ਪਿਤਾ ਹੀ ਮੇਰੇ ਸੁਪਰ ਹੀਰੋ: ਕੋਹਲੀ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਪਿਤਾ ਨੂੰ ਅਸਲ ਜ਼ਿੰਦਗੀ ਦਾ ‘ਸੁਪਰ ਹੀਰੋ’ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਫ਼ੈਸਲਿਆਂ ਕਾਰਨ ਹੀ ਉਸ ਦੇ ਕਰੀਅਰ ਦਾ ਰਾਹ ਸੌਖਾ ਹੋ ਸਕਿਆ। ਕੋਹਲੀ ਨੂੰ ਇੱਥੇ ਇੱਕ ਪ੍ਰਚਾਰ ਪ੍ਰੋਗਰਾਮ ਦੌਰਾਨ ਉਸ ਦੇ ਸੁਪਰਹੀਰੋ ਬਾਰੇ ਪੁੱਛਿਆ ਗਿਆ ਸੀ। ਭਾਰਤੀ ਕਪਤਾਨ ਨੇ ਕਿਹਾ, ‘‘ਮੇਰੇ ਪਿਤਾ ਜਦੋਂ ਤੱਕ ਜਿਉਂਦੇ ਸਨ ਜਾਂ ਦਿਹਾਂਤ ਮਗਰੋਂ ਵੀ ਹਮੇਸ਼ਾ ਮੇਰੇ ਸੁਪਰ ਹੀਰੋ ਰਹੇ ਹਨ।’’
ਮੌਜੂਦਾ ਗੇੜ ਦੇ ਸਭ ਤੋਂ ਸਫ਼ਲ ਬੱਲੇਬਾਜ਼ਾਂ ਵਿੱਚੋਂ ਇੱਕ ਕੋਹਲੀ ਨੇ ਕਿਹਾ, ‘‘ਕਈ ਲੋਕ ਤੁਹਾਨੂੰ ਪ੍ਰੇਰਿਤ ਕਰ ਸਕਦੇ ਹਨ, ਪਰ ਜਦੋਂ ਕੋਈ ਤੁਹਾਡੇ ਸਾਹਮਣੇ ਮਿਸਾਲ ਬਣਦਾ ਹੈ ਤਾਂ ਉਸ ਦਾ ਅਸਰ ਬਿਲਕੁਲ ਵੱਖਰਾ ਹੁੰਦਾ ਹੈ।’’ ਉਸ ਨੇ ਕਿਹਾ, ‘‘ਜਦੋਂ ਮੈਂ ਗੱਭਰੂ ਸੀ ਅਤੇ ਕ੍ਰਿਕਟ ਖੇਡਦਾ ਸੀ ਤਾਂ ਉਨ੍ਹਾਂ ਨੇ (ਮੇਰਾ ਪਿਤਾ) ਮੇਰੇ ਸਾਹਮਣੇ ਜਿਵੇਂ ਦੀਆਂ ਮਿਸਾਲਾਂ ਪੇਸ਼ ਕੀਤੀਆਂ ਅਤੇ ਮੇਰੇ ਕਰੀਅਰ ਬਾਰੇ ਫ਼ੈਸਲਾ ਕੀਤਾ। ਉਸ ਦਾ ਅਸਰ ਮੇਰੇ ’ਤੇ ਪਿਆ। ਉਹ ਮੈਨੂੰ ਕਿਸੇ ਹੋਰ ਪਾਸੇ ਕਿਸਮਤ ਅਜਮਾਉਣ ਨੂੰ ਵੀ ਕਹਿ ਸਕਦੇ ਸੀ। ਉਨ੍ਹਾਂ ਦੀ ਸ਼ਖਸੀਅਤ ਅਤੇ ਫ਼ੈਸਲਿਆਂ ਕਾਰਨ, ਮੇਰਾ ਧਿਆਨ ਇਸ ਗੱਲ ’ਤੇ ਰਿਹਾ ਕਿ ਮੈਂ ਸਖ਼ਤ ਮਿਹਨਤ ਨਾਲ ਅੱਗੇ ਵਧਾਂਗਾ, ਕਿਸੇ ਹੋਰ ਢੰਗ ਨਾਲ ਨਹੀਂ।’’ ਕੋਹਲੀ ਇੱਥੇ ਐਨੀਮੇਟਿਡ ਲੜੀ ‘ਸੁਪਰ ਵੀ’ ਲਾਂਚ ਕਰਨ ਲਈ ਪਹੁੰਚਿਆ ਹੋਇਆ ਸੀ, ਜੋ ਉਸ ਤੋਂ ਹੀ ਪ੍ਰੇਰਿਤ ਹੈ। ਇਸ ਲੜੀ ਦਾ ਪ੍ਰਸਾਰਨ ਪੰਜ ਨਵੰਬਰ ਤੋਂ ਸਟਾਰ ਪਲੱਸ ਅਤੇ ਡਿਜ਼ਨੀ ਚੈਨਲ ’ਤੇ ਹੋਵੇਗਾ।

Previous articleਕਿਸਾਨ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ: ਸੋਨੀਆ ਗਾਂਧੀ
Next articleਪੀਵੀ ਸਿੰਧੂ ਫਰੈਂਚ ਓਪਨ ’ਚੋਂ ਬਾਹਰ