‘ਪੁਲੀਸ ਤਸ਼ੱਦਦ’ ਖ਼ਿਲਾਫ਼ ਅਦਾਲਤ ਜਾਵਾਂਗੇ: ਜਾਮੀਆ

ਵਾਈਸ ਚਾਂਸਲਰ ਵੱਲੋਂ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਭਰੋਸਾ

ਨਵੀਂ ਦਿੱਲੀ- ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੀ ਉਪ-ਕੁਲਪਤੀ ਨਜਮਾ ਅਖ਼ਤਰ ਨੇ ਅੱਜ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਹੈ ਕਿ ਪਿਛਲੇ ਹਫ਼ਤੇ ਕੈਂਪਸ ਵਿੱਚ ਹੋਏ ‘ਪੁਲੀਸ ਤਸ਼ੱਦਦ’ ਸਬੰਧੀ ਦਿੱਲੀ ਪੁਲੀਸ ਖ਼ਿਲਾਫ਼ ਮਾਮਲਾ ਦਰਜ ਕਰਾਉਣ ਸਬੰਧੀ ਕਾਨੂੰਨੀ ਚਾਰਾਜੋਈ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾਣਗੀਆਂ। ਉਨ੍ਹਾਂ ਇਹ ਗੱਲ ਅੱਜ ਸੈਂਕੜੇ ਵਿਦਿਆਰਥੀਆਂ ਵੱਲੋਂ ਉਨ੍ਹਾਂ ਦਾ ਦਫ਼ਤਰ ਘੇਰ ਕੇ ਦਿੱਲੀ ਪੁਲੀਸ ਖ਼ਿਲਾਫ਼ ਕਾਰਵਾਈ ਕਰਨ ਦੀ ਕੀਤੀ ਗਈ ਮੰਗ ਤੋਂ ਬਾਅਦ ਆਖੀ। ਵਿਦਿਆਰਥੀ ਮੁੱਖ ਗੇਟ ਦਾ ਤਾਲਾ ਤੋੜ ਕੇ ਦਫਤਰ ਦੇ ਅਹਾਤੇ ਵਿਚ ਦਾਖ਼ਲ ਹੋਏ ਤੇ ਉਪ-ਕੁਲਪਤੀ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਦਿੱਲੀ ਪੁਲੀਸ ਖ਼ਿਲਾਫ਼ ਐੱਫਆਈਆਰ ਦਰਜ ਕਰਾਉਣ ਦੀ ਮੰਗ ਕੀਤੀ।
ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੀ ਮੰਗ ’ਤੇ ਉਪ-ਕੁਲਪਤੀ ਨੇ ਡੀਨਜ਼, ਵਿਭਾਗਾਂ ਦੇ ਮੁਖੀਆਂ ਤੇ ਹੋਰ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਕਰਦਿਆਂ ਐਲਾਨ ਕੀਤਾ ਕਿ ਆਗਾਮੀ ਨੋਟਿਸ ਤੱਕ ਚੱਲ ਰਹੇ ਸਮੈਸਟਰ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਜਾਣਗੀਆਂ ਅਤੇ ਨਵੀਂ ਸਮਾਂ ਸਾਰਨੀ ਬਾਅਦ ਵਿੱਚ ਐਲਾਨੀ ਜਾਵੇਗੀ। ਉਪ-ਕੁਲਪਤੀ ਨੇ ਕਿਹਾ ਕਿ ਕੌਮੀ ਮਨੁੱਖੀ ਅਧਿਕਾਰਾਂ ਬਾਰੇ ਕਮਿਸ਼ਨ (ਐੱਨਐੱਚਆਰਸੀ) ਨੇ ਪੁਲੀਸ ਵਲੋਂ ਵਿਦਿਆਰਥੀਆਂ ਖ਼ਿਲਾਫ਼ ਕੀਤੀ ਕਾਰਵਾਈ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਐੱਨਐੱਚਆਰਸੀ ਦੀ ਟੀਮ ਪਹਿਲਾਂ ਹੀ ਯੂਨੀਵਰਸਿਟੀ ਦਾ ਦੌਰਾ ਕਰ ਚੁੱਕੀ ਹੈ ਤੇ ਇੱਕ ਹੋਰ ਟੀਮ ਮੰਗਲਵਾਰ ਨੂੰ ਪੀੜਤਾਂ ਦੇ ਬਿਆਨ ਦਰਜ ਕਰਨ ਲਈ ਆਵੇਗੀ। ਵਿਦਿਆਰਥੀਆਂ ਨੇ ਅੱਜ ਕਿਹਾ ਕਿ ਜੇਕਰ ਪੁਲੀਸ ਮਾਮਲਾ ਦਰਜ ਕਰਨ ਲਈ ਤਿਆਰ ਨਹੀਂ ਤਾਂ ਉਹ ਰੋਸ ਮਾਰਚ ਕਰਨਗੇ।
