ਪੀ.ਡਬਲਯੂ.ਡੀ. ਵਿਭਾਗ ਦੇ ਗਜ਼ਬ ਕਿੱਸੇ, ਮਰਜ਼ ਕਿਤੇ ਇਲਾਜ਼ ਕਿਤੇ – ਅਸ਼ੋਕ ਸੰਧੂ ਨੰਬਰਦਾਰ

ਫੋਟੋ : ਨਵੀਂ ਬਣੀ ਤਲਵਣ-ਫਿਲੌਰ ਸੜਕ ਉੱਪਰ ਖੜੇ ਜ਼ਿਲਾ ਪ੍ਰਧਾਨ ਅਸ਼ੋਕ ਸੰਧੂ, ਨਾਲ ਹਨ ਗੁਰਵਿੰਦਰ ਸੋਖਲ ਅਤੇ ਪ੍ਰਿੰਸ ਵਰਮਾ।

ਨੂਰਮਹਿਲ’  (ਹਰਜਿੰਦਰ ਛਾਬੜਾ)-  ਲੰਬੇ ਸਮੇਂ ਤੋਂ ਨੂਰਮਹਿਲ ਨਾਲ ਸੰਬੰਧਤ ਸੜਕਾਂ ਨਾ ਬਣਾਉਣ ਦਾ ਉੱਚ ਪੱਧਰੀ ਵਿਵਾਦ ਕਿਸੇ ਆਮ-ਖਾਸ ਤੋਂ ਲੁਕਿਆ-ਛੁਪਿਆ ਨਹੀਂ ਹੈ। ਸੁੱਤੇ ਪਏ ਵਿਭਾਗ ਨੂੰ ਜਗਾਉਣ ਅਤੇ ਨੂਰਮਹਿਲ-ਫਿਲੌਰ-ਨਕੋਦਰ, ਨੂਰਮਹਿਲ-ਤਲਵਣ, ਨੂਰਮਹਿਲ-ਜੰਡਿਆਲਾ-ਜਲੰਧਰ ਅਤੇ ਨੂਰਮਹਿਲ ਦੀਆਂ ਧਾਰਮਿਕ ਸੰਸਥਾਵਾਂ ਨਾਲ ਸੰਬੰਧਿਤ ਸੜਕਾਂ ਬਣਾਉਣ ਲਈ ਕਈ ਵਾਰ ਧਰਨੇ ਪ੍ਰਦਰਸ਼ਨ ਕਰਨੇ ਪਏ।

ਇਥੋਂ ਤੱਕ ਕਿ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਨੂਰਮਹਿਲ ਹਿਤੈਸ਼ੀ ਸੰਸਥਾਵਾਂ ਨੂੰ ਨਾਲ ਲੈ ਕੇ “ਮਿਸ਼ਨ ਤੰਦਰੁਸਤ ਨੂਰਮਹਿਲ” ਦੇ ਬੈਨਰ ਹੇਠ ਵਿਭਾਗ ਪੁਤਲੇ ਵੀ ਫੂਕੇ। ਵਿਭਾਗ ਨੇ ਲੋਕਾਂ ਦੀ ਸਖਤੀ ਨੂੰ ਭਾਂਪਦਿਆਂ ਜਲਦੀ ਤੋਂ ਜਲਦੀ ਸੜਕਾਂ ਬਣਾਉਣ ਦਾ ਵਾਅਦਾ ਵੀ ਕੀਤਾ ਅਤੇ ਅੱਖੀਂ ਘੱਟਾ ਪਾਉਣ ਲਈ ਮਸ਼ੀਨਰੀ ਲਿਆ ਕੇ ਮਿੱਟੀ-ਘੱਟਾ-ਵੱਟਾ ਪਾਕੇ ਸੜਕਾਂ ਬਣਾਉਣ ਦਾ ਡਰਾਮਾ ਵੀ ਕੀਤਾ।

