ਪਿਆਜ਼ ਦੀਆਂ ਕੀਮਤਾਂ ਨੇ ਲੋਕਾਂ ਦੇ ਹੰਝੂ ਕਢਾਏ

ਘਰ ਦੀ ਰਸੋਈ ਵਿੱਚ ਸਭ ਤੋਂ ਵਰਤੇ ਜਾਣ ਵਾਲੇ ਪਿਆਜ਼ ਦੀਆਂ ਪ੍ਰਚੂਨ ਕੀਮਤਾਂ ਕੌਮੀ ਰਾਜਧਾਨੀ ਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ 70 ਤੋਂ 80 ਰੁਪਏ ਪ੍ਰਤੀ ਕਿਲੋ ਨੂੰ ਪੁੱਜਣ ਮਗਰੋਂ ਸਰਕਾਰ ਨੇ ਹੁਣ ਵਪਾਰੀਆਂ ਲਈ ਪਿਆਜ਼ ਸਟੋਰ ਕਰਨ ਦੀ ਨਿਰਧਾਰਿਤ ਸੀਮਾ ਮਿੱਥਣ ਦੀ ਤਿਆਰੀ ਖਿੱਚ ਲਈ ਹੈ। ਖਪਤਕਾਰ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ ਹਫ਼ਤੇ ਦਿੱਲੀ ਵਿੱਚ ਪਿਆਜ਼ ਦਾ ਪ੍ਰਚੂਨ ਭਾਅ ਵੱਧ ਕੇ 57 ਰੁਪਏ ਪ੍ਰਤੀ ਕਿਲੋ ਨੂੰ ਜਾ ਪੁੱਜਾ ਹੈ। ਦੇਸ਼ ਦੇ ਹੋਰਨਾਂ ਮਹਾਨਗਰਾਂ ’ਚੋਂ ਮੁੰਬਈ ’ਚ ਪਿਆਜ਼ 56 ਰੁਪਏ ਕਿਲੋ ਜਦੋਂਕਿ ਕੋਲਕਾਤਾ ਤੇ ਚੇਨੱਈ ’ਚ ਇਹ ਕ੍ਰਮਵਾਰ 48 ਤੇ 34 ਰੁਪਏ ਪ੍ਰਤੀ ਕਿਲੋ ਦੇ ਭਾਅ ਨੂੰ ਵਿਕਿਆ। ਵਪਾਰਕ ਅੰਕੜਿਆਂ ਦੀ ਮੰਨੀਏ ਤਾਂ ਪਿਆਜ਼ ਦੀਆਂ ਪ੍ਰਚੂਨ ਕੀਮਤਾਂ ਇਸ ਹਫ਼ਤੇ ਦੌਰਾਨ 70 ਤੋਂ 80 ਰੁਪਏ ਪ੍ਰਤੀ ਕਿਲੋ ਦੇ ਭਾਅ ਨਾਲ ਅਸਮਾਨੀ ਚੜ੍ਹ ਗਈਆਂ।
ਸਰਕਾਰ ਵਿਚਲੇ ਸੂਤਰ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਸਰਕਾਰ ਨੇ ਪਿਛਲੇ ਕੁਝ ਹਫ਼ਤਿਆਂ ਵਿੱਚ ਪਿਆਜ਼ ਦੀ ਘਰੇਲੂ ਸਪਲਾਈ ਵਿੱਚ ਸੁਧਾਰ ਲਈ ਕਈ ਕਦਮ ਚੁੱਕੇ ਹਨ ਤੇ ਪਿਆਜ਼ ਕੀਮਤਾਂ ਵਿੱਚ ਵਾਧੇ ’ਤੇ ਨੇੜਿਓਂ ਹੋ ਕੇ ਨਜ਼ਰ ਰੱਖੀ ਜਾ ਰਹੀ ਹੈ। ਪਿਆਜ਼ ਉਤਪਾਦਕ ਰਾਜਾਂ ਵਿੱਚ ਲੋੜੋਂ ਵੱਧ ਮੀਂਹ ਨਾਲ ਪਿਛਲੇ ਦੋ ਤਿੰਨ ਦਿਨਾਂ ਵਿੱਚ ਅਚਨਚੇਤ ਪ੍ਰਚੂਨ ਕੀਮਤਾਂ ਵਿੱਚ ਉਛਾਲ ਆਇਆ ਹੈ।’ ਸੂਤਰ ਨੇ ਕਿਹਾ ਕਿ ਜੇਕਰ ਅਗਲੇ ਇਕ ਦੋ ਦਿਨ ਵਿੱਚ ਹਾਲਾਤ (ਕੀਮਤਾਂ ਨਾ ਘਟੀਆਂ) ਵਿੱਚ ਨਾ ਸੁਧਰੇ ਤਾਂ ਸਰਕਾਰ ਪਿਆਜ਼ ਦੇ ਭੰਡਾਰਨ ਦੀ ਸੀਮਾ ਮਿੱਥਣ ਸਬੰਧੀ ਸੰਜੀਦਗੀ ਨਾਲ ਵਿਚਾਰ ਕਰ ਸਕਦੀ ਹੈ। ਮਹਾਰਾਸ਼ਟਰ ਦੀ ਲਾਸਲਗਾਓਂ ਥੋਕ ਮਾਰਕੀਟ ਵਿੱਚ ਪਿਛਲੇ ਹਫ਼ਤੇ ਪਿਆਜ਼ 45 ਰੁਪਏ ਕਿਲੋ ਦੇ ਭਾਅ ਵਿਕਿਆ ਜਦੋਂ ਕਿ ਸਾਲ ਪਹਿਲਾਂ ਇਹੀ ਭਾਅ 10 ਰੁਪਏ ਕਿਲੋ ਸੀ।

Previous articleਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਚਾਰ ਦਹਿਸ਼ਤਗਰਦ ਹਥਿਆਰਾਂ ਸਮੇਤ ਕਾਬੂ
Next articleਰਵੀਸ਼ ਕੁਮਾਰ ਦਾ ਗੌਰੀ ਲੰਕੇਸ਼ ਐਵਾਰਡ ਨਾਲ ਸਨਮਾਨ