ਪਿੰਡਾਂ ਦੇ ਵਿਕਾਸ ਕਾਰਜਾਂ ਦੀ ਸਮੀਖਿਆ

ਚੰਡੀਗੜ੍ਹ ਨਗਰ ਨਿਗਮ ਵੱਲੋਂ ਪਿੰਡਾਂ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਅੱਜ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਦੀ ਅਗਵਾਈ ਹੇਠ ਮੀਟਿੰਗ ਹੋਈ। ਮੀਟਿੰਗ ਦੌਰਾਨ ਪਿੰਡ ਪਲਸੌਰਾ, ਮਲੋਆ, ਕਝੇਹੜੀ, ਅਟਾਵਾ, ਬਡਹੇੜੀ ਅਤੇ ਬੁਟੇਰਲਾ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ ਅਤੇ ਸਬੰਧਤ ਕੌਂਸਲਰਾਂ ਤੋਂ ਪਿੰਡਾਂ ਦੀਆਂ ਸਮੱਸਿਆਂਵਾਂ ਬਾਰੇ ਜਾਣਕਾਰੀ ਲਈ ਗਈ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਪਿੰਡਾਂ ਦੇ ਵਿਕਾਸ ਲਈ ਜਾਰੀ ਕੀਤੇ ਫੰਡਾਂ ਦੇ ਸਦਉਪਯੋਗ ਦੀ ਹਦਾਇਤ ਦਿੱਤੀ।
ਮੀਟਿੰਗ ਦੌਰਾਨ ਪਿੰਡ ਪਲਸੌਰਾ ਵਿੱਚ 3.94 ਕਰੋੜ ਰੁਪਏ ਖਰਚ ਕੇ ਕਰਵਾਏ ਕੰਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਬਾਰੇ ਇਲਾਕਾ ਕੌਂਸਲਰ ਨੇ ਦੱਸਿਆ ਕਿ ਪਿੰਡ ਵਿੱਚ ਜਲ ਸਪਲਾਈ, ਬਰਸਾਤੀ ਪਾਣੀ ਦੀ ਨਿਕਾਸੀ ਅਤੇ ਸੀਵਰੇਜ ਲਈ ਘਰੇਲੂ ਕੁਨੈਕਸ਼ਨ ਮੁਹੱਈਆ ਕਰਾਉਣ ਸਬੰਧੀ ਏਜੰਡਾ ਆਉਣ ਵਾਲੀ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਕੋਲ ਪੇਸ਼ ਕੀਤਾ ਜਾਵੇਗਾ। ਇਸੇ ਤਰ੍ਹਾਂ ਪਿੰਡ ਮਲੋਆ ਦੇ ਵਿਕਾਸ ਲਈ 4 ਕਰੋੜ 47 ਲੱਖ ਰੁਪਏ ਦੇ ਫੰਡ ਪ੍ਰਵਾਨ ਕੀਤੇ ਗਏ ਸਨ ਅਤੇ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਵਿਕਾਸ ਕਾਰਜ 31 ਮਾਰਚ ਤੱਕ ਮੁਕੰਮਲ ਹੋ ਜਾਣਗੇ। ਇਸ ਸਬੰਧੀ ਪੇਸ਼ ਕੀਤੀ ਰਿਪੋਰਟ ਅਨੁਸਾਰ ਸਪੋਰਟਸ ਕੰਪਲੈਕਸ ਦੇ ਸਾਹਮਣੇ ਰੌਸ਼ਨੀ ਦਾ ਕੰਮ ਪੂਰੇ ਹੋ ਚੁੱਕਾ ਹੈ। ਏਰੀਆ ਕੌਂਸਲਰ ਨੇ ਦੱਸਿਆ ਕਿ ਪਿੰਡ ਵਿੱਚ ਜ਼ਮੀਨਦੋਜ਼ ਜਲ ਭੰਡਾਰ (ਯੂਜੀਆਰ) ਬਣਾਉਣ ਦੀ ਤਜਵੀਜ ਹੈ ਅਤੇ ਇਸ ਸਬੰਧ ਵਿੱਚ ਕਾਰਜਕਾਰੀ ਇੰਜਨੀਅਰ ਨੂੰ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਇਸੇ ਤਰ੍ਹਾਂ ਪਿੰਡ ਕਝੇਹੜੀ ਦੇ ਵਿਕਾਸ ਕਾਰਜਾਂ ਲਈ 4.94 ਕਰੋੜ ਦੇ ਫੰਡ ਦੀ ਪ੍ਰਵਾਨਗੀ ਦਿੱਤੀ ਗਈ ਸੀ। ਇਸ ਬਾਰੇ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਦੇ ਬੱਸ ਸਟੈਂਡ ਤੋਂ ਲੈਕੇ ਫਿਰਨੀ ਅਤੇ ਬਾਹਰ ਦੀਆਂ ਗਲੀਆਂ ਵਿੱਚ ਪੇਵਰ ਬਲਾਕ ਲਗਾਉਣ ਦਾ ਕੰਮ ਅਤੇ ਕਮਿਊਨਿਟੀ ਸੈਂਟਰ ਦੇ ਸਾਹਮਣੇ ਵਾਲੀ ਸੜਕ ਅਤੇ ਪਾਰਕਿੰਗ ਦੀ ਮੁਰੰਮਤ ਦਾ ਕੰਮ ਮੁਕੰਮਲ ਹੋ ਗਿਆ ਹੈ। ਇਸੇ ਤਰਾਂ ਪਿੰਡ ਅਟਾਵਾ ਦੇ ਵਿਕਾਸ ਕਾਰਜਾਂ ਬਾਰੇ ਵੀ ਚਰਚਾ ਹੋਈ। ਮੀਟੰਗ ਦੌਰਾਨ ਪਿੰਡ ਬਡਹੇੜੀ ਦੇ ਵਿਕਾਸ ਕਾਰਜਾਂ ਨੂੰ ਲੈਕੇ ਏਰੀਆ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਨਿਗਮ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਪਿੰਡ ਦੀ 22 ਫੁੱਟੀ ਚੌੜੀ ਸੜਕ ਨੂੰ ਬਿਟੂਮਨ ਕੰਕਰੀਟ ਨਾਲ ਮਜਬੂਤ ਕੀਤਾ ਜਾਵੇ। ਇਸੇ ਤਰ੍ਹਾਂ ਪਿੰਡ ਬੁਟੇਰਲਾ ਦੇ ਵਿਕਾਸ ਕਾਰਜਾਂ ਦੀ ਵੀ ਸਮੀਖਿਆ ਕੀਤੀ ਗਈ।
ਨਿਗਮ ਕਮਿਸ਼ਨਰ ਨੇ ਇੰਜਨੀਅਰਾਂ ਨੂੰ ਹਦਾਇਤ ਦਿੱਤੀ ਕਿ ਪਿੰਡਾਂ ਦੇ ਵਿਕਾਸ ਕਾਰਜ ਛੇਤੀ ਮੁਕੰਮਲ ਕੀਤੇ ਜਾਣ ਤਾਂ ਕਿ ਲੋੜ ਪੈਣ ’ਤੇ ਹੋਰ ਫੰਡ ਜਾਰੀ ਕੀਤੇ ਜਾ ਸਕਣ। ਇਸ ਸਬੰਧ ਵਿਚ ਅਗਲੀ ਸਮੀਖਿਆ ਮੀਟਿੰਗ 25 ਫਰਵਰੀ ਨੂੰ ਹੋਵੇਗੀ।

Previous articleਭਾਰਤੀ ਕਾਰਕੁਨ ਆਲਮੀ ਵਾਤਾਵਰਨ ਮੁਹਿੰਮ ਨਾਲ ਜੁੜੀ
Next article24 ਟਨ ਭਾਰ ਚੁੱਕਣ ਦੀ ਸਮਰੱਥਾ ਵਾਲੀ ਪਾਰਸਲ ਵੈਨ ਦਾ ਕੀਤਾ ਨਿਰਮਾਣ