ਪੋਥੀ ਪਰਬਤ-ਨਵੀਂ ਆਲੋਚਨਾ ਵਿਧੀ ਦੀ ਪੁਸਤਕ-ਪ੍ਰੋ. ਸਤਗੁਰ ਸਿੰਘ

(ਸਮਾਜ ਵੀਕਲੀ)

ਸਭ ਤੋਂ ਪਹਿਲਾਂ ਤਾਂ ਇਹੋ ਖੁਸ਼ੀ ਦੀ ਗੱਲ ਹੈ ਕਿ ਸਾਹਿਤ ਵਿੱਚ ਨਵੀਂ ਆਲੋਚਨਾ(ਵਾਦ ਮੁਕਤ) ਦਾ ਆਗਾਜ਼ ਹੋਇਆ ਹੈ। ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕੋਈ ਸਾਹਿਤ ਵਿੱਚ ਨਵਾਂ ਰੰਗ ਲੈ ਕੇ ਆਉਂਦਾ ਹੈ। ਦੂਸਰੀ ਗੱਲ ਗੁਰਬਾਣੀ ਦੇ ਨਾਲ-ਨਾਲ ਹੋਰਨਾਂ ਆਧੁਨਿਕ ਕਵੀਆਂ ਉੱਤੇ ਵੀ ਸੋਹਣਾ ਕੰਮ ਹੋਇਆ ਹੈ।

ਪ੍ਰੋ. ਸਤਗੁਰ ਸਿੰਘ ਨੇ ਆਦਿ, ਮੱਧ, ਆਧੁਨਿਕ ਕਾਲ ਦੀਆਂ ਰਚਨਾਵਾਂ ਵਿਚ ਇਸ ਨਵੀਂ ਆਲੋਚਨਾ ਦੀ ਰੂਹ ਫੂਕੀ ਹੈ। ਤੱਥ-ਹੀਣ, ਤਰਕ-ਹੀਣ, ਲੋੜ-ਹੀਣ, ਜੜ੍ਹ-ਹੀਣ, ਸਹਿਜ-ਹੀਣ ਸਾਹਿਤ ਇਸ ਨਵੇਂ ਸਾਂਚੇ ਵਿੱਚ ਨਹੀਂ ਢਲ਼ਦਾ। ਆਲੋਚਕ ਨੇ ਇੱਕ ਪਾਸੇ ਸਾਹਿਤ ਲਿਖ ਕੇ ਪਰਉਪਕਾਰੀ ਬਣਨ ਦਾ ਭਰਮ ਪਾਲ਼ਦੇ ਦੂਜੇ ਪਾਸੇ ਦਮੜਿਆਂ ਲਈ ਕਿਤਾਬਾਂ ਲਿਖਣ ਵਾਲੇ ਸਾਹਿਤਕ ਬ੍ਰਾਹਮਣਾਂ ਦੀ ਧੋਤੀ ਵੀ ਖ਼ੂਬ ਖੋਲੀ ਹੈ। ਗੋਰਖ ਨਾਥ ਦੀ ਰੂੜੀਵਾਦੀ ਗੰਧਲੀ ਤਸਵੀਰ ਉੱਪਰ ਨਵੇਂ ਅਰਥਾਂ ਦਾ ਪੋਚਾ ਮਾਰ ਕੇ ਸਕਾਰਾਤਮਕ ਜੜ੍ਹਤ ਵਿੱਚ ਜੜ੍ਹਿਆ ਹੈ।
ਉਸਨੇ ਅਣਸੁਲਝੇ ਮਸਲੇ ਸੁਲਝਾਏ ਹਨ ਜਿਵੇੰ ਗੋਰਖ ਅੌਰਤ ਨਿੰਦਕ ਜਾ ਨਹੀੰ, ਖਲਨਾਇਕ ਕੌਣ ਦੁੱਲਾ ਜਾ ਅਕਬਰ ਏਥੇ ਅਸੀੰ ਹਾਲੇ ਤੀਕ ਇਹੋ ਹੀ ਨਹੀਂ ਸਮਝ ਸਕੇ ਕਿ ਦੋਵਾਂ ਚੋੰ ਖਲਨਾਇਕ ਕੌਣ ਹੈ। ਸ਼ਰੀਫ ਕੁੰਜਾਹੀ ਮੋਹਨ ਸਿੰਘ ਦੇ ਹਾਣ ਦਾ ਜਾ ਨਹੀੰ।

