ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਗੁ: ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਹੋਏ ਨਤਮਸਤਕ – 550ਵੇਂ ਪ੍ਰਕਾਸ਼ ਪੁਰਬ ਮੌਕੇ 550 ਅੰਗਦਾਨੀਆਂ ਦੀ ਮੁਹਿੰਮ ਦਾ ਹਿੱਸਾ ਬਣਨ ਦੀ ਕੀਤੀ ਅਪੀਲ

ਇੰਗਲੈਂਡ – (ਹਰਜਿੰਦਰ ਛਾਬੜਾ) ਇੰਗਲੈਂਡ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਮੱਥਾ ਟੇਕਿਆ, ਤੇ ਸਿੱਖ ਭਾਈਚਾਰੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ | ਉਨ੍ਹਾਂ ਸਿੱਖ ਭਾਈਚਾਰੇ ਦੇ ਬਰਤਾਨੀਆਂ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ, ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ, ਤੇ ਸਮੂਹ ਸਿੱਖ ਭਾਈਚਾਰੇ ਦਾ ਧੰਨਵਾਦ ਕੀਤਾ | ਬੌਰਿਸ ਜੌਹਨਸਨ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਲੋਂ 550ਵੇਂ ਪ੍ਰਕਾਸ਼ ਪੁਰਬ ਮੌਕੇ 550 ਅੰਗਦਾਨੀਆਂ ਨੂੰ ਰਜਿਸਟਰ ਕਰਨ ਦੀ ਵਿੱਡੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਨ ਕਾਰਜ਼ ਦਾ ਹਿੱਸਾ ਬਣਨ | ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਲੰਗਰ ਵਿਚ ਰੋਟੀਆਂ ਬਣਾਉਣ ਦੀ ਸੇਵਾ ਕੀਤੀ, ਤੇ ਪੰਗਤ ਵਿਚ ਬੈਠ ਕੇ ਲੰਗਰ ਛਕਿਆ | ਗੁਰੂ ਘਰ ਦੇ ਪ੍ਰਧਾਨ ਗੁਰਮੇਲ ਸਿੰਘ ਮੱਲੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੌਹਨਸਨ ਨੇ ਆਪਣੀ ਸਰਕਾਰ ਵਿਚ ਹਰ ਵਰਗ ਨੂੰ ਬਣਦੀ ਥਾਂ ਦੇ ਕੇ ਸਭ ਦਾ ਮਨ ਜਿੱਤਿਆ ਸੀ | ਗੁਰੂ ਘਰ ਵਲੋਂ ਪ੍ਰਧਾਨ ਗੁਰਮੇਲ ਸਿੰਘ ਮੱਲੀ, ਮੀਤ ਪ੍ਰਧਾਨ ਸੋਹਣ ਸਿੰਘ ਸੁਮਰਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਗਿੱਲ ਵਲੋਂ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਤੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਸੁਮੀਰ ਜੱਸਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਜਦੋਂਕਿ ਅਮਰੀਕ ਸਿੰਘ ਕੂਨਰ ਨੇ ਸਨਮਾਨ ਚਿੰਨ ਭੇਂਟ ਕੀਤਾ |

ਇਸ ਮੌਕੇ ਵਿਧਾਇਕ ਡਾ: ਉਂਕਾਰ ਸਿੰਘ ਸਹੋਤਾ, ਨਵਰਾਜ ਸਿੰਘ ਚੀਮਾ, ਕੁਲਵੰਤ ਸਿੰਘ ਭਿੰਡਰ, ਸੁਰਜੀਤ ਕੌਰ ਬਾਸੀ, ਬਲਜੀਤ ਸਿੰਘ ਮੱਲੀ, ਬਲਵਿੰਦਰ ਸਿੰਘ ਗਿੱਲ ਦੀਨੇਵਾਲੀਆ, ਗੁਰਚਰਨ ਸਿੰਘ ਸੂਜਾਪੁਰ, ਤਲਵਿੰਦਰ ਸਿੰਘ ਹੇਅਰ, ਅਵਤਾਰ ਸਿੰਘ ਬੁਟਰ, ਉਂਕਾਰਜੀਤ ਸਿੰਘ ਸੰਧੂ, ਕਾਬਲਜੀਤ ਸਿੰਘ ਸੰਧੂ, ਕੁਲਵੰਤ ਸਿੰਘ ਮੱਲੀ, ਦਲਜੀਤ ਸਿੰਘ ਬਾਠ, ਗੁਰਦਿਆਲ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ |

Previous articleਸਰਕਾਰ ਅਤੇ ਸਮਾਜ ਦੇ ਮੱਥੇ ‘ਤੇ ਕਲੰਕ ਚੰਗਾਲੀਵਾਲਾ ਕਾਂਡ : ਹਰਪਾਲ ਚੀਮਾ
Next articleSri Lankan bowler’s quirky action making waves