ਪ੍ਰਮੋਦ ਸਾਵੰਤ ਨੂੰ ਸੌਂਪੀ ਗੋਆ ਦੀ ਕਮਾਨ

ਦੇਰ ਰਾਤ ਤੱਕ ਜਾਰੀ ਸੀ ਸਹੁੰ ਚੁੱਕ ਸਮਾਗਮ ਬਾਰੇ ਭੰਬਲਭੂਸਾ;

ਭਾਜਪਾ ਦੀਆਂ ਭਿਆਲ ਪਾਰਟੀਆਂ ਨੂੰ ਮਿਲੇ ਦੋ ਉਪ ਮੁੱਖ ਮੰਤਰੀਆਂ ਦੇ ਅਹੁਦੇ

ਸੋਮਵਾਰ ਨੂੰ ਦਿਨ ਭਰ ਨਾਟਕੀ ਘਟਨਾਕ੍ਰਮ ਪਿੱਛੋਂ ਪ੍ਰਮੋਦ ਸਾਵੰਤ ਨੂੰ ਗੋਆ ਦਾ ਨਵਾਂ ਮੁੱਖ ਮੰਤਰੀ ਨਾਮਜ਼ਦ ਕਰ ਦਿੱਤਾ ਗਿਆ ਪਰ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਬਾਰੇ ਰਾਤੀਂ ਸਵਾ ਇਕ ਵਜੇ ਤੱਕ ਭੰਬਲਭੂਸਾ ਬਣਿਆ ਹੋਇਆ ਸੀ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਰਾਜਪਾਲ ਮ੍ਰਿਦੁਲਾ ਸਿਨਹਾ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਬਹੁਮਤ ਲਈ ਲੋੜੀਂਦੇ ਵਿਧਾਇਕਾਂ ਦੀ ਗਿਣਤੀ ਦੀ ਸੂਚੀ ਸੌਂਪੀ। ਉਨ੍ਹਾਂ ਦੇ ਨਾਲ ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ (ਐਮਜੀਪੀ) ਦੇ ਸੁਦੀਨ ਧਵਲੀਕਰ ਅਤੇ ਗੋਆ ਫਾਰਵਰਡ ਪਾਰਟੀ (ਜੀਐਫਪੀ) ਦੇ ਵਿਜੈ ਸਰਦੇਸਾਈ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਦਿੱਤੇ ਗਏ ਹਨ। ਪਹਿਲਾਂ, ਨਵੇਂ ਮੁੱਖ ਮੰਤਰੀ ਦੇ ਰਾਤੀਂ 11 ਵਜੇ ਸਹੁੰ ਚੁੱਕਣ ਦੀ ਖ਼ਬਰ ਆਈ ਸੀ ਜੋ ਆਖਰੀ ਪਲਾਂ ’ਤੇ ਟਾਲ ਦਿੱਤੀ ਗਈ। ਇਸ ਤੋਂ ਬਾਅਦ ਰਾਤੀਂ ਕਰੀਬ ਸਾਢੇ ਬਾਰ੍ਹਾਂ ਵਜੇ ਸਹੁੰ ਚੁੱਕ ਸਮਾਗਮ ਹੋਣ ਦੀ ਖਬਰ ਆਈ ਅਤੇ ਸ੍ਰੀ ਗਡਕਰੀ ਸਮੇਤ ਬਹੁਤ ਸਾਰੇ ਆਗੂ ਰਾਜ ਭਵਨ ਪਹੁੰਚ ਗਏ ਸਨ ਪਰ ਰਾਤੀਂ ਸਵਾ ਇਕ ਵਜੇ ਤੱਕ ਵੀ ਸਹੁੰ ਚੁੱਕ ਸਮਾਗਮ ਸ਼ੁਰੂ ਨਹੀਂ ਹੋ ਸਕਿਆ ਸੀ। ਕਾਫ਼ੀ ਸਿਆਸੀ ਕਸ਼ਮਕਸ਼ ਤੋਂ ਬਾਅਦ ਐਮਜੀਪੀ ਤੇ ਜੀਐਫਪੀ ਨੇ ਸੂਬਾ ਸਰਕਾਰ ਵਿੱਚ ਸਿਖਰਲੇ ਅਹੁਦੇ ਲਈ ਸਾਵੰਤ ਦੇ ਨਾਂ ਨੂੰ ਸਹਿਮਤੀ ਦੇ ਦਿੱਤੀ ਹੈ। ਇਨ੍ਹਾਂ ਪਾਰਟੀਆਂ ਦੇ ਤਿੰਨ-ਤਿੰਨ ਵਿਧਾਇਕ ਹਨ। ਇਸ ਦੌਰਾਨ, ਕਾਂਗਰਸ ਨੇ ਅੱਜ ਰਾਜਪਾਲ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ। ਇਕ ਸੀਨੀਅਰ ਭਾਜਪਾ ਆਗੂ ਨੇ ਕਿਹਾ, ‘ਅਸੀਂ ਗੱਠਜੋੜ ਵਿਚਲੇ ਭਾਈਵਾਲਾਂ ਨੂੰ ਨਾਲ ਤੋਰਨ ਵਿੱਚ ਸਫ਼ਲ ਰਹੇ ਹਾਂ ਤੇ ਰਾਜ ਵਿੱਚ ਦੋ ਉਪ ਮੁੱਖ ਮੰਤਰੀ ਥਾਪੇ ਜਾਣ ਦਾ ਫਾਰਮੂਲਾ ਤੈਅ ਹੋ ਗਿਆ ਹੈ।’ ਕਾਬਿਲੇਗੌਰ ਹੈ ਕਿ 40 ਮੈਂਬਰੀ ਗੋਆ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਮਨੋਹਰ ਪਰੀਕਰ ਦੇ ਅਕਾਲ ਚਲਾਣੇ ਮਗਰੋਂ ਚਾਰ ਸੀਟਾਂ ਖਾਲੀ ਹਨ। ਸ਼ਿਰੋਦਾ, ਮਾਂਦਰਮ ਤੇ ਮਾਪੁਸਾ ਅਸੈਂਬਲੀ ਸੀਟਾਂ ’ਤੇ ਜ਼ਿਮਨੀ ਚੋਣ 23 ਅਪਰੈਲ ਨੂੰ ਲੋਕ ਸਭਾ ਚੋਣਾਂ ਦੇ ਨਾਲ ਹੀ ਹੋਣੀ ਹੈ। ਮੌਜੂਦਾ ਸਮੇਂ ਗੋਆ ਵਿਧਾਨ ਸਭਾ ਦੀ ਕੁੱਲ ਸਮਰਥਾ 36 ਸੀਟਾਂ ਹੈ, ਜਿਸ ਲਿਹਾਜ਼ ਨਾਲ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ 19 ਸੀਟਾਂ ਦੇ ਸਾਧਾਰਨ ਬਹੁਮਤ ਦੀ ਲੋੜ ਹੈ। ਗੋਆ ਅਸੈਂਬਲੀ ਵਿੱਚ 14 ਵਿਧਾਇਕਾਂ ਨਾਲ ਕਾਂਗਰਸ ਸਭ ਤੋਂ ਵੱਡੀ ਪਾਰਟੀ ਹੈ ਜਦੋਂਕਿ ਭਾਜਪਾ ਕੋਲ ਕੁੱਲ 12 ਵਿਧਾਇਕ ਹਨ। ਭਾਜਪਾ ਵਿਧਾਇਕ ਫਰਾਂਸਿਸ ਡਿਸੂਜ਼ਾ ਤੇ ਹੁਣ ਪਰੀਕਰ ਦੀ ਮੌਤ ਅਤੇ ਦੋ ਕਾਂਗਰਸੀ ਵਿਧਾਇਕਾਂ ਸੁਭਾਸ਼ ਸ਼ਿਰੋਡਕਰ ਤੇ ਦਯਾਨੰਦ ਸੋਪਤੇ ਵੱਲੋੋਂ ਪਿਛਲੇ ਸਾਲ ਅਸਤੀਫ਼ੇ ਦਿੱਤੇ ਜਾਣ ਕਰਕੇ ਗੋਆ ਅਸੈਂਬਲੀ ਦੀ ਕੁੱਲ ਸਮਰੱਥਾ ਘੱਟ ਕੇ 36 ਰਹਿ ਗਈ ਹੈ। ਇਸ ਤੋਂ ਪਹਿਲਾਂ ਗੋਆ ਅਸੈਂਬਲੀ ’ਚ ਵਿਰੋਧੀ ਧਿਰ ਦੇ ਆਗੂ ਚੰਦਰਕਾਂਤ ਕਾਵਲੇਕਰ ਨੇ ਅੱਜ ਰਾਜ ਭਵਨ ਵਿੱਚ ਰਾਜਪਾਲ ਮ੍ਰਿਦੁਲਾ ਸਿਨਹਾ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ। ਕਾਵਲੇਕਰ ਨੇ ਦਾਅਵਾ ਕੀਤਾ ਸੀ ਕਿ ਸਭ ਤੋਂ ਪਾਰਟੀ ਹੋਣ ਦੇ ਨਾਤੇ ਸਰਕਾਰ ਬਣਾਉਣ ਦਾ ਪਹਿਲਾ ਮੌਕਾ ਉਨ੍ਹਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ।

Previous articleOpposition unity in polls a ‘delusion’: Chirag Paswan
Next articleਪਰੀਕਰ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