ਬਾਬਾ ਫਰੀਦ ਢਹਿੰਦੀ ਕਲਾ ਜਾ ਚੜਦੀ ਦਾ ਪ੍ਰਤੀਕ, ਭਾਈ ਗੁਰਦਾਸ ਜੀ ਦੇ ਹੈਰਾਨੀ ਵਾਲੇ ਅਲੰਕਾਰ, ਗੁਰਬਾਣੀ ਅੰਤਰਸੰਵਾਦਤਾ,ਮੁੜ ਵਿਧਵਾ ਕਹਾਣੀ ਦਾ ਭਾਗ ਦੂਜਾ, ਚਾਰਲੀ ਚੈਪਲਿਨ ਦੇ ਹਾਸਿਆਂ ਪਿਛਲਾ ਛੁਪਿਆ ਮੈਸਜ,ਮੂਲ ਮੰਤਰ ਦਾ ਸ਼ਬਦ ਅਰਥੀ ਕਲਾ ਪੱਖ ਤੇ ਕਵਿਤਾਵਾਂ ਆਦਿ ਪੜਦਿਆਂ ਪੜਦਿਆਂ ਪ੍ਰਤੀਤ ਹੁੰਦਾ ਹੈ ਕਿ ਅਸੀਂ ਸਾਹਿਤ ਦੇ ਵਿਸ਼ਾਲ ਪਰਬਤ ਵੱਲ ਵੱਧ ਰਹੇ ਹਾਂ ਜਿਹੜਾ ਕਿ ਕਿਤੇ ਨਾ ਕਿਤੇ ਸਾਡੇ ਚੇਤਿਆਂ ਅੰਦਰ ਅਛੂਤਾ ਪਿਆ ਰਹਿ ਗਿਆ ਹੈ।

ਮੁੱਢਲੇ ਪੰਜਾਬੀ ਸਾਹਿਤ ਚਿੰਤਨ ਅਨੁਸਾਰ ‘ਗੋਰਖ ਔਰਤ ਨਿੰਦਕ ਹੈ’, ਜਦੋਂ ਕਿ ਪ੍ਰੋਫੈਸਰ ਸਤਗੁਰ ਸਿੰਘ ਸੰਵਾਦ ਰਚਾਉਂਦਾ ਹੈ ਤਾਂ ਗੋਰਖ ‘ਸਕੂਲ ਆਫ਼ ਥਾਟ’ ਦਾ ਮੁੱਢਲਾ ਪ੍ਰਵਕਤਾ ਨਜ਼ਰ ਆਉਂਦਾ ਹੈ। ਵਿਚਾਰ ਪੱਖੋਂ ਨਾਰੀ ਨਿੰਦਕ ਨਹੀਂ, ਗ੍ਰਹਿਸਥ ਨੂੰ ਸਾਬਤ ਸਬੂਤਾ ਨਿਭਾਉਣ/ ਹੰਢਾਉਣ ਦਾ ਹਾਮੀ। ਅੰਤਰ ਸੰਵਾਦ ਰਚਾਉਂਦਿਆਂ ਭਾਵੇਂ ਮੁੱਢਲੇ ਮਾਰਕਸਵਾਦੀ ਆਲੋਚਨਾ ਨੂੰ ਫਰੀਦ ਨਿਰਾਸ਼ਾਵਾਦੀ ਨਜ਼ਰ ਆਇਆ ‘ਏਹ ਦੋ ਨੈਨਾ ਮੱਤ’ ਦੀ ਪੰਕਤੀ ਭਰਪੂਰ ਆਸ਼ਾਵਾਦੀ ਪ੍ਰਤੀਕ ਹੈ। ਭਾਈ ਗੁਰਦਾਸ ਦੀ ਸੰਪੂਰਨਤਾ ਉਸ ਦੇ ਲੰਮੇ ਸਮੇਂ ਲਈ ਗਿਆਨ ਵਿਹਾਜਣ ਤੋਂ ਹੈ। ਦਮੋਦਰ ਸਮਾਜਿਕ ਪ੍ਰਾਣੀ ਹੁੰਦਾ ਹੋਇਆ ਵੱਡਾ ਸਮਾਜਿਕ ਸਮੀਖਿਆਕਾਰ ਹੈ।

