ਪ੍ਰਿਯੰਕਾ ਤੇ ਸਿੰਧੀਆ ਨੂੰ ਯੂਪੀ ’ਚ ਕਾਂਗਰਸ ਸਰਕਾਰ ਬਣਾਉਣ ਦਾ ਟੀਚਾ ਦਿੱਤੈ: ਰਾਹੁਲ

ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਇੱਥੇ ਕਿਹਾ ਕਿ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਜਿਸ ਨੂੰ ਪੂਰਬੀ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਨੂੰ ਸੂਬੇ ’ਚ ਅਗਲੀ ਸਰਕਾਰ ਕਾਂਗਰਸ ਦੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਕਾਂਗਰਸ ਆਗਾਮੀ ਲੋਕ ਸਭਾ ਚੋਣਾਂ ਵੀ ਪੂਰੀ ਸਮਰੱਥਾ ਨਾਲ ਲੜੇਗੀ। ਉਹ ਆਪਣੇ ਲੋਕ ਸਭਾ ਹਲਕੇ ਵਿੱਚ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਗਾਂਧੀ ਦੇ ਅਮੇਠੀ ਦੇ ਦੋ ਰੋਜ਼ਾ ਦੌਰੇ ਦੌਰਾਨ ਕੱਲ੍ਹ ਬੁੱਧਵਾਰ ਨੂੰ ਪ੍ਰਿਯੰਕਾ ਗਾਂਧੀ ਦੇ ਰਾਜਨੀਤੀ ’ਚ ਦਾਖ਼ਲ ਹੋਣ ਦਾ ਸਬੱਬ ਬਣਿਆ ਸੀ, ਜਦੋਂ ਕਿ ਸਾਲਾਂ ਤੋਂ ਇਹੀ ਅਨੁਮਾਨ ਲਾਏ ਜਾ ਰਹੇ ਸਨ ਕਿ ਉਹ ਰਾਜਨੀਤੀ ’ਚ ਆਏਗੀ ਜਾਂ ਨਹੀਂ। ਪ੍ਰਿਯੰਕਾ ਨੂੰ ਪੂਰਬੀ ਉੱਤਰ ਪ੍ਰਦੇਸ਼ ਲਈ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਜਦੋਂਕਿ ਜਯੋਤਿਰਦਿੱਤਿਆ ਸਿੰਧੀਆ ਕੋਲ ਪੱਛਮੀ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪ੍ਰਿਯੰਕਾ ਤੇ ਸਿੰਧੀਆ ਨੂੰ ਇਕ ਟੀਚਾ ਦਿੱਤਾ ਗਿਆ ਹੈ ਤੇ ਉਹ ਹੈ ਕਿ ਅਗਲੀਆਂ ਚੋਣਾਂ ਵਿੱਚ ਭਾਜਪਾ ਨੂੰ ਹਰਾ ਕੇ ਉੱਤਰ ਪ੍ਰਦੇਸ਼ ’ਚ ਕਾਂਗਰਸ ਦੀ ਸਰਕਾਰ ਬਣਾਉਣਾ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਂਗ ‘ਭਾਜਪਾ ਮੁਕਤ ਭਾਰਤ’ ਦੀ ਗੱਲ ਨਹੀਂ ਕਰਨਗੇ, ਬਲਕਿ ਪੂਰੀ ਇਜ਼ੱਤ ਨਾਲ ਹਰਾਉਣ ਦੀ ਗੱਲ ਕਹਿਣਗੇ। ਉਨ੍ਹਾਂ ਆਪਣੇ ਆਪ ਨੂੰ, ਆਪਣੀ ਭੈਣ ਪ੍ਰਿਯੰਕਾ ਤੇ ਮਾਂ ਸੋਨੀਆ ਗਾਂਧੀ ਨੂੰ ਹਲਕੇ ਦੇ ਲੋਕਾਂ ਦੇ ‘ਸੈਨਿਕ’ ਦੱਸਿਆ।
ਉਨ੍ਹਾਂ ਕਿਹਾ ਕਿ ਭਾਵੇਂ ਗੁਜਰਾਤ ਹੋਵੇ, ਉੱਤਰ ਪ੍ਰਦੇਸ਼ ਹੋਵੇ ਜਾਂ ਤਾਮਿਲਨਾਡੂ, ਹਰੇਕ ਜਗ੍ਹਾ ਕਾਂਗਰਸ ਪੂਰੀ ਸਮਰੱਥਾ ਨਾਲ ਲੜੇਗੀ ਅਤੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਨ੍ਹਾਂ ਰਾਜਾਂ ’ਚ ਕਾਂਗਰਸ ਦੀ ਸਰਕਾਰ ਹੋਵੇਗੀ। ਉਨ੍ਹਾਂ ਰਾਫ਼ਾਲ ਸਮਝੌਤੇ ਅਤੇ ਸਨਅਤਕਾਰਾਂ ਨੇ ਕਰਜ਼ੇ ਮੁਆਫ਼ ਕਰਨ ਦੇ ਮੁੱਦਿਆਂ ’ਤੇ ਮੋਦੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਚੌਕੀਦਾਰ, ਚੋਰ ਸਾਬਿਤ ਹੋਇਆ ਹੈ। ਇਸ ਤੋਂ ਪਹਿਲਾਂ ਸਵੇਰੇ ਸ੍ਰੀ ਗਾਂਧੀ ਨੇ ਇਕ ਗੈਸਟ ਹਾਊਸ ’ਚ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਇਕ ਸਥਾਨਕ ਸ਼ਿਵ ਮੰਦਿਰ ’ਚ ਮੱਥਾ ਟੇਕਿਆ।

Previous articleਅਣਖ਼ ਖ਼ਾਤਰ ਕਤਲ: ਜੱਸੀ ਦੀ ਮਾਂ ਤੇ ਮਾਮਾ ਗ੍ਰਿਫ਼ਤਾਰ
Next articleਸਰਕਾਰ ਵਲੋਂ ਮੁਕੰਮਲ ਬਜਟ ਪੇਸ਼ ਕਰਨਾ ਪਾਰਲੀਮਾਨੀ ਨੇਮਾਂ ਤੇ ਰਵਾਇਤਾਂ ਦੀ ਉਲੰਘਣਾ: ਕਾਂਗਰਸ