ਪੁਲੀਸ ਮੁਕਾਬਲੇ ਮਗਰੋਂ 3 ਨਸ਼ਾ ਤਸਕਰ ਗ੍ਰਿਫ਼ਤਾਰ

ਤਿੰਨ ਫ਼ਰਾਰ; 500 ਗ੍ਰਾਮ ਹੈਰੋਇਨ, ਐੱਸਯੂਵੀ ਬਰਾਮਦ

ਅੰਮ੍ਰਿਤਸਰ– ਇੱਥੇ ਪਾਲਮ ਵਿਹਾਰ ਖੇਤਰ ਵਿੱਚ ਬੀਤੀ ਦੇਰ ਰਾਤ ਮੁਖਬਰੀ ਦੇ ਆਧਾਰ ’ਤੇ ਪੁੱਜੀ ਪੁਲੀਸ ਉੱਪਰ ਕਥਿਤ ਨਸ਼ਾ ਤਸਕਰਾਂ ਨੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਨੇ ਵੀ ਜਵਾਬੀ ਫਾਇਰਿੰਗ ਕੀਤੀ। ਇਸ ਸਾਰੇ ਘਟਨਾਕ੍ਰਮ ਦੌਰਾਨ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ 500 ਗ੍ਰਾਮ ਹੈਰੋਇਨ ਅਤੇ ਇਕ ਐੱਸਯੂਵੀ ਸਣੇ ਕਾਬੂ ਕਰ ਲਿਆ ਜਦਕਿ ਤਿੰਨ ਜਣੇ ਫ਼ਰਾਰ ਹੋ ਗਏ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਸ਼ਨਾਖ਼ਤ ਗੁਰਪ੍ਰੀਤ ਸਿੰਘ ਉਰਫ਼ ਮਨੀ ਵਾਸੀ ਜੰਡਿਆਲਾ ਗੁਰੂ, ਪਾਰਸ ਵਾਸੀ ਪਿੰਡ ਮਾਹਲ ਅਤੇ ਸੱਜਣ ਸਿੰਘ ਉਰਫ਼ ਲਵਲੀ ਵਾਸੀ ਜੰਡਿਆਲਾ ਗੁਰੂ ਵਜੋਂ ਹੋਈ ਹੈ। ਫ਼ਰਾਰ ਹੋਏ ਮੁਲਜ਼ਮਾਂ ਵਿਚ ਰਜਿੰਦਰ ਸਿੰਘ ਉਰਫ਼ ਗੰਜਾ ਵਾਸੀ ਜੰਡਿਆਲਾ ਗੁਰੂ, ਹਰਪਾਲ ਸਿੰਘ ਉਰਫ਼ ਭਾਲੂ ਅਤੇ ਹਰਭੇਜ ਉਰਫ਼ ਜਾਵੇਦ ਵਾਸੀ ਪਿੰਡ ਲੁਹਾਰਕਾ ਸ਼ਾਮਲ ਹਨ।
ਪੁਲੀਸ ਦੇ ਡਿਪਟੀ ਕਮਿਸ਼ਨਰ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਨਾਰਕੌਟਿਕ ਸੈੱਲ ਦੀ ਟੀਮ ਵਲੋਂ ਮਜੀਠਾ ਰੋਡ ਤੇ ਫਤਹਿਗੜ੍ਹ ਚੂੜੀਆਂ ਬਾਈਪਾਸ ਵਿਚਾਲੇ ਪਾਲਮ ਵਿਹਾਰ ਦੇ ਇਕ ਘਰ ’ਤੇ ਛਾਪਾ ਮਾਰਿਆ ਗਿਆ। ਪੁਲੀਸ ਮੌਕੇ ’ਤੇ ਪੁੱਜੀ ਤਾਂ ਮਕਾਨ ਨੰਬਰ 62 ਦੇ ਬਾਹਰ ਖੜ੍ਹੇ ਕੁਝ ਵਿਅਕਤੀਆਂ ਨੇ ਪੁਲੀਸ ਨੂੰ ਦੇਖ ਕੇ ਭੱਜਣ ਦਾ ਯਤਨ ਕੀਤਾ। ਪੁਲੀਸ ਨੇ ਪਿੱਛਾ ਕੀਤਾ ਤਾਂ ਭੱਜ ਰਹੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਨੇ ਵੀ ਜਵਾਬ ਵਿੱਚ ਗੋਲੀ ਚਲਾਈ ਅਤੇ ਮੁਸਤੈਦੀ ਨਾਲ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ ਜਦਕਿ ਤਿੰਨ ਫ਼ਰਾਰ ਹੋ ਗਏ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਤਲਾਸ਼ੀ ਤੋਂ ਬਾਅਦ ਪੁਲੀਸ ਨੇ ਗੁਰਪ੍ਰੀਤ ਸਿੰਘ ਉਰਫ਼ ਮਨੀ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਨ੍ਹਾਂ ਕੋਲੋਂ ਫਾਰਚੂਨਰ ਕਾਰ ਵੀ ਬਰਾਮਦ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਕੋਲੋਂ ਪੁੱਛ-ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਇਨ੍ਹਾਂ ਨੇ ਦੋ ਮਹੀਨੇ ਪਹਿਲਾਂ ਇਹ ਕੋਠੀ ਕਿਰਾਏ ’ਤੇ ਲਈ ਸੀ। ਪੁਲੀਸ ਅਨੁਸਾਰ ਮੁਲਜ਼ਮ ਕਥਿਤ ਤੌਰ ’ਤੇ ਨਸ਼ਾ ਤਸਕਰੀ ਕਰਦੇ ਸਨ ਅਤੇ ਫਰਾਰ ਹੋਏ ਵਿਅਕਤੀਆਂ ਦੇ ਗਲਾਂ ਵਿਚ ਸਪੋਰਟਸ ਕਿੱਟ ਬੈਗ ਪਾਏ ਹੋਏ ਸਨ, ਜਿਨ੍ਹਾਂ ਵਿੱਚ ਨਸ਼ੀਲੇ ਪਦਾਰਥ ਹੋਣ ਦਾ ਸ਼ੱਕ ਹੈ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ।

Previous articleਕੁੜੱਤਣ ਤੇ ਨਫ਼ਰਤ ਦੀ ਸਿਖ਼ਰ ਛੂਹ ਕੇ ਚੋਣ ਪ੍ਰਚਾਰ ਬੰਦ
Next articleਉਮਰ, ਮਹਿਬੂਬਾ ਤੇ ਹੋਰਨਾਂ ਵਿਰੁੱਧ ਪੀਐੱਸਏ ਤਹਿਤ ਕੇਸ ਦਰਜ