ਪ੍ਰੋਫੈਸਰ ਸਤਗੁਰ ਸਿੰਘ ਦੀ ਧਾਰਨਾ ‘ਵਾਰਿਸ ਇਸ਼ਕ ਮਜਾਜ਼ੀ ਦੇ ਆਂਡਿਆਂ ਵਿੱਚੋਂ ਇਸ਼ਕ ਹਕੀਕੀ ਦੇ ਚੂਚੇ ਕੱਢ ਲੈਂਦਾ ਹੈ’,ਸਿੱਧ ਕਰਦੀ ਹੈ ਕਿ ਰਚਨਾ ਪਾਠ ਪੱਖੋਂ ਦੋਹਰੀ ਬੁਣਤੀ ਵਾਲੀ ਹੀ ਨਹੀਂ ਹੁੰਦੀ, ਵਿਚਾਰ ਪੱਖੋਂ ਵੀ ਦੋਹਰੇ ਅਰਥ ਸਾਕਾਰ ਕਰਦੀ ਹੈ। ਵਾਰਿਸ ਦਾ ਰਾਂਝਾ ਮਨ ਦੀ ਮੌਜ ਰਾਹੀਂ ਹੀ ਸਥਾਪਤੀ ਨਾਲ ਟੱਕਰ ਲੈਂਦਾ ਹੈ।ਇਵੇਂ ਵਾਰਿਸ ਕੌੜਤੁੰਮਿਆਂ ਦੀ ਵੇਲ ਉੱਤੇ ਖਰਬੂਜੇ ਲਗਾ ਕੇ ਰਾਸ ਬਾਬਾ ਅੰਗੂਰਾਂ ਦਾ ਸਵਾਦ ਚਖਾਉਂਦਾ ਨਜ਼ਰ ਆ ਰਿਹਾ ਹੈ। ਇਹ ਅਜਿਹਾ ਅੰਤਰ ਸੰਵਾਦ ਜੋ ਰਚਨਾਕਾਰ ਦੇ ਅੰਤਰੀਵੀ ਸੰਵਾਦ ਨੂੰ ਵੀ ਪਕੜ ਲੈਂਦਾ ਹੈ। ਕਾਦਰਯਾਰ ਦੁਆਰਾ ਵਿਉਂਤੇ ‘ਪੂਰਨ’ ਦੀ ਪੂਰਨਤਾ ਪੰਜਾਬ ਦੀ ਪੂਰਨਤਾ ਹੈ, ਬਾਹਰੀ ਲਾਲਸਾਵਾਂ ਤੇ ਅੰਦਰੂਨੀ ਪਿਆਸ ਦੀ ਲੂਣਾ ਉਹਦਾ ਲੰਗੋਟ ਚੁੱਕ ਕੇ ਲੈ ਜਾਂਦੀ ਹੈ, ਇੱਥੇ ਅੰਤ੍ਰੀਵੀ ਤੇ ਅੰਤਰ ਸੰਵਾਦ ਇੱਕ ਦੂਜੇ ਦੇ ਪੂਰਕ ਹਨ।

ਸ਼ਰੀਫ ਕੁੰਜਾਹੀ ਪ੍ਰਗਤੀਵਾਦੀ ਪ੍ਰਤਿਭਾ ਹੈ ਪਰ ਮਜ਼੍ਹਬੀ ਵੱਖਰੇਵੇਂ ਨੇ ਉਸ ਨੂੰ ਡੀਕੋਡ ਹੋਣ ਤੋਂ ਪਛਾੜ ਦਿੱਤਾ, ਜਿਵੇਂ ਲੋਕ ਰੰਗ ਤੇ ਜੁਝਾਰਵਾਦ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਇਵੇਂ ਹੀ ਸ਼ਿਵ ਕੁਮਾਰ ਬਟਾਲਵੀ ਦੇ ਪਾਸ਼ ਵੀ। ਨਵਤੇਜ ਭਾਰਤੀ ਤੇ ਪ੍ਰੋਫੈਸਰ ਮੋਹਨ ਸਿੰਘ ਬਾਰੇ ਅੰਤਰ ਸੰਵਾਦ ਕਰਦਿਆਂ ਪ੍ਰੋ. ਸਤਗੁਰ ਸਿੰਘ ਨੇ ਇਸ ਨੁਕਤੇ ਤੇ ਅਧਿਐਨ ਕੇਂਦਰਿਤ ਕੀਤਾ ਕਿ ਕਵਿਤਾ ਵਿਚਾਰ ਪੱਖੋਂ ਵੀ ਅੱਗੇ ਵਧਦੀ ਹੈ ਤੇ ਆਪਣੇ ‘ਸਮੁੱਚ’ ਰੂਪ ਵਿੱਚ ਵੀ।

