ਪੁਲਵਾਮਾ ਮੁਕਾਬਲੇ ’ਚ ਦੋ ਅੱਤਿਵਾਦੀ ਢੇਰ, ਸੀਆਰਪੀਐੱਫ ਜਵਾਨ ਸ਼ਹੀਦ

ਮੁੰਬਈ (ਸਮਾਜਵੀਕਲੀ):  ਜੰਮੂ ਤੇ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਅੱਜ ਹੋਏ ਇਕ ਮੁਕਾਬਲੇ ’ਚ ਸੁਰੱਖਿਆ ਬਲਾਂ ਨੇ ਦੋ ਅਣਪਛਾਤੇ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਜਦੋਂਕਿ ਸੀਆਰਪੀਐੱਫ ਦਾ ਇਕ ਜਵਾਨ ਸ਼ਹੀਦ ਹੋ ਗਿਆ। ਸ਼ਹੀਦ ਦੀ ਪਛਾਣ ਮਹਾਰਾਸ਼ਟਰ ਦੇ ਸ਼ੋਲਾਪੁਰ ਵਾਸੀ ਸੁਨੀਲ ਕਾਲੇ ਵਜੋਂ ਦੱਸੀ ਗਈ ਹੈ।

ਪੁਲੀਸ ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਬੰਡਜ਼ੂ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਵਿੱਢੀ ਤਾਂ ਕਿ ਇਕ ਥਾਂ ਲੁਕੇ ਦਹਿਸ਼ਤਗਰਦਾਂ ਨੇ ਖੋਜੀ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ। ਸਲਾਮਤੀ ਦਸਤਿਆਂ ਦੀ ਜਵਾਬੀ ਕਾਰਵਾਈ ਵਿੱਚ ਦੋ ਦਹਿਸ਼ਤਗਰਦ ਮਾਰੇ ਗਏ ਤੇ ਸੀਆਰਪੀਐੱਫ ਦਾ ਇਕ ਜਵਾਨ ਸ਼ਹੀਦ ਹੋ ਗਿਆ। ਆਖਰੀ ਖ਼ਬਰਾਂ ਮਿਲਣ ਤਕ ਸੁਰੱਖਿਆ ਬਲਾਂ ਵੱਲੋਂ ਵਿੱਢਿਆ ਅਪਰੇਸ਼ਨ ਜਾਰੀ ਸੀ।

ਉਧਰ ਸ਼ੋਲਾਪੁਰ ਨਾਲ ਸਬੰਧਤ ਇਕ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਪੁਲਵਾਮਾ ’ਚ ਮੁਕਾਬਲੇ ਦੌਰਾਨ ਸ਼ਹੀਦ ਹੋਇਆ ਸੀਆਰਪੀਐੱਫ਼ ਜਵਾਨ ਸੁਨੀਲ ਕਾਲੇ ਹੈ। ਕਾਲੇ, ਸ਼ੋਲਾਪੁਰ ਜ਼ਿਲ੍ਹੇ ਦੀ ਬਾਰਸ਼ੀ ਤਹਿਸੀਲ ਦੇ ਪੰਨਾਗਾਓਂ ਪਿੰਡ ਦਾ ਰਹਿਣ ਵਾਲਾ ਹੈ। ਉਹ 2000 ਵਿੱਚ ਸੀਆਰਪੀਐੱਫ ’ਚ ਸ਼ਾਮਲ ਹੋਇਆ ਸੀ ਤੇ ਪਿਛਲੇ ਕੁਝ ਸਮੇਂ ਤੋਂ ਜੰਮੂ ਤੇ ਕਸ਼ਮੀਰ ਵਿੱਚ ਤਾਇਨਾਤ ਸੀ।

Previous articleਇੱਕੋ ਦਿਨ ਵਿੱਚ ਕਰੋਨਾ ਦੇ 11 ਹਜ਼ਾਰ ਮਰੀਜ਼ ਠੀਕ
Next articleਅਮਰੀਕਾ ਵੱਲੋਂ 22 ਜੁਲਾਈ ਤੋਂ ਭਾਰਤੀ ਜਹਾਜ਼ਾਂ ਦੀ ਲੈਂਡਿੰਗ ’ਤੇ ਰੋਕ