ਪੀਐੱਮ ਯੋਜਨਾ: ਕਿਸਾਨਾਂ ਨੂੰ 17 ਹਜ਼ਾਰ ਕਰੋੜ ਰੁਪਏ ਜਾਰੀ

ਨਵੀਂ ਦਿੱਲੀ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਮਹਾਮਾਰੀ ਕਾਰਨ ਬਣੇ ਸੰਕਟ ਨਾਲ ਨਜਿੱਠਣ ਲਈ ਦੇਸ਼ ਦੇ ਕਿਸਾਨਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਖੇਤੀ ਸੈਕਟਰ ’ਚ ਕੀਤੇ ਗਏ ਸੁਧਾਰ ਕਿਸਾਨਾਂ ਨੂੰ ਮਜ਼ਬੂਤ ਬਣਾਉਣ ਵੱਲ ਕੇਂਦਰਿਤ ਹਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਅੱਜ ਖੇਤੀ ਬੁਨਿਆਦੀ ਢਾਂਚਾ ਫੰਡ ਤਹਿਤ ਇੱਕ ਲੱਖ ਕਰੋੜ ਰੁਪਏ ਦੀ ਵਿੱਤੀ ਮਦਦ ਦੀ ਸਹੂਲਤ ਦੀ ਸ਼ੁਰੂਆਤ ਕੀਤੀ। ਇਸ ਨਾਲ ਪੇਂਡੂ ਖੇਤਰਾਂ ’ਚ ਫਸਲ ਦੀ ਕਟਾਈ ਤੋਂ ਬਾਅਦ ਉਸ ਦੇ ਪ੍ਰਬੰਧਨ ਲਈ ਬੁਨਿਆਦੀ ਢਾਂਚਾ ਤਿਅਾਰ ਕਰਨ ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ’ਚ ਮਦਦ ਮਿਲੇਗੀ।

ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ’ਚ ਅੱਜ ਸਮੱਸਿਆ ਖੇਤੀ ਉਦਪਾਦਨ ਦੀ ਨਹੀਂ ਬਲਕਿ ਕਟਾਈ ਤੋਂ ਬਾਅਦ ਹੋਣ ਵਾਲੇ ਨੁਕਸਾਨ ਦੀ ਹੈ। ਉਨ੍ਹਾਂ ਕਿਹਾ ਕਿ ਇਸੇ ਕਾਰਨ ਕਟਾਈ ਤੋਂ ਬਾਅਦ ਫਸਲਾਂ ਦੀ ਢੁੱਕਵੀਂ ਸਾਂਭ ਸੰਭਾਲ ਲਈ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਤੇ ਕਿਸਾਨਾਂ ਨੂੰ ਬਿਹਤਰ ਲਾਭ ਨਿਸ਼ਚਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਕਾਰਨ ਹੀ ਦੇਸ਼ ਦਾ ਪੇਂਡੂ ਅਰਥਚਾਰਾ ਅੱਜ ਵੀ ਮਜ਼ਬੂਤ ਹੈ ਤੇ ਇਸ ਤੋਂ ਪੂਰੇ ਅਰਥਚਾਰੇ ਨੂੰ ਸਹਾਰਾ ਮਿਲਦਾ ਹੈ।

ਪ੍ਰਧਾਨ ਮੰਤਰੀ ਨੇ ‘ਬਲਰਾਮ ਜੈਅੰਤੀ’ ਮੌਕੇ ਵੀਡੀਓ ਕਾਨਫਰੰਸ ਰਾਹੀਂ ਖੇਤੀ ਬੁਨਿਆਦੀ ਢਾਂਚਾ ਕੋਸ਼ ਦੀ ਸ਼ੁਰੂਆਤ ਕੀਤੀ। ਇਸ ਵੀਡੀਓ ਕਾਨਫਰੰਸ ’ਚ ਮੁਲਕ ਭਰ ਦੇ ਕਿਸਾਨ, ਸਹਿਕਾਰੀ ਕਮੇਟੀਆਂ ਤੇ ਨਾਗਰਿਕ ਸ਼ਾਮਲ ਹੋਏ। ਕੇਂਦਰੀ ਖੇਤੀ ਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਵੀ ਇਸ ਪ੍ਰੋਗਰਾਮ ’ਚ ਸ਼ਾਮਲ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਲੱਖ ਕਰੋੜ ਰੁਪਏ ਤੇ ਖੇਤੀ ਬੁਨਿਆਦੀ ਢਾਂਚਾ ਕੋਸ਼ ਨਾਲ ਪਿੰਡਾਂ ’ਚ ਭੰਡਾਰ ਕੇਂਦਰ, ਅਨਾਜ ਭੰਡਾਰ ਦੀਆਂ ਬਿਹਤਰ ਸਹੂਲਤਾਂ ਦਾ ਨਿਰਮਾਣ ਕਰਨ ਤੇ ਆਧੁਨਿਕ ਕੋਲਡ ਸਟੋਰਾਂ ਦੀ ਲੜੀ ਤੇ ਪ੍ਰੋਸੈਸਿੰਗ ਇਕਾਈਆਂ ਤਿਅਾਰ ਕਰਨ ’ਚ ਮਦਦ ਮਿਲੇਗੀ।

ਪ੍ਰਧਾਨ ਮੰਤਰੀ ਨੇ ਕਿਸਾਨ ਸੰਮਾਨ ਨਿਧੀ (ਪੀਐੱਮ-ਕਿਸਾਨ) ਦੀ ਛੇਵੀਂ ਕਿਸ਼ਤ ਤਹਿਤ 8.5 ਕਰੋੜ ਤੋਂ ਵੱਧ ਕਿਸਾਨਾਂ ਨੂੰ 17 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ। ਪੀਐੱਮ-ਕਿਸਾਨ ਯੋਜਨਾ ਤਹਿਤ ਕਿਸਾਨਾਂ ਨੂੰ ਹਰ ਸਾਲ ਦੋ-ਦੋ ਹਜ਼ਾਰ ਰੁਪਏ ਦੀਆਂ ਤਿੰਨ ਕਿਸ਼ਤਾਂ ’ਚ ਕੁੱਲ੍ਹ ਛੇ ਹਜ਼ਾਰ ਰੁਪਏ ਦੀ ਮਦਦ ਦਿੱਤੀ ਜਾਂਦੀ ਹੈ।

Previous articleਮਹਿੰਦਾ ਰਾਜਪਕਸੇ ਨੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ
Next articleਅੰਮ੍ਰਿਤਸਰ ਜੇਲ੍ਹ ’ਚ ਬੰਦ ਗੈਂਗਸਟਰ ਨੇ ਫ਼ਿਰੌਤੀ ਲਈ ਮੋਗਾ ’ਚ ਵਜਾਈ ਘੰਟੀ