ਗੁਰਭਜਨ ਗਿੱਲ ਸ਼ਬਦਾਂ ਦਾ ਕਾਰੀਗਰ ਹੈ ਜੋ ਸ਼ਬਦਾਂ ਵਿੱਚ ਗੁਰਬਾਣੀ ਵਾਂਗ ਅਨੇਕਤਾ ਵਿੱਚ ਏਕਤਾ ਜਗਾਉਂਦਾ ਹੈ। ਲੀਹ ਬਣੀ ਰਹਿਣੀ ਚਾਹੀਦੀ ਹੈ। ਜ਼ਖ਼ਮੀ ਦੀ ਕਲਮ ਮਿੱਥਾਂ ਤੋਂ ਪਾਰ ਸੱਚ ਨੂੰ ਸੱਚ ਲਿਖਦੀ ਹੈ। ਨਜ਼ਮ ਹੁਸੈਨ ਨਾਲ ਸੰਵਾਦ ਰਚਾਉਂਦਿਆਂ ਸਤਗੁਰ ਸਿੰਘ ਸਾਹਵੇਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ‘ਨਾਇਕ’ ਤਾਂ ਜੁੱਗਾਂ ਤੋੜੀ ਪੈਦਾ ਹੁੰਦੇ ਨੇ, ਜਿਉਂਦੇ ਨੇ ਪਰ ਜ਼ਮਾਨੇ ਦੀ ਅੱਖ ਤੋਂ ਅੌਝਲ ਰਹਿੰਦੇ ਹਨ।

‘ਡਿਕਸ਼ਨ’ ਹੱਦਬੰਦੀਆਂ ਤੋਂ ਪਾਰ ਹੁੰਦਾ ਹੈ ਰੂਹ ਉਹੀ ਕਲਬੂਤ ਬਦਲਦੇ ਨੇ। ਕਲਬੂਤ ਸ਼ਾਇਰਾਂ ਦੇ ਸ਼ਬਦ ਹਨ, ਪੰਕਤੀਆਂ ਹਨ, ਕਾਵਿ ਬੰਦ ਹਨ, ਰੂਹ ਸੰਵਾਦ ਤਾਂ ਬਣਿਆ ਰਹਿੰਦਾ ਹੈ।ਪਾਸ਼, ਨਿਆਜ਼ੀ, ਜਸਵੀਰ ਚੋਟੀਆਂ ਦਾ ਸੰਵਾਦ ਕਾਲ ਮੁਕਤ ਹੈ ਪਰ ਵਿਚਾਰ ਜੁਗਤ। ਨਵਾਬ ਖਾਨ ਨਾਲ ਰਚਾਏ ਸੰਵਾਦ ਵਿੱਚੋਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਸੱਚ ਦੀ ਪਛਾਣ ਅੈਰੇ-ਗੈਰੇ ਦੇ ਵੱਸ ਦੀ ਖੇਡ ਨਹੀਂ। ਸੱਚ ਦੀ ਆਵਾਜ਼ ਨੂੰ ਸੱਚਾ, ਸੁੱਚਾ ਤੇ ਉੱਚਾ ਪੜ੍ਹ ਕੇ ਸੁਣਾਉਂਦੇ ਹਨ। ਗੁਰਬਚਨ ਖਾਲਸਾ ਨਾਲ ਰਚਾਏ ਸੰਵਾਦ ਵਿੱਚੋਂ ਇਹ ਨੁਕਤਾ ਉੱਭਰ ਕੇ ਸਾਹਮਣੇ ਆਇਆ ਕਿ ਕਵਿਤਾ ਕਿਲਕਾਰੀ ਹੁੰਦੀ ਹੈ ਝਲਕਾਰਾਂ, ਸੋਹਜ ਦਾ ਪੜੇਥਣ ਕਵਿਤਾ ਨੂੰ ਨਿਗੁਣੀ ਕਰਦਾ ਹੈ। ਪ੍ਰੋ. ਸਤਗੁਰ ਸਿੰਘ ਅਨੁਸਾਰ, “ਜੇ ਸ਼ਿੰਗਾਰ ਵਿੱਚ ਇਤਨੀ ਤਾਕਤ ਹੁੰਦੀ ਤਾਂ ਸਦੀਆਂ ਤੋਂ ਅੌਰਤ ਅਬਲਾ ਨਾ ਹੁੰਦੀ।”

