ਪੀਵੀ ਸਿੰਧੂ ਉਲਟਫੇਰ ਦਾ ਸ਼ਿਕਾਰ; ਸਾਇਨਾ ਤੇ ਸਮੀਰ ਵੀ ਬਾਹਰ

ਪੀਵੀ ਸਿੰਧੂ ਉਲਟ-ਫੇਰ ਦਾ ਸ਼ਿਕਾਰ ਹੋ ਗਈ, ਜਦੋਂਕਿ ਸਾਇਨਾ ਨੇਹਵਾਲ ਅਤੇ ਸਮੀਰ ਵਰਮਾ ਦੇ ਕੁਆਰਟਰ ਫਾਈਨਲ ਵਿੱਚ ਹਾਰਨ ਦੇ ਨਾਲ ਹੀ ਭਾਰਤ ਦੀ ਅੱਜ ਇੱਥੇ ਏਸ਼ਿਆਈ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਚੁਣੌਤੀ ਖ਼ਤਮ ਹੋ ਗਈ। ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਲੰਡਨ ਓਲੰਪਿਕ ਦੀ ਕਾਂਸੀ ਦਾ ਤਗ਼ਮਾ ਜੇਤੂ ਸਾਇਨਾ ਸਭ ਤੋਂ ਪਹਿਲਾਂ ਕੋਰਟ ’ਤੇ ਉਤਰੀ, ਪਰ ਉਹ ਸਖ਼ਤ ਮੁਕਾਬਲੇ ਦੇ ਬਾਵਜੂਦ ਜਾਪਾਨ ਦੀ ਤੀਜਾ ਦਰਜਾ ਪ੍ਰਾਪਤ ਅਕਾਨੇ ਯਾਮਾਗੁਚੀ ਤੋਂ 13-21, 23-21, 16-21 ਨਾਲ ਹਾਰ ਗਈ। ਇਹ ਮੈਚ ਇੱਕ ਘੰਟਾ ਨੌਂ ਮਿੰਟ ਤੱਕ ਚੱਲਿਆ।ਰੀਓ ਓਲੰਪਿਕ ਦੀ ਚਾਂਦੀ ਦਾ ਤਗ਼ਮਾ ਜੇਤੂ ਅਤੇ ਚੌਥਾ ਦਰਜਾ ਪ੍ਰਾਪਤ ਸਿੰਧੂ ਤੋਂ ਕਾਫ਼ੀ ਉਮੀਦਾਂ ਸਨ, ਪਰ ਉਸ ਨੂੰ ਘਰੇਲੂ ਖਿਡਾਰਨ ਗ਼ੈਰ-ਦਰਜਾ ਪ੍ਰਾਪਤ ਕਾਈ ਯਾਨਯਾਨ ਨੇ ਉਲਟ-ਫੇਰ ਦਾ ਸ਼ਿਕਾਰ ਬਣਾਇਆ। ਸਿੰਧੂ ਕਿਸੇ ਵੀ ਸਮੇਂ ਆਪਣੇ ਰੰਗ ਵਿੱਚ ਨਹੀਂ ਦਿਸੀ ਅਤੇ ਯਾਨਯਾਨ ਤੋਂ 19-21, 9-21 ਨਾਲ ਹਾਰ ਗਈ। ਵਿਸ਼ਵ ਵਿੱਚ ਛੇਵੇਂ ਨੰਬਰ ਦੀ ਭਾਰਤੀ ਖਿਡਾਰਨ ਆਪਣੀ ਚੀਨੀ ਰਵਾਇਤੀ ਵਿਰੋਧੀ ਸਾਹਮਣੇ ਸਿਰਫ਼ 31 ਮਿੰਟ ਤੱਕ ਟਿਕ ਸਕੀ, ਜੋ ਉਸ ਤੋਂ ਰੈਕਿੰਗਜ਼ ਵਿੱਚ 11 ਸਥਾਨ ਹੇਠਾਂ ਹੈ। ਸਿੰਧੂ ਨੂੰ ਪਹਿਲੀ ਵਾਰ ਯਾਨਯਾਨ ਤੋਂ ਹਾਰ ਝੱਲਣੀ ਪਈ ਹੈ। ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਸਮੀਰ ਨੂੰ ਵੀ ਬਾਹਰ ਦਾ ਰਸਤਾ ਵੇਖਣਾ ਪਿਆ। ਉਸ ਨੂੰ ਚੀਨ ਦੇ ਸ਼ੀ ਯੁਕਵੀ ਨੇ 10-21, 12-21 ਨਾਲ ਹਰਾਇਆ।

Previous articleਦਿਵਿਆਂਸ਼ ਨੇ ਇੱਕ ਗੋਲੀ ਨਾਲ ਦੋ ‘ਨਿਸ਼ਾਨੇ’ ਫੁੰਡੇ
Next articleLalu remains at the heart of RJD campaign from jail