ਇੱਥੇ ਹੀ ਬਸ ਨਹੀਂ, ਵਿਭਾਗ ਨੇ ਨਾਨਕ ਨਾਮ ਲੇਵੀ ਸੰਗਤਾਂ ਨਾਲ ਵੀ ਕੋਝਾ ਮਜ਼ਾਕ ਅਤੇ ਧੋਖਾ ਕੀਤਾ, ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੜਕਾਂ ਬਣਾਉਣ ਦਾ ਵਾਅਦਾ ਵੀ ਕੋਰਾ ਝੂਠ ਹੀ ਸਾਬਿਤ ਹੋਇਆ। ਪਤਾ ਨਹੀਂ ਕਿੰਨੇ-ਕੁ ਅਣਗਿਣਤ ਰਾਹਗੀਰ ਇਹਨਾਂ ਟੁੱਟੀਆਂ-ਫੁੱਟੀਆਂ ਅਤੇ ਫੁੱਟ-ਫੁੱਟ ਡੂੰਘੇ ਟੋਇਆਂ ਵਾਲੀਆਂ ਸੜਕਾਂ ਤੋਂ ਡਿੱਗਕੇ ਆਪਣੀਆਂ ਹੱਡੀਆਂ-ਪਸਲੀਆਂ ਅਤੇ ਗੱਡੀਆਂ ਤੁੜਵਾ ਚੁੱਕੇ ਹਨ ਅਤੇ ਹੁਣ ਤੱਕ ਨੁਕਸਾਨ ਝੱਲ ਰਹੇ ਹਨ। ਆਪਣੇ ਹੋਏ ਜਾਨੀ-ਮਾਲੀ ਨੁਕਸਾਨ ਕਾਰਣ ਪੀ.ਡਬਲਯੂ.ਡੀ. ਵਿਭਾਗ ਨੂੰ ਬਦ-ਦੁਆਵਾਂ ਦੇ ਰਹੇ ਹਨ।

ਨੰਬਰਦਾਰ ਯੂਨੀਅਨ ਦੇ ਪ੍ਰਧਾਨ ਅਸ਼ੋਕ ਸੰਧੂ ਨੇ ਕਿਹਾ ਕਿ ਉਹਨਾਂ ਨੂੰ ਉਸ ਵਕਤ ਬੜੀ ਹੈਰਾਨੀ ਹੋਈ ਜਦੋਂ ਉਹਨਾਂ ਨੇ ਦੇਖਿਆ ਕਿ ਪੀ.ਡਬਲਯੂ.ਡੀ. ਵਾਲੇ ਤਲਵਣ ਤੋਂ ਫਿਲੌਰ ਜਾਣ ਵਾਲੀ ਉਸ ਸਾਫ-ਸੁਥਰੀ ਸੜਕ ਨੂੰ ਬਣਾ ਰਹੇ ਹਨ ਜਿਸ ਸੜਕ ਵਿੱਚ ਇੱਕ ਵੀ ਟੋਇਆ ਨਹੀਂ ਸੀ ਅਤੇ ਨਾ ਹੀ ਕਿਸੇ ਸੰਸਥਾ ਨੇ ਕਦੇ ਇਸ ਸੜਕ ਨੂੰ ਬਣਾਉਣ ਲਈ ਕੋਈ ਮੰਗ ਕੀਤੀ।

