ਪਿੰਡ ਅਲੀਪੁਰ ‘ਚ ਮਗਨਰੇਗਾ ਤਹਿਤ ਬਣੀ ਦੂਜੀ ਖੂਬਸੂਰਤ ਪਾਰਕ

ਜ਼ਿਲ੍ਹਾ ਪ੍ਰਸ਼ਾਸਨ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ-ਵਧੀਕ ਡਿਪਟੀ ਕਮਿਸ਼ਨਰ

ਜਲੰਧਰ ਨਕੋਦਰ (ਹਰਜਿੰਦਰ ਛਾਬੜਾ)  (ਸਮਾਜ ਵੀਕਲੀ): ਸਰਕਾਰੀ ਜਾਂ ਪਿੰਡਾਂ ਦੀਆਂ ਖ਼ਾਲੀ ਪਈਆਂ ਥਾਵਾਂ ‘ਤੇ ਪਾਰਕਾਂ ਬਣਾਕੇ ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿੰਡ ਅਲੀਪੁਰ ਵਿਖੇ ਰੂੜੀ ਵਾਲੀ ਥਾਂ ਨੂੰ ਮਹਾਤਮਾ ਗਾਂਧੀ ਕੌਮੀ ਪੇਂਡੂ ਰੋਜਗਾਰ ਐਕਟ (ਮਗਨਰੇਗਾ) ਅਧੀਨ ਸੁੰਦਰ ਪਾਰਕ ਵਿੱਚ ਬਦਲਿਆ ਗਿਆ ਹੈ।

ਪਿੰਡ ਅਲੀਪੁਰ ਵਿੱਚ ਇਹ ਦੂਜੀ ਖ਼ੂਬਸੂਰਤ ਪਾਰਕ ਹੈ ਜਿਸ ਨੂੰ ਮਗਨਰੇਗਾ ਅਧੀਨ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਪਿੰਡ ਦੇ ਬਦਬੂਦਾਰ ਛੱਪੜ ‘ਤੇ ਪਾਰਕ ਬਣਾਈ ਗਈ ਸੀ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਲੰਧਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਮਗਨਰੇਗਾ ਅਧੀਨ 4.54 ਲੱਖ ਰੁਪਏ ਖ਼ਰਚ ਕੇ ਕੁਝ ਦਿਨ ਪਹਿਲਾਂ ਇਸ ਕੰਮ ਨੂੰ ਮੁਕੰਮਲ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਪਾਰਕ ਵਿੱਚ ਸ਼ਹਿਰੀ ਪਾਰਕ ਵਾਂਗ ਓਪਨ ਜਿਮ, ਸਵਿੰਗਜ, ਸਲਾਈਡਸ,ਕੰਕਰੀਟ ਦੇ ਬੈਂਚ ਅਤੇ ਸੈਰ ਲਈ ਸਾਫ਼ ਸੁਥਰਾ ਪੈਦਲ , ਸੁੰਦਰ ਫੁੱਲਾਂ ਦੇ ਪੌਦੇ ਅਤੇ ਰਵਾਇਤੀ ਰੁੱਖ ਲਗਾਏ ਗਏ ਹਨ। ਸ੍ਰੀ ਸਾਰੰਗਲ ਨੇ ਦੱਸਿਆ ਕਿ ਪਿਛਲੇ ਸਾਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਗਨਰੇਗਾ ਸਕੀਮ ਤਹਿਤ 6.67 ਲੱਖ ਰੁਪਏ ਖ਼ਰਚ ਕੇ ਪਿੰਡ ਦੇ ਛੱਪੜ ‘ਤੇ ਪਾਰਕ ਬਣਾਈ ਗਈ ਸੀ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਦੇ ਪਿੰਡਾਂ ਦੇ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਵਿਆਪਕ ਰਣਨੀਤੀ ਬਣਾਈ ਗਈ ਹੈ।

ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਅਧੀਨ ਪਿੰਡਾਂ ਵਲੋਂ ਵਿਕਾਸ ਕਾਰਜਾਂ ਦੀ ਪਹਿਚਾਣ ਕੀਤੀ ਜਾਂਦੀ ਹੈ ਜਿਨਾਂ ਨੂੰ ਵਿੱਤ ਕਮਿਸ਼ਨ, ਪੇਂਡੂ ਵਿਕਾਸ ਫੰਡ ਅਤੇ ਹੋਰਨਾਂ ਫੰਡਾਂ ਨਾਲ ਸ਼ੁਰੂ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਵਿਕਾਸ ਪ੍ਰੋਜੈਕਟਾਂ ਨੂੰ ਸੁਚਾਰੂ ਢੰਗ ਨਾਲ ਮੁਕੰਮਲ ਕਰਨ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਸ੍ਰੀ ਸਾਰੰਗਲ ਨੇ ਕਿਹਾ ਕਿ ਇਹ ਵਿਕਾਸ ਕੰਮ ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਹੋਰ ਹੁਲਾਰਾ ਦੇਣ ਤੋਂ ਇਲਾਵਾ ਪਿੰਡਾਂ ਦੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਪੇਂਡੂ ਲੋਕਾਂ ਨੂੰ ਰੋਜਗਾਰ ਮੁਹੱਈਆ ਕਰਵਾਕੇ ਉਨਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

Previous articleCalifornia becomes first US state to surpass half-million COVID-19 cases
Next articleWHO expects long-term response efforts against COVID-19