ਪੁਲਵਾਮਾ ਹਮਲਾ: ਦੋਸ਼ਪੱਤਰ ’ਚ ਮਸੂਦ ਸਣੇ 19 ਦੇ ਨਾਂ ਸ਼ਾਮਲ

ਜੰਮੂ (ਸਮਾਜ ਵੀਕਲੀ) : ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਦੱਖਣੀ ਕਸ਼ਮੀਰ ਵਿੱਚ ਪਿਛਲੇ ਸਾਲ ਸੀਆਰੀਪੀਐੱਫ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਦਹਿਸ਼ਤੀ ਹਮਲੇ, ਜਿਸ ਵਿੱਚ 40 ਸੁਰੱਖਿਆ ਕਰਮੀਆਂ ਦੀ ਜਾਨ ਜਾਂਦੀ ਰਹੀ ਸੀ, ਦੀ ਜਾਂਚ ਨੂੰ ਮੁਕੰਮਲ ਕਰਦਿਆਂ ਇਥੋਂ ਦੀ ਵਿਸ਼ੇਸ਼ ਅਦਾਲਤ ਵਿੱਚ ਦੋਸ਼ ਪੱਤਰ ਦਾਖ਼ਲ ਕਰ ਦਿੱਤਾ ਹੈ।

ਦੋਸ਼ਪੱਤਰ ਵਿੱਚ ਇਸ ਫਿਦਾਈਨ ਹਮਲੇ ਦੀ ਯੋਜਨਾ ਘੜਨ ਲਈ ਦਹਿਸ਼ਤੀ ਜਥੇਬੰਦੀ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਸਮੇਤ 19 ਵਿਅਕਤੀਆਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਉਂਜ ਇਸ ਕੇਸ ਵਿੱਚ ਲੋੜੀਂਦੇ ਸੱਤ ਮੁਲਜ਼ਮ ਪਿਛਲੇ ਸਾਲ ਵਾਦੀ ਵਿੱਚ ਹੋਏ ਵੱਖ ਵੱਖ ਮੁਕਾਬਲਿਆਂ ਦੌਰਾਨ ਮਾਰੇ ਜਾ ਚੁੱਕੇ ਹਨ।

ਐੱਨਆਈਏ ਦੇ ਡਾਇਰੈਕਟਰ ਅਨਿਲ ਸ਼ੁਕਲਾ ਦੀ ਅਗਵਾਈ ਵਾਲੀ ਟੀਮ ਨੇ ਤਫ਼ਤੀਸ਼ ਦੌਰਾਨ ਇਸ ‘ਅੰਨ੍ਹੇ ਕੇਸ’ ਵਿੱਚ ਜਿੱਥੇ ਸਬੂਤ ਇਕੱਤਰ ਕੀਤੇ, ਉਥੇ ਵੱਖ ਵੱਖ ਕੇਸਾਂ ਵਿੱਚ ਗ੍ਰਿਫ਼ਤਾਰ ਦਹਿਸ਼ਤਗਰਦਾਂ ਤੇ ਉਨ੍ਹਾਂ ਦੇ ਹਮਾਇਤੀਆਂ ਦੇ ਬਿਆਨ ਦਰਜ ਕੀਤੇ ਤੇ ਇਸ ਦਹਿਸ਼ਤੀ ਹਮਲੇ ਦੀ ਸਾਜ਼ਿਸ਼ ਤੋਂ ਪਰਦਾ ਚੁੱਕਿਆ। 13500 ਸਫ਼ਿਆਂ ਦੀ ਚਾਰਜਸ਼ੀਟ ਵਿੱਚ ਮਸੂਦ ਅਜ਼ਹਰ, ਉਹਦੇ ਭਰਾ ਅਬਦੁਲ ਰੌਫ਼ ਤੇ ਅੱਮਾਰ ਅਲਵੀ, ਉਹਦੇ ਭਤੀਜੇ ਮੁਹੰਮਦ ਉਮਰ ਫਾਰੂਕ ਦੇ ਨਾਮ ਸ਼ਾਮਲ ਹਨ।

ਫਾਰੂਕ ਸਾਲ 2018 ਵਿੱਚ ਭਾਰਤ ’ਚ ਦਾਖ਼ਲ ਹੋਇਆ ਸੀ ਤੇ ਦੱਖਣੀ ਕਸ਼ਮੀਰ ਵਿੱਚ ਮੁਕਾਬਲੇ ਦੌਰਾਨ ਮਾਰਿਆ ਗਿਆ। ਚਾਰਜਸ਼ੀਟ ਮੁਤਾਬਕ 200 ਕਿਲੋ ਧਮਾਕਾਖੇਜ਼ ਸਮੱਗਰੀ ਨਾਲ ਲੱਦੀ ਕਾਰ ਚਲਾਉਣ ਵਾਲਾ ਫਿਦਾਈਨ ਆਦਿਲ ਅਹਿਮਦ ਡਾਰ ਸੀ ਤੇ ਉਸ ਨੇ ਪੁਲਵਾਮਾ ਵਿੱਚ ਸ਼ਕੀਰ ਬਸ਼ੀਰ ਦੀ ਰਿਹਾਇਸ਼ ’ਤੇ ਬਿਲਾਲ ਅਹਿਮਦ ਕੂਚੇ ਵੱਲੋਂ ਲਿਆਂਦੇ ਹਾਈਟੈੱਕ ਫੋਨ ’ਤੇ ਵੀਡੀਓ ਬਣਾਈ ਸੀ। ਚਾਰਜਸ਼ੀਟ ਵਿੱਚ ਅਜ਼ਹਰ ਤੋਂ ਇਲਾਵਾ ਵੱਖ ਵੱਖ ਮੁਕਾਬਲਿਆਂ ’ਚ ਮਾਰੇ ਗਏ ਛੇ ਦਹਿਸ਼ਤਗਰਦਾਂ, ਚਾਰ ਭਗੌੜਿਆਂ, ਦੋ ਹੋਰ ਵਿਅਕਤੀਆਂ ਤੇ ਇਕ ਪਾਕਿਸਤਾਨੀ ਨਾਗਰਿਕ ਦਾ ਨਾਂ ਸ਼ਾਮਲ ਹੈ।

Previous articleਵੱਕਾਰੀ ‘ਮਾਈਂਡ ਸਪੋਰਟਸ ਓਲੰਪਿਆਡ’ ਵਿਚ ਭਾਨੂ ਨੇ ਜਿੱਤਿਆ ਸੋਨ ਤਗ਼ਮਾ
Next articleਪਾਕਿ ਸਰਹੱਦ ਪਾਰੋਂ ਦਹਿਸ਼ਤਗਰਦੀ ਦਾ ਵੱਡਾ ਸਰਪ੍ਰਸਤ: ਭਾਰਤ