ਪੰਜਾਬੀ ’ਵਰਸਿਟੀ ਨੂੰ ਅੱਜ ਨਿਯੁਕਤ ਕਰਨਾ ਪਵੇਗਾ ਨਵਾਂ ਰਜਿਸਟਰਾਰ

ਪਟਿਆਲਾ (ਸਮਾਜਵੀਕਲੀ) : ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਭਲਕੇ ਦਿਨ ਵੇਲੇ ਜਾਂ ਅੱਧੀ ਰਾਤ ਤਕ ਨਵਾਂ ਰਜਿਸਟਰਾਰ ਲਾਉਣਾ ਪਵੇਗਾ। ਸੂਤਰਾਂ ਅਨੁਸਾਰ ਵਾਈਸ ਚਾਂਸਲਰ ਵੱਲੋਂ ਨਵੇਂ ਰਜਿਸਟਰਾਰ ਦੀ ਭਾਲ ਜ਼ੋਰਾਂ ਨਾਲ ਕੀਤੀ ਜਾ ਰਹੀ ਹੈ। ਫ਼ਿਲਹਾਲ ਕਿਸੇ ਯੋਗ ਪ੍ਰੋਫ਼ੈਸਰ ਨੂੰ ਰਜਿਸਟਰਾਰ ਵਜੋਂ ਵਾਧੂ ਚਾਰਜ ਦਿੱਤਾ ਜਾ ਸਕਦਾ ਹੈ। ਰਜਿਸਟਰਾਰ ਦਾ ਪਦ ਸੰਵਿਧਾਨਕ ਦਰਜੇ ਪੱਖੋਂ ਵਾਈਸ ਚਾਂਸਲਰ ਮਗਰੋਂ ਦੂਜਾ ਤੇ ਅਹਿਮ ਮੰਨਿਆ ਜਾਂਦਾ ਹੈ।

ਦੱਸਣਯੋਗ ਹੈ ਕਿ ਮੌਜੂਦਾ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਝਰ ਭਲਕੇ ਸ਼ਾਮ 5 ਵਜੇ ਆਪਣੇ ਰਜਿਸਟਰਾਰ ਦੇ ਵਾਧੂ ਪਦ ਤੋਂ ਲਾਂਭੇ ਹੋ ਰਹੇ ਹਨ। ਲਿਹਾਜ਼ਾ ਯੂਨੀਵਰਸਿਟੀ ਅਥਾਰਿਟੀ ਕਿਸੇ ਵੀ ਸੂਰਤ ’ਚ ਰਜਿਸਟਰਾਰ ਦੀ ਕੁਰਸੀ ਖਾਲੀ ਨਹੀਂ ਛੱਡ ਸਕਦੀ ਕਿਉਂਕਿ ਸੰਵਿਧਾਨਕ ਪੁਜ਼ੀਸ਼ਨ ਪੱਖੋਂ ਰਜਿਸਟਰਾਰ ਦੀ ਡਿਊਟੀ 24 ਘੰਟੇ ਨਿਰਧਾਰਤ ਹੈ ਤੇ ਤਕਨੀਕੀ ਪੱਖੋਂ 6 ਜੁਲਾਈ ਦੀ ਅੱਧੀ ਰਾਤ ਤੋਂ ਪਹਿਲਾਂ ਅਗਲੇ ਰਜਿਸਟਰਾਰ ਦਾ ਪ੍ਰਬੰਧ ਕਰਨਾ ’ਵਰਸਿਟੀ ਦੇ ਕਾਨੂੰਨੀ ਲਿਹਾਜ਼ ਤੋਂ ਜ਼ਰੂਰੀ ਹੈ।

ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਝਰ ਭਾਵੇਂ ਲਾਅ ਵਿਭਾਗ ਦੇ ਪ੍ਰੋਫ਼ੈਸਰ ਪਦ ਤੋਂ 31 ਦਸਬੰਰ ਨੂੰ ਸੇਵਾ ਮੁਕਤ ਹੋ ਰਹੇ ਹਨ, ਪਰ ਉਨ੍ਹਾਂ ਨੇ ਯੂਨੀਵਰਸਿਟੀ ਦੇ ਕੈਲੰਡਰ ਦੀ ਮਰਿਆਦਾ ਮੁਤਾਬਕ ਤੇ ਨੈਤਿਕਤਾ ਪੱਖੋਂ ਭਲਕੇ 60 ਸਾਲ ਦੀ ਉਮਰ ਪੂਰੀ ਹੋਣ ’ਤੇ ਰਜਿਸਟਰਾਰ ਪਦ ਤੋਂ ਲਾਂਭੇ ਹੋਣ ਦਾ ਫ਼ੈਸਲਾ ਲਿਆ ਹੋਇਆ ਹੈ। ਡਾ. ਨਿੱਝਰ ਨੇ ਦੱਸਿਆ ਕਿ ਕਈ ਦਿਨ ਪਹਿਲਾਂ ਹੀ ਉਨ੍ਹਾਂ ਆਪਣੇ 7 ਜੁਲਾਈ ਦੇ ਜਨਮ ਦਿਨ ਤੋਂ ਪਹਿਲਾਂ 6 ਜੁਲਾਈ ਨੂੰ ਰਜਿਸਟਰਾਰ ਦੀਆਂ ਸੇਵਾਵਾਂ ਤੋਂ ਲਾਂਭੇ ਹੋਣ ਬਾਰੇ ਵਾਈਸ ਚਾਂਸਲਰ ਡਾ. ਬੀ.ਐੱਸ. ਘੁੰਮਣ ਨੂੰ ਜਾਣੂ ਕਰਵਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤਿੰਨ ਸਾਲ ਰਜਿਸਟਰਾਰ ਵਜੋਂ ਸੇਵਾਵਾਂ ਨਿਭਾਈਆਂ ਹਨ।

ਭਾਵੇਂ ਉਹ ਸੇਵਾਮੁਕਤੀ ਦੀ 31 ਦਸੰਬਰ ਦੀ ਤਰੀਕ ਤਕ ਵੀ ਰਜਿਸਟਰਾਰ ਦਾ ਵਾਧੂ ਕਾਰਜਭਾਰ ਸੰਭਾਲ ਸਕਦੇ ਸਨ, ਪਰ ਨੈਤਿਕਤਾ ਆਗਿਆ ਨਹੀਂ ਦੇ ਰਹੀ ਤੇ ਯੂਨੀਵਰਸਿਟੀ ਕੈਲੰਡਰ ’ਚ ਵੀ ਮੱਦ ਹੈ ਕਿ 60 ਸਾਲ ਮਗਰੋਂ ਅਹੁਦੇ ਤੋਂ ਲਾਂਭੇ ਹੋਣਾ ਬਿਹਤਰ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਯੂਨੀਵਰਸਿਟੀ ਵੱਲੋਂ ਰੈਗੂਲਰ ਰਜਿਸਟਰਾਰ ਲਾਉਣਾ ਬਿਹਤਰ ਸਮਝਿਆ ਗਿਆ ਤਾਂ ਅਜਿਹੇ ’ਚ ਇਸ਼ਤਿਹਾਰੀ ਪ੍ਰਬੰਧ ਰਾਹੀਂ ਯੋਗ ਉਮੀਦਵਾਰਾਂ ਦੀ ਮੰਗ ਕੀਤੀ ਜਾ ਸਕਦੀ ਹੈ, ਪਰ ਤਾਜ਼ਾ ਹਾਲਾਤ ਮੁਤਾਬਕ ਵਾਈਸ ਚਾਂਸਲਰ ਵੱਲੋਂ ਫ਼ਿਲਹਾਲ ਕਿਸੇ ਯੋਗ ਪ੍ਰੋਫ਼ੈਸਰ ਨੂੰ ਰਜਿਸਟਰਾਰ ਵਜੋਂ ਵਾਧੂ ਚਾਰਜ ਦੇ ਕੇ ਡੰਗ ਟਪਾਇਆ ਜਾ ਸਕਦਾ ਹੈ।

Previous articleਸ਼ਹੀਦ ਸਲੀਮ ਖ਼ਾਨ ਨੂੰ ਸ਼ਰਧਾਂਜਲੀਆਂ ਭੇਟ
Next articleਕਾਰ ਬੇਕਾਬੂ ਹੋ ਕੇ ਦੁਕਾਨ ’ਚ ਵੜੀ, ਤਿੰਨ ਮੌਤਾਂ