ਪੋਲੈਂਡ ਦੇ ਸ਼ਹਿਰ ਦੇ ਚੌਕ ਦਾ ਨਾਂ ਹਰਿਵੰਸ਼ ਰਾਏ ਬੱਚਨ ਨੂੰ ਸਮਰਪਿਤ

ਮੁੰਬਈ (ਸਮਾਜ ਵੀਕਲੀ) : ਪੋਲੈਂਡ ਦੇ ਸ਼ਹਿਰ ਰੌਕਲਾਅ ਨੇ ਇਕ ਚੌਕ ਦਾ ਨਾਂ ਭਾਰਤ ਦੇ ਪ੍ਰਸਿੱਧ ਕਵੀ ਹਰਿਵੰਸ਼ ਰਾਏ ਬੱਚਨ ਦੇ ਨਾਂ ਉਤੇ ਰੱਖਿਆ ਹੈ। ਹਰਿਵੰਸ਼ ਦੇ ਪੁੱਤਰ ਮੈਗਾਸਟਾਰ ਅਮਿਤਾਭ ਬਚਨ ਨੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਦਸਹਿਰੇ ਮੌਕੇ ਇਸ ਤੋਂ ਵੱਡਾ ਸਨਮਾਨ ਹੋਰ ਕੀ ਹੋ ਸਕਦਾ ਹੈ। 78 ਸਾਲਾ ਅਦਾਕਾਰ ਨੇ ਸੋਸ਼ਲ ਮੀਡੀਆ ’ਤੇ ਉਸ ਬੋਰਡ ਦੀ ਫੋਟੋ ਸਾਂਝੀ ਕੀਤੀ ਹੈ ਜਿਸ ’ਤੇ ਹਰਿਵੰਸ਼ ਰਾਏ ਬਚਨ ਦਾ ਨਾਂ ਲਿਖਿਆ ਹੋਇਆ ਹੈ।

ਅਮਿਤਾਭ ਨੇ ਕਿਹਾ ਕਿ ਇਹ ਪਰਿਵਾਰ, ਪੌਲੈਂਡ ਦੇ ਭਾਰਤੀ ਭਾਈਚਾਰੇ ਤੇ ਭਾਰਤ ਲਈ ਬੇਹੱਦ ਮਾਣ ਵਾਲੀ ਗੱਲ ਹੈ। ਇਸ ਤੋਂ ਪਹਿਲਾਂ ਜੁਲਾਈ ਵਿਚ ਰੌਕਲਾਅ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਬੇਹੱਦ ਸਤਿਕਾਰੇ ਗਏ ਹਿੰਦੀ ਕਵੀ ਹਰਿਵੰਸ਼ ਦੀ ਪ੍ਰਸਿੱਧ ਕਵਿਤਾ ‘ਮਧੂਸ਼ਾਲਾ’ ਪੜ੍ਹੀ ਸੀ। 2019 ਵਿਚ ਅਮਿਤਾਭ ਪੋਲੈਂਡ ਗਏ ਸਨ ਜਿੱਥੇ ਉਨ੍ਹਾਂ ਦੇ ਪਿਤਾ ਦਾ ਮੁਲਕ ਦੇ ਇਕ ਸਭ ਤੋਂ ਪੁਰਾਣੇ ਚਰਚ ਵਿਚ ਸਨਮਾਨ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ‘ਨਈ ਕਵਿਤਾ ਸਾਹਿਤਕ ਮੁਹਿੰਮ’ ਨਾਲ ਜੁੜੇ ਕਵੀ ਹਰਿਵੰਸ਼ ਰਾਏ ਬਚਨ ਨੂੰ 1976 ਵਿਚ ਹਿੰਦੀ ਸਾਹਿਤ ਵਿਚ ਪਾਏ ਯੋਗਦਾਨ ਲਈ ਪਦਮ ਭੂਸ਼ਣ ਦਿੱਤਾ ਗਿਆ ਸੀ। ਉਨ੍ਹਾਂ ਦਾ ਦੇਹਾਂਤ 2003 ਵਿਚ ਹੋਇਆ ਸੀ।

Previous articleਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਖ਼ਿਲਾਫ਼ ਅਦਾਲਤ ਦੇ ਅਪਮਾਨ ਦੀ ਕਾਰਵਾਈ ‘ਤੇ ਸੁਪਰੀਮ ਕੋਰਟ ਵੱਲੋਂ ਰੋਕ
Next articleਧਾਰਾ 370 ਹਟਾਏ ਜਾਣ ਮਗਰੋਂ ਵੀ ਭਾਜਪਾ ਕਾਰਕੁਨ ਲਾਲ ਚੌਕ ’ਚ ਨਹੀਂ ਲਹਿਰਾ ਸਕੇ ਤਿਰੰਗਾ