ਪੁਲੀਸ ਨੇ ਸੰਘਰਸ਼ ਕਮੇਟੀ ਦੇ ਆਗੂ ਹਿਰਾਸਤ ’ਚ ਲਏ

ਲੁਧਿਆਣਾ-ਚੰਡੀਗੜ੍ਹ ਹਾਈਵੇਅ ਨੂੰ ਛੇ-ਮਾਰਗੀ ਬਣਾਉਣ ਲਈ ਕੌਮੀ ਸ਼ਾਹਰਾਹ ਅਥਾਰਟੀ ਵੱਲੋਂ ਕੱਢੇ ਗਏ ਸਮਰਾਲਾ ਬਾਈਪਾਸ ਤੇ ਆਸ-ਪਾਸ ਦੇ 40 ਦੇ ਕਰੀਬ ਪਿੰਡਾਂ ਦੇ ਲਾਂਘੇ ਲਈ ਫਲਾਈਓਵਰ ਬਣਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਦੋ ਮਹੀਨੇ ਤੋਂ ਧਰਨੇ ’ਤੇ ਬੈਠੀਆਂ ਇਲਾਕੇ ਦੀਆਂ ਜਥੇਬੰਦੀਆਂ ਅਤੇ ਪਿੰਡਾਂ ਦੇ ਲੋਕਾਂ ਨੂੰ ਅੱਜ ਪੁਲੀਸ ਨੇ ਜਬਰੀ ਧਰਨੇ ਤੋਂ ਉਠਾਉਂਦੇ ਹੋਏ ਸੰਘਰਸ਼ ਕਮੇਟੀ ਦੇ ਕਈ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਡਿਪਟੀ ਕਮਿਸ਼ਨਰ ਵੱਲੋਂ ਨਿਯੁਕਤ ਕੀਤੇ ਗਏ ਡਿਊਟੀ ਮੈਜਿਸਟਰੇਟ ਵਿਵੇਕ ਨਿਰਮੋਹੀ ਦੀ ਹਾਜ਼ਰੀ ਵਿੱਚ ਪੁਲੀਸ ਵੱਲੋਂ ਧਰਨਾ ਖ਼ਤਮ ਕਰਵਾਉਣ ਦੀ ਕਾਰਵਾਈ ਉਪਰੰਤ ਸੜਕ ਬਣਾਉਣ ਦੇ ਅੱਧਵਿਚਾਲੇ ਲਟਕੇ ਕੰਮ ਨੂੰ ਮੁੜ ਸ਼ੁਰੂ ਕਰਵਾ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸਮਰਾਲਾ ਬਾਈਪਾਸ ਦਾ ਕੰਮ ਅੰਤਿਮ ਪੜਾਅ ’ਤੇ ਸੀ ਅਤੇ ਇਸ ਨੂੰ ਚਾਲੂ ਕਰਨ ਲਈ ਸਿਰਫ਼ 200 ਮੀਟਰ ਸੜਕ ਬਣਨ ਤੋਂ ਰਹਿੰਦੀ ਸੀ। ਇਸ ਤੋਂ ਪਹਿਲਾਂ ਕਿ ਕੌਮੀ ਸ਼ਾਹਰਾਹ ਅਥਾਰਟੀ ਬਾਈਪਾਸ ਚਾਲੂ ਕਰਨ ਲਈ ਇਹ ਸੜਕ ਬਣਾਉਂਦੀ, ਇਲਾਕੇ ਦੀਆਂ ਜਥੇਬੰਦੀਆਂ ਨੇ ਇੱਥੇ ਪੁਲ ਬਣਾਉਣ ਦੀ ਮੰਗ ਕਰਦੇ ਹੋਏ ਸੜਕ ਦਾ ਕੰਮ ਰੁਕਵਾ ਦਿੱਤਾ ਸੀ। ਸ਼ਾਹਰਾਹ ਅਥਾਰਟੀ ਨੇ ਇਹ ਸੜਕ ਬਣਾਉਣ ਲਈ ਕਈ ਵਾਰ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉੱਥੇ ਧਰਨਾ ਲਾ ਕੇ ਬੈਠੇ ਸੰਘਰਸ਼ ਕਮੇਟੀ ਦੇ ਆਗੂਆਂ ਨੇ ਇਹ ਸੜਕ ਬਣਨ ਨਹੀਂ ਦਿੱਤੀ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਕੌਮੀ ਸ਼ਾਹਰਾਹ ਅਥਾਰਿਟੀ ਦੇ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਸੰਘਰਸ਼ਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਲਾਂਘੇ ਲਈ ਅੰਡਰਪਾਸ ਸਬਵੇਅ ਬਣਾਉਣ ਦਾ ਐਲਾਨ ਵੀ ਕੀਤਾ, ਪ੍ਰੰਤੂ ਧਰਨਾਕਾਰੀ ਪੁਲ ਬਣਾਉਣ ਦੀ ਜ਼ਿੱਦ ’ਤੇ ਅੜੇ ਰਹੇ।
