ਪੈਰਿਸ ’ਚ ਸ਼ਹੀਦ ਫ਼ੌਜੀਆਂ ਨੂੰ ਯਾਦ ਕਰਕੇ ਦਿੱਤਾ ਸ਼ਾਂਤੀ ਦਾ ਪੈਗਾਮ

ਪਹਿਲੀ ਸੰਸਾਰ ਜੰਗ ਦੀ ਸਮਾਪਤੀ ਦੇ 100 ਵਰ੍ਹੇ ਮੁਕੰਮਲ ਹੋਣ ’ਤੇ ਪੈਰਿਸ ’ਚ ਐਤਵਾਰ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਐਮ ਵੈਂਕੱਈਆ ਨਾਇਡੂ ਸਮੇਤ ਕਈ ਹੋਰ ਮੁਲਕਾਂ ਦੇ ਆਗੂਆਂ ਨੇ ਸ਼ਹੀਦ ਫ਼ੌਜੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਜੰਗਾਂ ਦੇ ਖ਼ਾਤਮੇ ਦੀ ਵਕਾਲਤ ਕੀਤੀ। ਸਮਾਗਮ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ, ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਅਤੇ ਫਰਾਂਸ ਦੇ ਇਮੈਨੂਅਲ ਮੈਕਰੌਂ ਸਮੇਤ ਹੋਰ ਕਈ ਆਗੂ ਹਾਜ਼ਰ ਰਹੇ। ਚੈਂਪਸ-ਐਲਿਸੀਜ਼ ਦੇ ਆਰਕ ਡੀ ਟ੍ਰਾਇੰਫ ਜੰਗੀ ਯਾਦਗਾਰ ’ਤੇ ਭਾਰੀ ਮੀਂਹ ਨੇ ਸੋਗ ਸਮਾਗਮ ’ਚ ਆਪਣੀ ਹਾਜ਼ਰੀ ਲਵਾਈ ਅਤੇ ਸ਼ਰਧਾਂਜਲੀਆਂ ਨਾਲ ਸ਼ਤਾਬਦੀ ਸਮਾਗਮ ਖ਼ਤਮ ਹੋ ਗਏ। ਚਾਰ ਸਾਲਾਂ ਤਕ ਚੱਲੀ ਜੰਗ ਦੌਰਾਨ 1.8 ਕਰੋੜ ਜਾਨਾਂ ਗਈਆਂ ਸਨ। ਅਣਪਛਾਤੇ ਫ਼ੌਜੀ ਦੇ ਮਕਬਰੇ ’ਤੇ ਮੈਕਰੌਂ, ਜਰਮਨ ਚਾਂਸਲਰ ਐਂਜਲਾ ਮਰਕਲ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਦਰਜਨਾਂ ਮੁਲਕਾਂ ਦੇ ਮੁਖੀਆਂ ਨੇ ਉਥੋਂ ਦਾ ਦੌਰਾ ਕੀਤਾ। ਫਰਾਂਸ ਅਤੇ ਭਾਈਵਾਲ ਮੁਲਕਾਂ ਦੇ ਸਾਬਕਾ ਫ਼ੌਜੀਆਂ ਸਮੇਤ 3400 ਤੋਂ ਵੱਧ ਵਿਅਕਤੀਆਂ ਨੂੰ ਸਮਾਗਮ ਲਈ ਉਚੇਚੇ ਤੌਰ ’ਤੇ ਸੱਦਾ ਦਿੱਤਾ ਗਿਆ ਸੀ। ਸਮਾਗਮ ਦੀ ਸ਼ੁਰੂਆਤ ਫਰਾਂਸ ਦੇ ਕੌਮੀ ਗੀਤ ਨਾਲ ਹੋਈ ਅਤੇ ਮੈਕਰੌਂ ਨੇ ਮਿਲਟਰੀ ਸਕੂਲਾਂ ਦੇ ਕੈਡਿਟਾਂ ਦਾ ਨਿਰੀਖਣ ਕੀਤਾ। ਫਰਾਂਸ ’ਚ ਜਨਮੇ ਚੀਨੀ ਅਮਰੀਕਨ ਵਾਇਲਨ ਵਾਦਕ ਯੋ-ਯੋ ਮਾ ਨੇ ਧੁਨ ਵਜਾਈ ਅਤੇ ਸਕੂਲੀ ਬੱਚਿਆਂ ਨੇ ਜੰਗ ’ਚ ਹਿੱਸਾ ਲੈਣ ਵਾਲੇ ਅੱਠ ਮੁਲਕਾਂ ਦੇ ਫ਼ੌਜੀਆਂ ਦੇ ਉਨ੍ਹਾਂ ਦੀ ਭਾਸ਼ਾ ’ਚ ਵੇਰਵੇ ਦਿੱਤੇ। ਟਰੰਪ ਅਤੇ ਪੂਤਿਨ ਵੱਖੋ ਵੱਖਰੇ ਸਮਾਗਮ ਵਾਲੀ ਥਾਂ ’ਤੇ ਪਹੁੰਚੇ। ਸਮਾਗਮ ਦੀ ਸ਼ੁਰੂਆਤ ਤੋਂ ਕੁਝ ਮਿੰਟ ਪਹਿਲਾਂ ਦੋ ਅਰਧ ਨਗਨ ਪ੍ਰਦਰਸ਼ਨਕਾਰੀਆਂ ਨੇ ਟਰੰਪ ਦੇ ਕਾਫ਼ਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਮਹਿਲਾ ਗਰੁੱਪ ਫੈਮੇਨ ਦੀਆਂ ਇਨ੍ਹਾਂ ਮਹਿਲਾਵਾਂ ’ਤੇ ਪੁਲੀਸ ਨੇ ਤੁਰੰਤ ਕਾਬੂ ਪਾ ਲਿਆ। ਪੂਤਿਨ ਸਭ ਤੋਂ ਅਖੀਰ ’ਚ ਮੈਕਰੌਂ ਦੀ ਪਤਨੀ ਬ੍ਰਿਗਿਟ ਨਾਲ ਆਪਣੀ ਸੀਟ ’ਤੇ ਬੈਠੇ। ਉਧਰ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈੱਥ ਨੇ ਟੀਵੀ ਰਾਹੀਂ ਨਸ਼ਰ ਸੁਨੇਹੇ ’ਚ ਸ਼ਹੀਦ ਫ਼ੌਜੀਆਂ ਨੂੰ ਸ਼ਰਧਾਂਜਲੀ ਦਿੱਤੀ। ਪੋਪ ਫਰਾਂਸਿਸ ਨੇ ਵੈਟੀਕਨ ’ਚ ਕਿਹਾ ਕਿ ਪਹਿਲੀ ਸੰਸਾਰ ਜੰਗ ਚਿਤਾਵਨੀ ਹੋਣੀ ਚਾਹੀਦੀ ਸੀ ਪਰ ਇਸ ਨੂੰ ਅਣਗੌਲਿਆ ਕੀਤਾ ਗਿਆ ਅਤੇ ਜਾਪਦਾ ਹੈ ਕਿ ਅਸੀ ਉਨ੍ਹਾਂ ਤੋਂ ਕੁਝ ਨਹੀਂ ਸਿੱਖਿਆ। ਇਸ ਦੌਰਾਨ ਲਵਾਂਟੀ ’ਚ ਜੰਗਬੰਦੀ ਦਿਵਸ ਦੇ ਸਬੰਧ ’ਚ ਪਹਿਲੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਭਾਰਤੀ ਫ਼ੌਜੀਆਂ ਦੀ ਯਾਦ ’ਚ ਬਣਾਏ ਗਏ ਸੱਤ ਫੁੱਟ ਉੱਚੇ ਕਾਂਸੇ ਦੇ ਬੁੱਤ ਤੋਂ ਪਰਦਾ ਉਠਾਇਆ ਗਿਆ। ਇੰਟਰ-ਫੇਥ ਸ਼ਹੀਦੀ ਯਾਦਗਾਰ ਐਸੋਸੀਏਸ਼ਨ ਵੱਲੋਂ ਅਜਿਹੇ 57 ਬੁੱਤ ਲਗਾਉਣ ਦੀ ਯੋਜਨਾ ਬਣਾਈ ਗਈ ਹੈ। ਲਵਾਂਟੀ ’ਚ ਦੋ ਫ਼ੌਜੀਆਂ ਦੇ ਪਿੰਜਰ ਮਿਲਣ ਮਗਰੋਂ ਉਨ੍ਹਾਂ ਨੂੰ ਪਿਛਲੇ ਸਾਲ ਪੂਰੇ ਫ਼ੌਜੀ ਸਨਮਾਨਾਂ ਨਾਲ ਦਫਨਾਇਆ ਗਿਆ ਸੀ। ਇਹ ਫ਼ੌਜੀ 9ਵੀਂ ਰਾਇਲ ਗੜ੍ਹਵਾਲ ਰਾਈਫਲਜ਼ ਦੇ ਸਨ ਅਤੇ ਉਨ੍ਹਾਂ ਬ੍ਰਿਟੇਨ ਲਈ ਜੰਗ ਲੜੀ ਸੀ। -ਏਐਫਪੀ

Previous articleਪੰਜਾਬੀ ਕਿਸਾਨ ਪੀਟਰ ਢਿੱਲੋਂ ਕੈਨੇਡੀਅਨ ਐਗਰੀਕਲਚਰਲ ਹਾਲ ਆਫ ਫੇਮ ਵਿੱਚ ਸ਼ਾਮਲ
Next articleਫ਼ਰੀਦਕੋਟ ਰਿਆਸਤ ਦੀ ਮਹਾਰਾਣੀ ਦੀਪਿੰਦਰ ਕੌਰ ਦਾ ਦੇਹਾਂਤ