ਪ੍ਰਿਯੰਕਾ ਦਾ ਚੋਣ ਗਣਿਤ ਅਜੇ ਕੱਚਾ: ਸਮ੍ਰਿਤੀ

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਅੱਜ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਸ ਦਾ ਚੋਣ ਗਣਿਤ ਕੱਚਾ ਹੈ। ਸਮ੍ਰਿਤੀ ਇਰਾਨੀ ਗੌਰੀਗੰਜ ’ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੀ ਸੀ। ਉਨ੍ਹਾਂ ਕਿਹਾ, ‘ਜਿਹੜੀ ਕਾਂਗਰਸ ਉੱਤਰ ਪ੍ਰਦੇਸ਼ ’ਚ 80 ਲੋਕ ਸਭਾ ਸੀਟਾਂ ’ਚੋਂ 20 ’ਤੇ ਚੋਣ ਲੜ ਰਹੀ ਹੈ ਅਤੇ ਉਸਦੀ ਇੱਕ ਨੇਤਾ ਕਹਿੰਦੀ ਹੈ ਕਿ ਉਹ ਯੂਪੀ ’ਚ ਘੁੰਮ ਘੁੰਮ ਕੇ ਸਰਕਾਰ ਬਣਾਉਣਗੇ। ਜਿਨ੍ਹਾਂ ਦਾ ਗਣਿਤ ਚੋਣਾਂ ਤੋਂ ਪਹਿਲਾਂ ਹੀ ਇੰਨਾ ਕੱਚਾ ਹੈ ਤਾਂ ਚੋਣਾਂ ਤੋਂ ਬਾਅਦ ਕੀ ਹਾਲ ਹੋਵੇਗਾ।’ ਸਮ੍ਰਿਤੀ ਨੇ ਕਿਹਾ ਕਿ ਨਾਮਦਾਰ ਲੋਕਾਂ ਦੀ ਇਹ ਸਿਆਸਤ ਰਹੀ ਹੈ ਕਿ ਪਾੜੋ ਤੇ ਰਾਜ ਕਰੋ, ਭਰਾ-ਭਰਾ ਨੂੰ ਲੜਾਓ, ਧਰਮ-ਜਾਤ ਦੇ ਨਾਂ ’ਤੇ ਸਮਾਜ ਨੂੰ ਵੰਡੋ, ਗਰੀਬ ਨੂੰ ਗਰੀਬ ਬਣਾ ਕੇ ਰੱਖੋ ਤਾਂ ਜੋ ਗਰੀਬ ਮਦਦ ਲਈ ਹੱਥ ਜੋੜੇ। ਗਾਹੁਲ ਗਾਂਧੀ ’ਤੇ ਹਮਲਾ ਕਰਦਿਆਂ ਸਮ੍ਰਿਤੀ ਨੇ ਦੋਸ਼ ਲਗਾਇਆ ਕਿ ਉਹ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਕਰਦੇ ਹਨ, ਪਰ ਸਿਰਫ਼ ਭਾਸ਼ਣਾਂ ’ਚ। ਦੇਸ਼ ਦੀ ਗੱਲ ਤਾਂ ਦੂਰ, ਅਮੇਠੀ ਦੀਆਂ ਮਹਿਲਾਵਾਂ ਲਈ ਇੱਕ ਪਖਾਨਾ ਤੱਕ ਬਣਾਇਆ ਹੋਵੇ ਤਾਂ ਦੱਸੋ। ਗਰੀਬਾਂ ਲਈ ਪਖਾਨੇ ਬਣਾਉਣ ਦਾ ਕੰਮ ਮੋਦੀ ਨੇ ਕੀਤਾ ਹੈ ਅਤੇ ਉਨ੍ਹਾਂ ਇਕੱਠੇ ਅਮੇਠੀ ’ਚ ਹੀ ਦੋ ਲੱਖ ਪਖਾਨੇ ਬਣਵਾਏ ਹਨ। -ਪੀਟੀਆਈ

Previous articleਪਾਦਰੀ ਕੇਸ: ਮੁਹਾਲੀ ਅਦਾਲਤ ਨੇ ਮੁਖ਼ਬਰ ਨੂੰ ਜੇਲ੍ਹ ਭੇਜਿਆ
Next articleਜਬਰ-ਜਨਾਹ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਦੀ ਕੁੱਟਮਾਰ