ਪਿਛਲੇ 59 ਦਿਨਾਂ ਤੋਂ ਲਗਾਤਾਰ ਧਰਨੇ ਅਤੇ ਭੁੱਖ ਹੜਤਾਲ ’ਤੇ ਬੈਠੇ ਇਨ੍ਹਾਂ ਧਰਨਾਕਾਰੀਆਂ ਨੂੰ ਮਨਾਉਣ ਲਈ ਪ੍ਰਸ਼ਾਸਨ ਵੱਲੋਂ ਕਈ ਉਪਰਾਲੇ ਕੀਤੇ ਗਏ, ਪ੍ਰੰਤੂ ਗੱਲ ਕਿਸੇ ਨਤੀਜੇ ’ਤੇ ਨਾ ਪੁੱਜੀ। ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਸਖ਼ਤ ਰੁਖ ਅਖ਼ਤਿਆਰ ਕਰਦੇ ਹੋਏ ਇਨ੍ਹਾਂ ਧਰਨਾਕਾਰੀਆਂ ਨੂੰ ਉੱਥੋਂ ਹਟਾਉਣ ਲਈ ਡਿਊਟੀ ਮੈਜਿਸਟਰੇਟ ਦੀ ਨਿਯੁਕਤੀ ਕਰਦੇ ਹੋਏ ਹਰ ਹਾਲ ਵਿੱਚ ਸੜਕ ਦਾ ਕੰਮ ਅੱਜ ਹੀ ਸ਼ੁਰੂ ਕਰਵਾਉਣ ਲਈ ਪੁਲੀਸ ਫ਼ੋਰਸ ਸਮੇਤ ਮੌਕੇ ’ਤੇ ਭੇਜਿਆ। ਇਸ ਦੌਰਾਨ ਪੁਲੀਸ ਨੇ 10 ਤੋਂ 12 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਉਪਰੰਤ ਕੌਮੀ ਸ਼ਾਹਰਾਹ ਅਥਾਰਟੀ ਨੇ ਤੇਜ਼ੀ ਨਾਲ ਸੜਕ ਬਣਾਉਣ ਦੇ ਰੁਕੇ ਹੋਏ ਕੰਮ ਨੂੰ ਸ਼ੁਰੂ ਕਰਵਾ ਦਿੱਤਾ।
ਡਿਊਟੀ ਮੈਜਿਸਟਰੇਟ ਵਿਵੇਕ ਨਿਰਮੋਹੀ ਨੇ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਜ਼ਿੰਮੇਵਾਰੀ ਇੱਥੇ ਅਮਨ-ਕਾਨੂੰਨ ਦੀ ਸਥਿਤੀ ਬਹਾਲ ਕਰਦੇ ਹੋਏ ਸੜਕ ਦਾ ਰੁਕਿਆ ਕੰਮ ਸ਼ੁਰੂ ਕਰਵਾਉਣ ਦੀ ਸੀ, ਜਿਸ ਨੂੰ ਪੂਰਾ ਕੀਤਾ ਗਿਆ ਹੈ। ਐੱਸਐੱਚਓ ਸਮਰਾਲਾ ਸਿਕੰਦਰ ਸਿੰਘ ਨੇ ਕੁੱਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਡਿਊਟੀ ਮੈਜਿਸਟਰੇਟ ਵੱਲੋਂ ਹਾਈਵੇਅ ਦੇ ਕੰਮ ਵਿੱਚ ਵਿਘਨ ਪਾ ਰਹੇ ਵਿਅਕਤੀਆਂ ਬਾਰੇ ਜਾਣਕਾਰੀ ਮਿਲੀ ਸੀ, ਜਿਸ ’ਤੇ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ।

Previous articleਕੁਲਗਾਮ ਹਮਲੇ ਦੇ ਮ੍ਰਿਤਕ ਮਜ਼ਦੂਰ ਸਪੁਰਦ-ਏ-ਖ਼ਾਕ
Next articleਅਨੇਕਤਾ ਵਿੱਚ ਏਕਤਾ ਸਾਡਾ ਮਾਣ: ਮੋਦੀ