ਜਿੱਥੇ ਮੰਗ ਹੈ ਉਹਨਾਂ ਸੜਕਾਂ ਵਿੱਚ ਪਏ ਡੂੰਘੇ ਡੂੰਘੇ ਟੋਇਆਂ ਵਿੱਚ ਅੱਜ ਤੱਕ ਮਿੱਟੀ-ਵੱਟਾ ਆਦਿ ਨਹੀਂ ਪਾਇਆ ਗਿਆ। ਉਹਨਾਂ ਮੰਗ ਕੀਤੀ ਹੈ ਕਿ ਨੂਰਮਹਿਲ-ਫਿਲੌਰ-ਨਕੋਦਰ, ਨੂਰਮਹਿਲ-ਤਲਵਣ, ਨੂਰਮਹਿਲ-ਜੰਡਿਆਲਾ ਅਤੇ ਨੂਰਮਹਿਲ ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ ਨਾਲ ਸੰਬੰਧਿਤ ਸੜਕਾਂ ਨੂੰ ਪਹਿਲ ਦੇ ਆਧਾਰ ਤੇ ਮਜ਼ਬੂਤੀ ਨਾਲ ਬਣਾਇਆ ਜਾਵੇ। ਜਿੱਥੇ ਮਰਜ਼-ਦਰਦ ਹੈ ਉੱਥੇ ਇਲਾਜ਼ ਪਹਿਲਾਂ ਕੀਤਾ ਜਾਵੇ।

ਜੇਕਰ ਵਿਭਾਗ ਜਲਦੀ ਕੋਈ ਕਾਰਵਾਈ ਕਰਦਾ ਨਜ਼ਰ ਨਹੀਂ ਆਇਆ ਤਾਂ ਮਜ਼ਬੂਰਨ ਸੰਘਰਸ਼ ਦਾ ਰਾਹ ਅਪਣਾਉਣਾ ਪਵੇਗਾ। ਉਹਨਾਂ ਜ਼ਿਲਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਪਾਸੋਂ ਜਾਂਚ ਦੀ ਮੰਗ ਕੀਤੀ ਹੈ ਤਲਵਨ ਤੋਂ ਫਿਲੌਰ ਜਾਣ ਵਾਲੀ ਸਾਫ ਸੁਥਰੀ ਸੜਕ ਨੂੰ ਦੁਬਾਰਾ ਕਿਉਂ ਬਣਾਇਆ ਗਿਆ, ਜੇਕਰ ਵਿਭਾਗ ਕੋਲ ਵਾਧੂ ਫੰਡ ਸਨ ਤਾਂ ਉਹਨਾਂ ਫੰਡਾਂ ਦਾ ਪ੍ਰਯੋਗ ਪਹਿਲਾਂ ਲੋੜਬੰਦ ਸੜਕਾਂ ਉੱਤੇ ਕਿਉਂ ਨਹੀਂ ਕੀਤਾ ਗਿਆ ? ਜ਼ਿਲਾ ਪ੍ਰਧਾਨ ਨੇ  ਵਿਭਾਗ ਦੀਆਂ ਕਾਰਜਗੁਜਾਰੀਆਂ ਤੇ ਤੰਜ ਕੱਸਦਿਆਂ ਕਿਹਾ ਕਿ ਪੀ.ਡਬਲਯੂ.ਡੀ. ਵਿਭਾਗ ਦੇ ਅਜ਼ਬ-ਗਜ਼ਬ ਨੇ ਕਿੱਸੇ, ਮਰਜ਼ ਹੈ ਕਿਤੇ ਇਲਾਜ਼ ਕਰਦੇ ਨੇ ਕਿਤੇ।

 

Previous articleਭਾਰਤੀ ਮੂਲ ਦੇ ਡਾਕਟਰ ਜੋੜੇ ਨੇ ਬਰਤਾਨੀਆ ਸਰਕਾਰ ਖਿਲਾਫ ਕਾਨੂੰਨੀ ਜੰਗ ਦੀ ਕੀਤੀ ਸ਼ੁਰੂਆਤ
Next articleਬ੍ਰਿਟੇਨ ਸਰਕਾਰ ਨੇ ਦਿੱਤੀ ਲਾਕਡਾਊਨ ‘ਚ ਰਾਹਤ, ਲੋਕਾਂ ਲਈ ਬਣਾਇਆ ”ਸਪੋਰਟ ਬਬਲ”