ਪ੍ਰੈਸ ਕੌਂਸਲ ਮੈਂਬਰ ਬੀ ਆਰ ਗੁਪਤਾ ਵੱਲੋਂ ਅਸਤੀਫ਼ਾ

ਨਵੀਂ ਦਿੱਲੀ, (ਸਮਾਜਵੀਕਲੀ): ਪ੍ਰੈਸ ਕੌਂਸਲ ਆਫ਼ ਇੰਡੀਆ (ਪੀਸੀਆਈ) ਦੇ ਮੈਂਬਰ ਬੀ ਆਰ ਗੁਪਤਾ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮੀਡੀਆ ਲਈ ਵਿਅਕਤੀਗਤ ਤੌਰ ’ਤੇ ਜਾਂ ਸਮੂਹਿਕ ਤੌਰ ’ਤੇ ਕੰਮ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਮੀਡੀਆ ਅੱਜ ‘ਡੂੰਘੇ ਸੰਕਟ’ ਦਾ ਸਾਹਮਣਾ ਕਰ ਰਿਹਾ ਹੈ। ਕੌਂਸਲ ਦੀ ਜ਼ਿੰਮੇਵਾਰੀ ਹੈ ਕਿ ਉਹ ਮੀਡੀਆ ਅਤੇ ਮੀਡੀਆ ਦੇ ਪੇਸ਼ੇਵਰਾਂ ਨੂੰ ਲਗਾਤਾਰ ਉਤਸ਼ਾਹਤ ਕਰੇ।

ਕੌਂਸਲ ਜਿਸ ਉਦੇਸ਼ ਲਈ ਬਣਾਈ ਗਈ ਸੀ ਉਹ ਉਸ ਨੂੰ ਪੂਰਾ ਨਹੀਂ ਕਰ ਰਹੀ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰੱਸ ਕੌਂਸਲ ਮੀਡੀਆ ਦੀ ਪੂਰੀ ਤਰ੍ਹਾਂ ਨੁਮਾਇੰਦਗੀ ਨਹੀਂ ਕਰ ਰਹੀ। ਤਨਖਾਹਾਂ ਵਿੱਚ ਕਟੌਤੀ ਅਤੇ ਨੌਕਰੀਆਂ ਦੇ ਘਾਟੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮੀਡੀਆ ਅਤੇ ਪੱਤਰਕਾਰ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਨਿਆਂ ਲਈ ਸੰਘਰਸ਼ ਕਰ ਰਹੇ ਹਨ।

ਇਸ ਸਬੰਧੀ ਪੁੱਛੇ ਜਾਣ ’ਤੇ ਕੌਂਸਲ ਦੇ ਚੇਅਰਮੈਨ ਜਸਟਿਸ ਸੀ ਕੇ ਪ੍ਰਸਾਦ ਨੇ ਕਿਹਾ ਕਿ ਗੁਪਤਾ ਦਾ ਅਸਤੀਫ਼ਾ ਅਜੇ ਸਵੀਕਾਰ ਨਹੀਂ ਕੀਤਾ ਗਿਆ। ਗੁਪਤਾ ਨੂੰ 30 ਮਈ, 2018 ਨੂੰ ਤਿੰਨ ਸਾਲਾਂ ਲਈ ਕੌਂਸਲ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ।

Previous articleਕੋਵਿਡ-19: ਹੈਦਰਾਬਾਦ ਓਪਨ ਬੈਡਮਿੰਟਨ ਟੂਰਨਾਮੈਂਟ ਰੱਦ
Next articleਭਾਰਤ-ਆਸਟਰੇਲੀਆ ਵਿਚਕਾਰ ਇਤਿਹਾਸਕ ਰੱਖਿਆ ਸਮਝੌਤਾ