ਪੁਲੀਸ ਤੋਂ ਪ੍ਰੇਸ਼ਾਨ ਲੜਕੇ ਨੇ ਕੀਤੀ ਖੁਦਕੁਸ਼ੀ

ਅੰਮ੍ਰਿਤਸਰ (ਸਮਾਜਵੀਕਲੀ) :   ਪੁਲੀਸ ਕਰਮਚਾਰੀਆਂ ਵੱਲੋਂ ਕਥਿਤ ਤੌਰ ’ਤੇ ਪ੍ਰੇਸ਼ਾਨ ਕੀਤੇ ਜਾਣ ਤੋਂ ਦੁਖੀ ਲੜਕੇ ਵੱਲੋਂ ਬੀਤੀ ਰਾਤ ਖੁਦਕੁਸ਼ੀ ਕੀਤੇ ਜਾਣ ਦੇ ਮਾਮਲੇ ’ਚ ਪੁਲੀਸ ਨੇ ਦੋ ਸਹਾਇਕ ਸਬ-ਇੰਸਪੈਕਟਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਸਬੰਧ ’ਚ ਅੱਜ ਪੀੜਤ ਪਰਿਵਾਰ ਵੱਲੋਂ ਪੁਲੀਸ ਖ਼ਿਲਾਫ਼ ਰੋਸ ਵਿਖਾਵਾ ਵੀ ਕੀਤਾ ਗਿਆ ਹੈ।

ਮ੍ਰਿਤਕ ਮੁੰਡੇ ਦੀ ਸ਼ਨਾਖਤ ਅੰਕਿਤ ਵਜੋਂ ਹੋਈ ਹੈ ਜੋ 18 ਵਰ੍ਹਿਆਂ ਦਾ ਸੀ। ਉਸ ਨੇ ਆਪਣੇ ਘਰ ’ਚ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਤੇ ਫਾਹਾ ਲੈਣ ਤੋਂ ਪਹਿਲਾਂ ਇਕ ਖੁਦਕੁਸ਼ੀ ਨੋਟ ਵੀ ਲਿਖਿਆ। ਇਹ ਮੁੰਡਾ ਪਰਵਾਸੀ ਪਰਿਵਾਰ ਨਾਲ ਸਬੰਧਤ ਹੈ ਤੇ ਇੱਥੇ ਥਾਣਾ ਮੋਹਕਮਪੁਰਾ ਹੇਠ ਨਿਊ ਪ੍ਰੀਤ ਨਗਰ ਇਲਾਕੇ ਦਾ ਵਾਸੀ ਸੀ। ਉਸ ਨੇ ਇਸ ਸਾਲ 12ਵੀਂ ਜਮਾਤ ਦੇ ਇਮਤਿਹਾਨ ਦਿੱਤੇ ਸਨ।

ਮੌਕੇ ਤੋਂ ਪ੍ਰਾਪਤ ਹੋਏ ਖੁਦਕੁਸ਼ੀ ਨੋਟ ’ਚ ਲੜਕੇ ਨੇ ਖੁਦਕੁਸ਼ੀ ਲਈ ਪੁਲੀਸ ਕਰਮਚਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਲੜਕੇ ਦੇ ਪਿਤਾ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਐਤਵਾਰ ਨੂੰ ਉਹ ਸਕੂਟਰ ’ਤੇ ਕੁਝ ਸਾਮਾਨ ਲੈਣ ਲਈ ਗਿਆ ਸੀ। ਇਸ ਦੌਰਾਨ ਪੁਲੀਸ ਨੇ ਉਸ ਨੂੰ ਰੋਕ ਲਿਆ ਤੇ ਦੋ ਪਹੀਆ ਵਾਹਨ ਦੀ ਡਿੱਕੀ ਖੋਲ੍ਹਣ ਲਈ ਆਖਿਆ।

ਡਿੱਕੀ ’ਚੋਂ ‘ਕੰਡੋਮ’ ਨਿਕਲਣ ਦਾ ਦਾਅਵਾ ਕੀਤਾ ਗਿਆ। ਪੁਲੀਸ ਕਰਮਚਾਰੀ ਉਸ ਨੂੰ ਥਾਣੇ ਲੈ ਗਏ ਤੇ ਉਥੇ ਇਕ ਹਜ਼ਾਰ ਰੁਪਏ ਲੈਣ ਮਗਰੋਂ ਲੜਕੇ ਨੂੰ ਛੱਡ ਦਿੱਤਾ ਗਿਆ। ਇਸ ਦੌਰਾਨ ਉਸ ਦੇ ਪਿਤਾ ਦੇ ਸਾਹਮਣੇ ਵੀ ਉਸ ਨੂੰ ਜ਼ਲੀਲ ਕੀਤਾ ਗਿਆ, ਜਿਸ ਕਾਰਨ ਉਹ ਪ੍ਰੇਸ਼ਾਨ ਸੀ ਤੇ ਇਸੇ ਪ੍ਰੇਸ਼ਾਨੀ ਦੇ ਚਲਦਿਆਂ ਉਸ ਨੇ ਫਾਹਾ ਲੈ ਲਿਆ।

ਪੀੜਤ ਪਰਿਵਾਰ ਨੇ ਅੱਜ ਥਾਣਾ ਮੋਹਕਮਪੁਰਾ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪਰਵਾਸੀ ਮਜ਼ਦੂਰਾਂ ਦੀ ਜਥੇਬੰਦੀ ਦੇ ਆਗੂ ਮਹੇਸ਼ ਵਰਮਾ ਨੇ ਪੀੜਤ ਪਰਿਵਾਰ ਲਈ ਦਸ ਲੱਖ ਰੁਪਏ ਦਾ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ। ਪੁਲੀਸ ਕਰਮਚਾਰੀਆਂ ਖ਼ਿਲਾਫ਼ ਕਤਲ ਕੇਸ ਦਰਜ ਕਰਨ ਦੀ ਵੀ ਮੰਗ ਕੀਤੀ ਹੈ। ਪੁਲੀਸ ਦੇ ਵਧੀਕ ਡਿਪਟੀ ਕਮਿਸ਼ਨਰ ਹਰਪਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਏਐੱਸਆਈ ਸ਼ਾਮ ਸੁੰਦਰ ਤੇ ਏਐੱਸਆਈ ਦਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

Previous articleਕਿਸਾਨ ਮਾਰੂ ਆਰਡੀਨੈਂਸ: ਪੰਜਾਬ ਕਾਂਗਰਸ ਵਿੱਢੇਗੀ ਜਨ ਅੰਦੋਲਨ
Next articleਜ਼ਮੀਨੀ ਵਿਵਾਦ: ਸਾਬਕਾ ਫ਼ੌਜੀ ਨੇ ਦੋ ਸਕੇ ਭਰਾਵਾਂ ਨੂੰ ਗੋਲੀ ਮਾਰ ਕੇ ਮਾਰਿਆ