ਪ੍ਰਦੂਸ਼ਣ ਘਟਾਉਣ ਲਈ ਪੰਚਾਇਤਾਂ ਅੱਗੇ ਆਈਆਂ

ਹਰ ਸਾਲ ਪਰਾਲੀ ਸਾੜਨ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਸਰਕਾਰਾਂ ਦੇ ਕਈ ਕਦਮ ਚੁੱਕੇ ਪਰ ਇਸ ਦੇ ਬਾਵਜੂਦ ਇਹ ਵਰਤਾਰਾ ਜਾਰੀ ਹੈ। ਹੁਣ ਪਰਾਲੀ ਸਾੜਨ ਕਾਰਨ ਧੂੰਏਂ ਤੋਂ ਪੈਦਾ ਹੋਣ ਵਾਲਾ ਪ੍ਰਦੂਸ਼ਣ ਘਟਾਉਣ ਲਈ ਪੰਚਾਇਤਾਂ ਅੱਗੇ ਆਉਣ ਲੱਗੀਆਂ ਹਨ। ਕਈ ਕਿਸਾਨਾਂ ਨੇ ਪਹਿਲੀ ਵਾਰ ਪਰਾਲੀ ਸਾੜਨ ਦੀ ਬਦਲਵੀਂ ਤਕਨੀਕ ਅਪਣਾਈ ਹੈ।
ਇਸ ਕੜੀ ਤਹਿਤ ਗਰਾਮ ਪੰਚਾਇਤ ਪਿੰਡ ਜੈ ਸਿੰਘ ਵਾਲਾ ਤੇ ਪਿੰਡ ਲੰਗੇਆਣਾ ਨਵਾਂ ਤੇ ਹੋਰ ਪੰਚਾਇਤਾਂ ਨੇ ‘ਸਵੱਛ ਹਵਾ, ਬਿਹਤਰ ਜੀਵਨ’ ਮੁਹਿੰਮ ਤਹਿਤ ਪਰਾਲੀ ਨਾ ਸਾੜ ਕੇ ਪ੍ਰਦੂਸ਼ਣ ਘਟਾਉਣ ਲਈ ਕਦਮ ਚੁੱਕਿਆ ਹੈ। ਮੁੱਖ ਖੇਤੀਬਾੜੀ ਅਫਸਰ ਡਾ. ਬਲਵਿੰਦਰ ਸਿੰਘ ਅਤੇ ਸਟੇਟ ਐਵਾਰਡੀ ਖੇਤੀ ਮਾਹਿਰ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਸ਼ੁੱਧ ਹਵਾ ਸਿਰਫ਼ ਮਨੁੱਖੀ ਜੀਵਨ ਲਈ ਹੀ ਲਾਜ਼ਮੀ ਨਹੀਂ ਹੈ ਸਗੋਂ ਮਿੱਟੀ, ਜਲ, ਜੰਗਲ ਅਤੇ ਸੱਭਿਅਤਾਵਾਂ ਦੀ ਹੋਂਦ ਵੀ ਇਸੇ ਕਰਕੇ ਹੈ।ਪਿੰਡ ਜੈ ਸਿੰਘ ਵਾਲਾ ਦੇ ਸਰਪੰਚ ਬਲਜੀਤ ਸਿੰਘ ਅਤੇ ਪਿੰਡ ਦੇ ਅਗਾਂਵਧੂ ਕਿਸਾਨ ਜਗਮੋਹਣ ਸਿੰਘ ਨੇ ਦੱਸਿਆ ਕਿ ਪਰਾਲੀ ਸਾੜਨ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜਾ ਕਿਸਾਨ ਪਰਾਲੀ ਸਾੜੇਗਾ ਉਸ ਨੂੰ ਰੋਕਿਆ ਜਾਵੇਗਾ ਅਤੇ ਪ੍ਰਸ਼ਾਸਨ ਦਾ ਸਾਥ ਦਿੱਤਾ ਜਾਵੇਗਾ। ਇਸ ਮੁਹਿੰਮ ਤਹਿਤ ਸੁਖਦੇਵ ਸਿੰਘ, ਸਰਪੰਚ ਪਿੰਡ ਲੰਗੇਆਣਾ ਨਵਾਂ, ਪਰਮਜੀਤ ਸਿੰਘ ਸਰਪੰਚ ਡੇਮਰੂ ਖੁਰਦ, ਸੁਖਦੀਪ ਕੌਰ ਸਰਪੰਚ ਪਿੰਡ ਡੇਮਰੂ ਕਲਾਂ, ਗਿਆਨ ਕੌਰ ਸਰਪੰਚ ਪਿੰਡ ਚੀਦਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਤੋਂ ਇਲਾਵਾ ਹੋਰਨਾਂ ਪਿੰਡਾਂ ਦੀਆਂ ਪੰਚਾਇਤਾਂ ਤੇ ਨੰਬਰਦਾਰ ਅੱਗੇ ਆਏ ਹਨ। ਇਨ੍ਹਾਂ ਪੰਚਾਇਤਾਂ ਨੇ ਪਰਾਲੀ ਨਾ ਸਾੜਨ ਦਾ ਆਹਿਦ ਲੈਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਿਖਤੀ ਰੂਪ ’ਚ ਭਰੋਸਾ ਦਿੱਤਾ ਹੈ।

Previous articleਚਿਦੰਬਰਮ ਨੂੰ ਆਈਐੱਨਐਕਸ ਮੀਡੀਆ ਮਾਮਲੇ ’ਚ ਮਿਲੀ ਜ਼ਮਾਨਤ
Next articleਮੇਰਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ: ਨਵਜੋਤ ਕੌਰ ਸਿੱਧੂ