ਪੀਏਯੂ ਦੀਆਂ ਸੜਕਾਂ ’ਤੇ ਹਾਲੇ ਵੀ ਝੁੱਲ ਰਿਹਾ ਹੈ ਝੱਖੜ

ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਝੱਖੜ ਆਏ ਨੂੰ ਭਾਵੇਂ ਇੱਕ ਹਫਤੇ ਦੇ ਕਰੀਬ ਦਾ ਸਮਾਂ ਹੋਣ ਲੱਗਾ ਹੈ ਪਰ ਪੀਏਯੂ ’ਚ ਇਸ ਝੱਖੜ ਕਾਰਨ ਟੁੱਟੇ ਦਰਖਤ ਅਤੇ ਟਾਹਣੇ ਅਜੇ ਵੀ ਸੜਕਾਂ ਦੇ ਕਿਨਾਰੇ ਖਿੱਲਰੇ ਪਏ ਹਨ। ਅਸਟੇਟ ਅਫਸਰ ਅਨੁਸਾਰ ਬਿਜਲੀ ਦੀਆਂ ਤਾਰਾਂ ਅਤੇ ਰਿਹਾਇਸ਼ੀ ਕਲੋਨੀਆਂ ਵਿੱਚ ਟੁੱਟ ਕੇ ਡਿੱਗੇ ਟਾਹਣਿਆਂ ਨੂੰ ਚੁੱਕਣ ’ਚ ਪਹਿਲ ਦਿੱਤੀ ਗਈ ਹੈ ਜਦਕਿ ਬਾਕੀ ਥਾਵਾਂ ਤੋਂ ਵੀ 1-2 ਦਿਨਾਂ ’ਚ ਸਫਾਈ ਕਰ ਦਿੱਤੀ ਜਾਵੇਗੀ। ਸ਼ਹਿਰ ਅਤੇ ਦੂਰ-ਦੁਰਾਡੀਆਂ ਥਾਵਾਂ ’ਤੇ ਬੀਤੀ 12 ਜੂਨ ਅਤੇ ਉਸ ਤੋਂ ਬਾਅਦ 17 ਜੂਨ ਨੂੰ ਉਪਰੋਂ-ਥਲੀ ਆਏ ਝੱਖੜਾਂ ਕਾਰਨ ਟੁੱਟੇ ਦਰਖਤਾਂ ਨਾਲ ਵਾਤਾਵਰਣ ਨੂੰ ਕਾਫੀ ਨੁਕਸਾਨ ਹੋਇਆ। ਸੰਘਣੇ ਦਰੱਖਤਾਂ ਕਰਕੇ ਸ਼ਹਿਰ ਦੀ ਸਭ ਤੋਂ ਵੱਧ ਪ੍ਰਦੂਸ਼ਣ ਰਹਿਤ ਥਾਂ ਪੀਏਯੂ ਕੈਂਪਸ ਵਿੱਚ ਇਨ੍ਹਾਂ ਝੱਖੜਾਂ ਨਾਲ ਕਈ ਦਰਖਤ ਜੜ੍ਹਾਂ ਤੋਂ ਪੁੱਟੇ ਗਏ ਅਤੇ ਕਈਆਂ ਦੇ ਵੱਡੇ ਵੱਡੇ ਟਾਹਣੇ ਬਿਜਲੀ ਦੀਆਂ ਤਾਰਾਂ ਅਤੇ ਹੋਰ ਰਿਹਾਇਸ਼ੀ ਥਾਵਾਂ ’ਤੇ ਆ ਡਿੱਗੇ। ਇਨ੍ਹਾਂ ਦਰੱਖਤਾਂ ਨੂੰ ਟੁੱਟਿਆਂ ਕਈ ਦਿਨ ਬੀਤ ਜਾਣ ਦੇ ਬਾਵਜੂਦ ਬਹੁਤੇ ਦਰੱਖਤ ਅਤੇ ਟਾਹਣੇ ਅਜੇ ਵੀ ਸੜਕਾਂ ਦੇ ਕਿਨਾਰਿਆਂ ’ਤੇ ਖਿੱਲਰੇ ਪਏ ਹਨ। ਸੂਤਰਾਂ ਦਾ ਕਹਿਣਾ ਹੈ ਕਿ ਪੀਏਯੂ ਵਿੱਚ ਚੌਥਾ ਦਰਜਾ ਮੁਲਾਜ਼ਮ ਲੋੜ ਅਨੁਸਾਰ ਘੱਟ ਹਨ ਜਿਸ ਕਰਕੇ ਇਨ੍ਹਾਂ ਦਰਖਤਾਂ ਨੂੰ ਚੁੱਕ ਕੇ ਢੁਕਵੀਂ ਥਾਂ ’ਤੇ ਸੁੱਟਣ ’ਚ ਦੇਰੀ ਹੋਈ ਹੈ। ਕੈਂਪਸ ਦੀਆਂ ਸੜਕਾਂ ਦੇ ਕਿਨਾਰੇ ਖਿਲਰੇ ਪਏ ਇਹ ਟਾਹਣੇ ਕਦੇ ਵੀ ਹਾਦਸੇ ਦਾ ਕਾਰਨ ਬਣ ਸਕਦੇ ਹਨ। ’ਵਰਸਿਟੀ ’ਚ ਟੁੱਟੇ ਦਰਖਤਾਂ ਨੂੰ ਤਾਂ ਸਿਓਂਕ ਲੱਗੀ ਹੋਣ ਬਾਰੇ ਵੀ ਪਤਾ ਲੱਗਾ ਹੈ। ਜਦੋਂ ਇਸ ਸਬੰਧੀ ਪੀਏਯੂ ਦੇ ਅਸਟੇਟ ਅਫਸਰ ਡਾ. ਵਿਸ਼ਵਜੀਤ ਹਾਂਸ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜੜ੍ਹਾਂ ਤੋਂ ਤਾਂ 1-2 ਦਰੱਖਤ ਉਖੜੇ ਸਨ ਜਦਕਿ ਬਹੁਤੇ ਦਰਖਤਾਂ ਦੇ ਵੱਡੇ ਵੱਡੇ ਟਾਹਣੇ ਡਿੱਗੇ ਹਨ। ਇਨ੍ਹਾਂ ਵਿੱਚੋਂ ਕਈ ਟਾਹਣੇ ਬਿਜਲੀ ਦੀਆਂ ਤਾਰਾਂ ਅਤੇ ਰਿਹਾਇਸ਼ੀ ਕਲੋਨੀਆਂ ਵਿੱਚ ਡਿਗੇ ਸਨ। ਬਿਜਲੀ ਸਪਲਾਈ ਨੂੰ ਦਰੁਸਤ ਕਰਨ ਲਈ ਤਾਰਾਂ ਅਤੇ ਰਿਹਾਇਸ਼ੀ ਕਲੋਨੀਆਂ ’ਚ ਡਿੱਗੇ ਟਾਹਣਿਆਂ ਨੂੰ ਹਟਾਉਣ ਲਈ ਪਹਿਲ ਦਿੱਤੀ ਗਈ। ਉਨਾਂ ਦਾਅਵਾ ਕੀਤਾ ਕਿ ਕੈਂਪਸ ਦੀਆਂ ਸੜਕਾਂ ਦੇ ਕਿਨਾਰੇ ਪਏ ਟੁੱਟੇ ਟਾਹਣਿਆਂ ਨੂੰ ਵੀ 1-2 ਦਿਨਾਂ ਵਿੱਚ ਚੁੱਕ ਲਿਆ ਜਾਵੇਗਾ।

Previous articleਨਗਰ ਨਿਗਮ ਜ਼ਿਮਨੀ ਚੋਣ : ਵਾਰਡ ਨੰਬਰ 50 ਅਤੇ 71 ਲਈ ਚੋਣ ਪ੍ਰਚਾਰ ਬੰਦ
Next articleਓਮ ਬਿਰਲਾ ਸਰਬਸੰਮਤੀ ਨਾਲ ਲੋਕ ਸਭਾ ਦੇ ਸਪੀਕਰ ਬਣੇ