‘ਗੋਸ਼ਟ ਮੱਕਾ’ ਦੀ ਰਾਹੀਂ ਰਚਾਇਆ ਸੰਵਾਦ ਏਸ ਗੱਲ ਦਾ ਭੇਦ ਖੋਲਦਾ ਹੈ ਕਿ ਮੱਕਾ ਨਹੀਂ, ਕਾਜ਼ੀ ਦੀ ਸੋਚ ਘੁੰਮਦੀ ਹੈ। ਇਹ ਬਾਬੇ ਨਾਨਕ ਦੀ ਪ੍ਰਾਪਤੀ ਹੈ। ਗੁਰਬਾਣੀ ਅੰਤਰ ਸੰਵਾਦ ਦੀਆਂ ਅਗਲੇਰੀਆਂ ਪਰਤਾਂ ਖੋਲਦਿਆਂ ਸੰਵਾਦ ਦ੍ਰਿੜ ਕਰਵਾਇਆ ਹੈ ਕਿ ਬਾਣੀ ਹੀ ਅੱਗੋਂ ਬਾਬੇ ਦੇ ਹੋਰ ਗੁੱਝੇ ਭੇਦ ਖੋਲ੍ਹਦੀ ਹੈ। ਵਰਡਜ਼ਵਰਥ ਨਾਲ ਸੰਵਾਦ ਅੰਤਰ ਰਾਸ਼ਟਰੀ ਸੰਵਾਦ ਹੈ ਜੋ ਦ੍ਰਿੜ੍ਹ ਕਰਵਾਉਂਦਾ ਹੈ ਕਿ ‘ਭਾਸ਼ਾਈ ਰੋਕ’ ‘ਵਿਚਾਰ ਰੋਕ’ ਨਹੀਂ ਬਣ ਸਕਦੀ।

ਅਖੀਰੀ ਕਾਵਿ ਦ੍ਰਿਸ਼ ਤੇ ਕਾਵਿ ਚਿੱਤਰ ਕਾਵਿਕ ਸੰਵਾਦ ਹਨ ਜੋ ਲੁਪਤ ਨੂੰ ਅਲੁਪਤ ਕਰਨ ਦਾ ਸੰਕਲਪ ਹਨ। ਕਹਾਣੀ ‘ਜ਼ੰਜੀਰ” ਜਿੱਥੇ ‘ਮੁੜ ਵਿਧਵਾ’ ਕਹਾਣੀ ਨਾਲ ਸੰਵਾਦ ਹੈ, ਉੱਥੇ ਸੰਤ ਸਿੰਘ ਸੇਖੋਂ ਦੀ ਸੋਚ ਦੀ ਪੂਰਨ ਤ੍ਰਿਪਤੀ। ਅਖੀਰਲਾ ਆਪਣੇ ਆਪ ਨਾਲ ਸੰਵਾਦ ਦ੍ਰਿੜ੍ਹ ਕਰਵਾਉਂਦਾ ਹੈ ਕਿ ਨਿਮਰਤਾ ਵਿੱਚੋਂ ਹੀ ਉੱਚਤਾ ਉਪਜਦੀ ਹੈ। ਵਿਵਹਾਰ ਰਾਹੀਂ ਅੰਤ੍ਰੀਵੀ ਤੇ ਅੰਤਰ ਸੰਵਾਦ ਸਮਰੂਪਤਾ ਵਿਹਾਜ ਦੇ ਪ੍ਰੋਫੈਸਰ ਸਤਗੁਰ ਸਿੰਘ ਨੇ ਵਿਧੀ ਦੀ ਪ੍ਰਕਿਰਤੀ ਨਾਲ ਅਜੇ ਮੁੱਢਲੀ ਜਾਣ ਪਛਾਣ ਕਰਵਾਈ ਹੈ। ਆਮੀਨ!

ਰਮੇਸ਼ਵਰ ਸਿੰਘ

ਸੰਪਰਕ ਨੰਬਰ-9914880392

Previous articleਲੋਕ ਗਾਇਕੀ ਦੇ ਵਿਰਸੇ ਦੀ ਵਾਰਿਸ ਅਮਿ੍ੰਤ ਕੌਰ
Next articleਸਰਬੱਤ ਦੇ ਕਨਾਤ