ਪਿਛਲੇ 24 ਘੰਟਿਆਂ ਦੌਰਾਨ ਪੰਜਾਬ ’ਚ ਗਈਆਂ ਦੋ ਜਾਨਾਂ

ਪੀਜੀਆਈ ’ਚ ਜ਼ੇਰੇ ਇਲਾਜ ਸਨ ਦੋਵੇਂ ਮਰੀਜ਼,
ਇਕ ਪਟਿਆਲਾ ਤੇ ਦੂਜਾ ਜਲੰਧਰ ਨਾਲ ਸਬੰਧਤ


ਚੰਡੀਗੜ੍ਹ (ਸਮਾਜਵੀਕਲੀ) –
ਪੰਜਾਬ ਵਿੱਚ ਕਰੋਨਾਵਾਇਰਸ ਦੀ ਜ਼ੱਦ ਵਿੱਚ ਆਏ ਵਿਅਕਤੀਆਂ ਵਿੱਚੋਂ ਦੋ ਜਣਿਆਂ ਦੀ 24 ਘੰਟਿਆਂ ਦੌਰਾਨ ਮੌਤ ਹੋਣ ਨਾਲ ਸੂਬੇ ਵਿੱਚ ਮੌਤਾਂ ਦਾ ਅੰਕੜਾ 27 ਤੱਕ ਪਹੁੰਚ ਗਿਆ ਹੈ। ਇਸ ਖਤਰਨਾਕ ਵਾਇਰਸ ਕਾਰਨ ਪਿਛਲੇ ਪੰਜ ਦਿਨਾਂ ਵਿੱਚ 7 ਵਿਅਕਤੀ ਰੱਬ ਨੂੰ ਪਿਆਰੇ ਹੋ ਚੁੱਕੇ ਹਨ।

ਸਿਹਤ ਵਿਭਾਗ ਦਾ ਕਹਿਣਾ ਹੈ ਕਿ ਕਰੋਨਾ ਅੱਗੇ ਗੋਡੇ ਟੇਕਣ ਵਾਲੇ 90 ਫੀਸਦੀ ਵਿਅਕਤੀ ਪਹਿਲਾਂ ਤੋਂ ਹੀ ਕਿਸੇ ਨਾ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਸਨ। ਸਿਹਤ ਵਿਭਾਗ ਮੁਤਾਬਕ ਮੰਗਲਵਾਰ ਸ਼ਾਮ ਤੋਂ ਹੁਣ ਤਕ ਪਟਿਆਲਾ ਤੇ ਜਲੰਧਰ ਨਾਲ ਸਬੰਧਤ ਦੋ ਵਿਅਕਤੀ ਕਰੋਨਾਵਾਇਰਸ ਅੱਗੇ ਦਮ ਤੋੜ ਗਏ ਹਨ। ਦੋਵੇਂ ਪੀਜੀਆਈ ਵਿੱਚ ਜ਼ੇਰੇ ਇਲਾਜ ਸਨ।

ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ’ਚ ਪੈਰ ਪਸਾਰ ਚੁੱਕਾ ਵਾਇਰਸ ਹੁਣ ਤੱਕ 1603 ਵਿਅਕਤੀਆਂ ਨੂੰ ਆਪਣੀ ਲਪੇਟ ਵਿੱਚ ਲੈ ਚੁੱਕਾ ਹੈ ਤੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਉਂਜ ਰਾਹਤ ਭਰੀ ਖ਼ਬਰ ਇਹ ਵੀ ਹੈ ਕਿ ਹੁਣ ਤੱਕ ਕੁੱਲ 135 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਵਿੱਚੋਂ 2 ਦੀ ਹਾਲਤ ਗੰਭੀਰ ਮੰਨੀ ਜਾ ਰਹੀ ਹੈ।

ਪਿਛਲੇ 24 ਘੰਟਿਆਂ ਦੌਰਾਨ 16 ਜ਼ਿਲ੍ਹਿਆਂ ਵਿੱਚ ਪ੍ਰਭਾਵਿਤ ਵਿਅਕਤੀਆਂ ਦਾ ਵੱਡਾ ਅੰਕੜਾ ਸਾਹਮਣੇ ਆਇਆ ਹੈ। ਸਿਹਤ ਵਿਭਾਗ ਮੁਤਾਬਕ ਤਰਨ ਤਾਰਨ ,’ਚ 57, ਅੰਮ੍ਰਿਤਸਰ ’ਚ 40, ਮੋਗਾ ਵਿੱਚ 28,, ਪਟਿਆਲਾ, ਮਾਨਸਾ ਤੇ ਸੰਗਰੂਰ ਵਿੱਚ 2,,-2, ਫਤਿਹਗੜ੍ਹ ਸਾਹਿਬ ’ਚ 3 ਅਤੇ ਬਰਨਾਲਾ,,, ਮੁਕਤਸਰ,, ਗੁਰਦਾਸਪੁਰ,, ਨਵਾਂਸ਼ਹਿਰ,, ਫਾਜ਼ਿਲਕਾ,, ਫਿਰੋਜ਼ਪੁਰ,, ਬਠਿੰਡਾ,, ਹੁਸ਼ਿਆਰਪੁਰ ਅਤੇ ਜਲੰਧਰ ਵਿੱਚ ਇੱਕ ਇੱਕ ਮਰੀਜ਼ ਸਾਹਮਣੇ ਆਇਆ ਹੈ।

ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਰ ਰਾਤ ਤੱਕ ਜ਼ਿਲ੍ਹਿਆਂ ਤੋਂ ਰਿਪੋਰਟਾਂ ਆਉਣ ਤੋਂ ਬਾਅਦ ਇਹ ਗਿਣਤੀ ਵਧ ਵੀ ਸਕਦੀ ਹੈ। ਹਜ਼ੂਰ ਸਾਹਿਬ ਅਤੇ ਹੋਰਨਾਂ ਸੂਬਿਆਂ ਤੋਂ ਪੰਜਾਬ ਆਏ ਵਿਅਕਤੀ ਸਰਕਾਰ ਲਈ ਅਜੇ ਵੀ ਵੱਡੀ ਚਿੰਤਾ ਦਾ ਵਿਸ਼ਾ ਹਨ।

ਰਾਜਸਥਾਨ ਤੋਂ ਆਏ ਕਈ ਵਿਅਕਤੀਆਂ ਦੇ ਨਮੂਨੇ ਵੀ ਅੱਜ ਸਿਹਤ ਵਿਭਾਗ ਨੇ ਪਾਜ਼ੇਟਿਵ ਹੋਣ ਦਾ ਦਾਅਵਾ ਕੀਤਾ ਹੈ। ਸਿਹਤ ਵਿਭਾਗ ਵੱਲੋਂ ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ ਅਤੇ ਪਾਜ਼ੇਟਿਵ ਵਿਅਕਤੀਆਂ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੇ ਲਗਾਤਾਰ ਸੈਂਪਲ ਲਏ ਜਾ ਰਹੇ ਹਨ ਤੇ ਹੁਣ ਤੱਕ 32,060 ਸੈਂਪਲ ਲਏ ਗਏ ਹਨ ਤੇ ਵਿਭਾਗ ਨੂੰ ਇਸ ਸਮੇਂ 6231 ਸੈਂਪਲਾਂ ਦੇ ਨਤੀਜਿਆਂ ਦੀ ਉਡੀਕ ਹੈ।

ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਹਜ਼ੂਰ ਸਾਹਿਬ ਤੇ ਹੋਰਨਾਂ ਥਾਵਾਂ ਤੋਂ ਆਏ ਵਿਅਕਤੀਆਂ ਨੂੰ ਜਿਸ ਤਰ੍ਹਾਂ ਲਾਗ ਲੱਗਣ ਦੇ ਲੱਛਣ ਸਾਹਮਣੇ ਆ ਰਹੇ ਹਨ, ਉਸ ਨੂੰ ਦੇਖਦਿਆਂ ਅਗਾਮੀ ਦਿਨਾਂ ਵਿੱਚ ਹੀ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 2 ਹਜ਼ਾਰ ਦਾ ਅੰਕੜਾ ਪਾਰ ਕਰ ਸਕਦੀ ਹੈ। ਦੇਸ਼ ਦੇ ਹੋਰਨਾਂ ਸੂਬਿਆਂ ਅਤੇ ਵਿਦੇਸ਼ਾਂ ਤੋਂ ਵੀ ਪੰਜਾਬੀਆਂ ਨੇ ਸੂਬੇ ਵਿੱਚ ਅਗਲੇ ਦਿਨਾਂ ਦੌਰਾਨ ਆਉਣਾ ਹੈ। ਸਿਹਤ ਵਿਭਾਗ ਇਨ੍ਹਾਂ ਵਿਅਕਤੀਆਂ ਦੇ ਪੰਜਾਬ ਦੀ ਧਰਤੀ ’ਤੇ ਆਉਣ ਤੋਂ ਪਹਿਲਾਂ ਹੀ ਚੌਕਸ ਹੋ ਗਿਆ ਹੈ।

Previous articleਕੇਂਦਰ ਨੇ ਔਖੇ ਵੇਲੇ ਪੰਜਾਬ ਦੀ ਬਾਂਹ ਨਹੀਂ ਫੜੀ: ਕੈਪਟਨ
Next article2 captured ex-US soldiers to be tried in Venezuela: Maduro