ਬਿਆਨ ਰਾਹੀਂ ਯੂਨੀਵਰਸਿਟੀ ਨੇ ਕਿਹਾ ਕਿ ਪ੍ਰਸ਼ਾਸਨ ਵਿਦਿਆਰਥੀਆਂ ਦੀਆਂ ਚਿੰਤਾਵਾਂ ਦੂਰ ਕਰਨ ਲਈ ਹਰ ਸੰਭਵ ਉਪਰਾਲਾ ਕਰੇਗਾ। ਇੱਕ ਫੈਸਲਾ ਇਹ ਵੀ ਲਿਆ ਗਿਆ ਹੈ ਕਿ ਪ੍ਰਸ਼ਾਸਨ 15 ਦਸੰਬਰ 2019 ਨੂੰ ਯੂਨੀਵਰਸਿਟੀ ਲਾਇਬ੍ਰੇਰੀ ਮਾਮਲੇ ’ਚ ਪੁਲੀਸ ਦੀ ਬੇਰਹਿਮੀ ਸਬੰਧੀ ਛੇਤੀ ਤੋਂ ਛੇਤੀ ਐੱਫਆਈਆਰ ਦਰਜ ਕਰਾਉਣ ਲਈ ਅਦਾਲਤ ਜਾਣ ਦੀ ਸੰਭਾਵਨਾ ਦੀ ਪੜਚੋਲ ਕਰੇਗਾ। ਯੂਨੀਵਰਸਿਟੀ ਨੇ ਪਹਿਲਾਂ ਹੀ ਐੱਫਆਈਆਰ ਦਰਜ ਕਰਾਉਣ ਲਈ ਸਾਰੇ ਸੰਭਵ ਕਦਮਾਂ ਦੀ ਪਾਲਣਾ ਕੀਤੀ ਹੈ। ਇਸ ਨੇ ਆਪਣੀ ਸ਼ਿਕਾਇਤ ਐੱਸਐੱਚਓ ਜਾਮੀਆ ਨਗਰ ਨੂੰ ਦਿੱਤੀ ਹੈ ਅਤੇ ਇਸ ਦੀ ਕਾਪੀ ਸੀਪੀ ਦਿੱਲੀ ਤੇ ਡੀਸੀਪੀ ਸਾਊਥ ਈਸਟ ਨੂੰ ਦਿੱਤੀ ਹੈ। ਯੂਨੀਵਰਸਿਟੀ ਨੇ ਸੰਯੁਕਤ ਸੀਪੀ ਦੱਖਣੀ ਰੇਂਜ ਤੇ ਡੀਸੀਪੀ ਅਪਰਾਧ ਨੂੰ ਪੱਤਰ ਵੀ ਭੇਜੇ ਹਨ।
ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਹਿੰਸਾ ਤੋਂ ਬਾਅਦ ਹੋਸਟਲ ਖਾਲੀ ਕਰਨ ਲਈ ਨੋਟਿਸ ਦਿੱਤੇ ਗਏ ਸਨ ਜਦਕਿ ਉਪ ਕੁਲਪਤੀ ਨਜਮਾ ਅਖਤਰ ਨੇ ਇਸ ਦੋਸ਼ ਤੋਂ ਇਨਕਾਰ ਕੀਤਾ। ਵਿਦਿਆਰਥੀ ਸਈਦ ਫਾਹਦ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਦੌਰਾਨ ਆਪਣੇ ਅਧਿਕਾਰਾਂ ਦੀ ਮੰਗ ਕਰ ਰਹੇ ਲੋਕਾਂ ਵਿਰੁੱਧ ਐੱਫਆਈਆਰ ਦਰਜ ਕੀਤੀ ਗਈ ਹੈ। ਵਿਦਿਆਰਥੀ ਆਦਿਲ ਨੇ ਕਿਹਾ ਕਿ ਪਿਛਲੇ ਮਹੀਨੇ ਦੀ ਹਿੰਸਾ ਸਬੰਧੀ ਇੱਕ ਵੀ ਐੱਫਆਈਆਰ ਦਰਜ ਨਹੀਂ ਕੀਤੀ ਗਈ। ਨੌਸ਼ਾਦ ਨੇ ਕਿਹਾ ਕਿ ਉਪ ਕੁਲਪਤੀ ਉਨ੍ਹਾਂ ਨੂੰ ਇਹ ਭਰੋਸਾ ਦੇਣ ਕਿ ਪੁਲੀਸ ਫਿਰ ਤੋਂ ਕੈਂਪਸ ਵਿੱਚ ਨਹੀਂ ਵੜੇਗੀ।

Previous articleਪੰਜਾਬ ’ਚ ਮੀਂਹ ਨੇ ਸੱਤ ਸਾਲਾਂ ਦਾ ਰਿਕਾਰਡ ਤੋੜਿਆ
Next articleਵਿਰੋਧੀ ਧਿਰਾਂ ਵੱਲੋਂ ਸੀਏਏ ਵਾਪਸ ਲੈਣ ਦੀ ਮੰਗ