਕਸ ਵੱਲੋਂ ਸ਼ੰਗਾਰਾ ਸਿੰਘ ਭੁਲਰ  ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
Next articleਪੰਜਾਬੀ ਦੇ ਨਾਮਵਰ ਪੱਤਰਕਾਰ, ਉਘੇ ਕਲਮ ਨਵੀਸ ਅਤੇ ਕਈ ਪ੍ਰਸਿੱਧ ਅਖ਼ਬਾਰਾਂ ‘ਚ ਬਤੌਰ ਸੰਪਾਦਕ ਸੇਵਾ ਨਿਭਾਉਣ ਵਾਲੇ ਪੱਤਰਕਾਰੀ ਦੇ ਸ਼ਿੰਗਾਰ .