ਪੀਐੱਮਸੀ ਬੈਂਕ ’ਚੋਂ ਰਾਸ਼ੀ ਕਢਾਉਣ ਦੀ ਹੱਦ 50 ਹਜ਼ਾਰ ਕੀਤੀ

ਮੁੰਬਈ– ਇੱਥੇ ਬਾਂਦਰਾ ਕੁਰਲਾ ਕੰਪਲੈਕਸ ਵਿੱਚ ਭਾਰਤੀ ਰਿਜ਼ਰਵ ਬੈਂਕ ਦੇ ਬਾਹਰ ਘੁਟਾਲੇ ਦਾ ਸ਼ਿਕਾਰ ਪੀਐੱਮਸੀ ਬੈਂਕ ਦੇ ਖਾਤਾਧਾਰਕਾਂ ਨੇ ਮੰਗਲਵਾਰ ਨੂੰ ਰੋਸ ਰੈਲੀ ਕੀਤੀ। ਇਸੇ ਦੌਰਾਨ ਭਾਰਤੀਆ ਰਿਜ਼ਰਵ ਬੈਂਕ ਨੇ ਮੰਗਲਵਾਰ ਤੋਂ ਪੰਜਾਬ ਮਹਾਰਾਸ਼ਟਰ ਕੋਆਪਰੇਟਿਵ ਬੈਂਕ ਦੇ ਖਾਤਾਧਾਰਕਾਂ ਦੇ ਲਈ ਰਾਸ਼ੀ ਕਢਾਉਣ ਦੀ ਹੱਦ 40,000 ਤੋਂ ਵਧਾ ਕੇ 50,000 ਰੁਪਏ ਕਰ ਦਿੱਤੀ ਹੈ। ਬੈਂਕ ਉੱਤੇ ਪਾਬੰਦੀਆਂ ਲਾਉਣ ਤੋਂ ਬਾਅਦ ਇਹ ਵਾਧਾ ਚੌਥੀ ਵਾਰ ਕੀਤੀ ਗਿਆ ਹੈ। ਪੀਐੱਮਸੀ ਬੈਂਕ ਉੱਤੇ 23 ਸਤੰਬਰ ਨੂੰ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਸਨ।
ਮੁਜ਼ਾਹਰਾਕਾਰੀ ਅੱਜ ਮੁੰਬਈ ’ਚ ਰਿਜ਼ਰਵ ਬੈਂਕ ਦੇ ਦਫ਼ਤਰ ਬਾਹਰ ਸਵੇਰੇ 11 ਵਜੇ ਇਕੱਠੇ ਹੋਏ ਅਤੇ ਆਪਣੇ ਖਾਤਿਆਂ ਵਿੱਚੋਂ ਵਧੇਰੇ ਰਾਸ਼ੀ ਕਢਾਉਣ ਦੀ ਆਗਿਆ ਦੇਣ ਲਈ ਨਾਅਰੇਬਾਜ਼ੀ ਕਰਨ ਲੱਗੇ। ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਸ ਮੌਕੇ ਪੁਲੀਸ ਨੇ 9 ਮੁਜ਼ਾਹਰਾਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਜ਼ਿਕਰਯੋਗ ਹੈ ਕਿ ਪੰਜਾਬ ਮਹਾਰਸ਼ਟਰ ਕੋਆਪਰੇਟਿਵ ਬੈਂਕ (ਪੀਐੱਮਸੀ) ਵਿੱਚ 4355 ਕਰੋੜ ਦੇ ਘੁਟਾਲੇ ਦਾ ਪਤਾ ਲੱਗਣ ਬਾਅਦ ਭਾਰਤੀ ਰਿਜ਼ਰਵ ਬੈਂਕ ਨੇ ਬੈਂਕ ਵਿੱਚੋਂ ਰਾਸ਼ੀਆਂ ਕਢਵਾਉਣ ਉੱਤੇ ਪਾਬੰਦੀਆਂ ਲਾ ਦਿੱਤੀਆਂ ਸਨ। ਘੁਟਾਲੇ ਦੇ ਦੋਸ਼ ਵਿੱਚ ਪੁਲੀਸ ਨੇ ਐੱਚਡੀਆਈਐੱਲ ਪਰਮੋਟਰ ਰਾਕੇਸ਼ ਅਤੇ ਸਾਰੰਗ ਵਧਾਵਨ ਸਣੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਬੈਂਕ ਵਿੱਚੋਂ ਆਪਣੀਆਂ ਰਾਸ਼ੀਆਂ ਕਢਾਉਣ ਦੀ ਮੰਗ ਨੂੰ ਲੈ ਕੇ ਹੁਣ ਤਕ ਖਾਤਾਧਾਰਕ ਕਈ ਵਾਰ ਮੁਜ਼ਾਹਰੇ ਕਰ ਚੁੱਕੇ ਹਨ ਅਤੇ ਘੱਟੋ ਘੱਟ ਸੱਤ ਖਾਤਾਧਾਰਕਾਂ ਦੀ ਮੌਤ ਹੋ ਚੁੱਕੀ ਹੈ।

Previous articleਪ੍ਰਕਾਸ਼ ਪੁਰਬ: ਸਰਕਾਰੀ ਟਰਾਂਸਪੋਰਟ ਨੂੰ ‘ਸੇਵਾ’, ਪ੍ਰਾਈਵੇਟ ਨੂੰ ‘ਮੇਵਾ’
Next articleਚੰਡੀਗੜ੍ਹ ਦਾ ਟਾਟਾ ‘ਕੈਮਲੌਟ’ ਹਾਊਸਿੰਗ ਪ੍ਰਾਜੈਕਟ ਰੱਦ