ਪਿਓ ਨੇ ਕੀਤਾ ਅੱਠ ਸਾਲਾ ਬੱਚੀ ਨਾਲ ਜਬਰ ਜਨਾਹ

ਅਜਨਾਲਾ : ਕਲਯੁਗੀ ਪਿਤਾ ਵੱਲੋਂ ਆਪਣੀ ਅੱਠ ਸਾਲਾ ਬੱਚੀ ਨਾਲ ਜਬਰ ਜਨਾਹ ਕਰਨ ਦੀ ਸ਼ਰਮਨਾਕ ਵਾਰਦਾਤ ਸਾਹਮਣੇ ਆਈ ਹੈ। ਪੀੜਤਾ ਦੀ ਮਾਂ ਦੇ ਬਿਆਨਾਂ ‘ਤੇ ਪੁਲਿਸ ਥਾਣਾ ਚਾਟੀਵਿੰਡ ਨੇ ਜਬਰ ਜਨਾਹ ਦਾ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਮਾਮਲਾ ਦਰਜ ਹੋਣ ਤੋਂ ਬਾਅਦ ਜਦੋਂ ਪੁਲਿਸ ਪਾਰਟੀ ਬੱਚੀ ਦਾ ਮੈਡੀਕਲ ਕਰਵਾਉਣ ਗਈ ਤਾਂ ਉਸ ਦੀ ਮਾਂ ਨੇ ਬੱਚੀ ਦਾ ਮੈਡੀਕਲ ਕਰਵਾਉਣ ਤੋਂ ਸਾਫ਼ ਮਨਾ ਕਰ ਦਿੱਤਾ।
ਇਸ ਸਬੰਧੀ ਪੀੜਤਾ ਦੀ ਮਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦੀ ਹੈ। 13 ਸਤੰਬਰ ਨੂੰ ਉਸ ਦੀ ਤਬੀਅਤ ਖ਼ਰਾਬ ਹੋਣ ਕਾਰਨ ਉਹ ਦੁਪਹਿਰੇ ਤਕਰੀਬਨ ਸਾਢੇ ਤਿੰਨ ਵਜੇ ਘਰ ਆ ਗਈ ਸੀ ਪਰ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਇਸ ਤੋਂ ਬਾਅਦ ਉਸ ਨੇ ਖਿੜਕੀ ਤੋਂ ਦੇਖਿਆ ਤਾਂ ਉਸ ਦਾ ਪਤੀ ਆਪਣੀ ਹੀ ਅੱਠ ਸਾਲਾ ਬੱਚੀ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ।
ਇਸ ਤੋਂ ਬਾਅਦ ਉਸ ਨੇ ਜ਼ੋਰ ਨਾਲ ਦਰਵਾਜ਼ਾ ਖੜਕਾਇਆ ਤਾਂ ਉਸ ਦਾ ਪਤੀ ਦਰਵਾਜ਼ਾ ਖੋਲ੍ਹ ਕੇ ਧੱਕਾ ਦੇ ਕੇ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਉਸ ਨੇ ਸ਼ਰਮ ਦੇ ਮਾਰੇ ਕਿਸੇ ਨੂੰ ਨਹੀਂ ਦੱਸਿਆ। ਜਦੋਂ ਬੱਚੀ ਨੇ ਪੇਟ ਦਰਦ ਹੋਣ ਬਾਰੇ ਦੱਸਿਆ ਤਾਂ ਉਹ ਆਪਣੀ ਮਾਸੀ ਦੇ ਪੁੱਤਰ ਨੂੰ ਲੈ ਕੇ ਪੁਲਿਸ ਥਾਣੇ ‘ਚ ਸ਼ਿਕਾਇਤ ਦਰਜ ਕਰਵਾਉਣ ਪਹੁੰਚੀ।
ਜਾਂਚ ਅਧਿਕਾਰੀ ਮਹਿਲਾ ਸਬ ਇੰਸਪੈਕਟਰ ਚੰਚਲ ਨੇ ਦੱਸਿਆ ਕਿ ਇਸ ਸਬੰਧੀ ਬੱਚੀ ਦੇ ਪਿਤਾ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਫਿਲਹਾਲ ਬੱਚੀ ਦੇ ਅਦਾਲਤ ‘ਚ ਬਿਆਨ ਦਰਜ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Previous articleਐਡਵਰਡ ਸਨੋਡੇਨ ਨੇ ਫਰਾਂਸ ਦੇ ਰਾਸ਼ਟਰਪਤੀ ਤੋਂ ਮੰਗੀ ਸ਼ਰਨ
Next articleਨਸ਼ਾ ਛੁਡਾਊ ਕੇਂਦਰ ‘ਚ ਇੱਕ ਦਰਜਨ ਵਿਅਕਤੀਆਂ ‘ਤੇ ਜਾਨਲੇਵਾ ਹਮਲਾ