ਪਾਬੰਦੀ ਦੇ ਬਾਵਜੂਦ ਝੋਨੇ ਦੀ ਪਨੀਰੀ ਲਾਉਣ ਲੱਗੇ ਕਿਸਾਨ

ਅਗੇਤੇ ਝੋਨੇ ਦੀ ਲੁਆਈ ’ਤੇ ਪੰਜਾਬ ਸਰਕਾਰ ਵੱਲੋਂ ਲਾਈ ਗਈ ਪਾਬੰਦੀ ਦੀ ਉਲੰਘਣਾ ਕਰਕੇ ਕਿਸਾਨ ਜਥੇਬੰਦੀਆਂ ਵਲੋਂ 1 ਜੂਨ ਤੋਂ ਝੋਨਾ ਲਾਉਣਾ ਸ਼ੁਰੂ ਕਰਨ ਦੇ ਕੀਤੇ ਐਲਾਨ ’ਤੇ ਅੱਜ ਅਮਲ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਖੁਦ ਪਿੰਡ ਭੈਣੀਬਾਘਾ ਦੇ ਖੇਤਾਂ ਵਿੱਚ ਝੋਨੇ ਦੀ ਪਨੀਰੀ ਬੀਜੀ ਹੈ। ਇਸ ਪਿੰਡ ਦੇ ਕਿਸਾਨ ਜਗਦੇਵ ਸਿੰਘ ਪੁੱਤਰ ਮੁਖਤਿਆਰ ਸਿੰਘ ਨੇ ਆਪਣੇ ਖੇਤ ਵਿੱਚ ਪੀਲੀ ਊਸ਼ਾ ਕਿਸਮ ਦੇ ਝੋਨੇ ਦੀ ਪਨੀਰੀ 3 ਏਕੜ ਖੇਤ ਵਿੱਚ ਝੋਨਾ ਲਾਉਣ ਲਈ ਬੀਜੀ ਹੈ। ਪਨੀਰੀ ਦਾ ਛਿੱਟਾ ਦੇਣ ਸਮੇਂ ਜਥੇਬੰਦੀ ਦੇ ਆਗੂ ਅਤੇ ਵਰਕਰ ਮੌਜੂਦ ਸਨ, ਜਿਨ੍ਹਾਂ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਲਹਿਜੇ ਵਿੱਚ ਚਿਤਾਵਨੀ ਦਿੱਤੀ ਕਿ ਜੇਕਰ ਖੇਤ ਵਿੱਚ ਬੀਜੀ ਹੋਈ ਝੋਨੇ ਦੀ ਪਨੀਰੀ ਦਾ ਕਿਸੇ ਤਰ੍ਹਾਂ ਨੁਕਸਾਨ ਕੀਤਾ ਗਿਆ ਤਾਂ ਮੌਕੇ ’ਤੇ ਹੀ ਘਿਰਾਓ ਕੀਤਾ ਜਾਵੇਗਾ।
ਉਧਰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਝੋਨੇ ਦੀ ਪੌਦ ਪਹਿਲੀ ਮਈ ਤੋਂ ਬੀਜਣ ਦੀ ਦਿੱਤੀ ਚਿਤਾਵਨੀ ਸਬੰਧੀ ਕਿਸਾਨਾਂ ਨੂੰ ਪ੍ਰੇਰਦਿਆਂ ਕਿਹਾ ਕਿ 20 ਜੂਨ ਨੂੰ ਲਾਇਆ ਝੋਨਾ ਵਧੇਰੇ ਝਾੜ ਦੇ ਸਕਣ ਦੀ ਸਮਰੱਥਾ ਰੱਖਦਾ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪੰਜਾਬ ਸਰਕਾਰ ਅਗੇਤਾ ਝੋਨਾ ਲਾਉਣ ’ਤੇ ਪਾਬੰਦੀਆਂ ਲਾ ਰਹੀ ਹੈ। ਕਿਸਾਨ ਆਗੂ ਨੇ ਕਿਹਾ ਕਿ ਅਗੇਤਾ ਝੋਨਾ ਲਾਉਣਾ ਕਿਸਾਨਾਂ ਦਾ ਸ਼ੌਕ ਨਹੀਂ, ਮਜਬੂਰੀ ਹੈ ਕਿਉਂਕਿ ਪਿਛੇਤੇ ਲਾਏ ਝੋਨੇ ਨੂੰ ਵੇਚਣ ਸਮੇਂ ਮੰਡੀਆਂ ਵਿੱਚ ਖੱਜਲ-ਖੁਆਰ ਹੋਣਾ ਪੈਂਦਾ ਹੈ। ਉਦੋਂ ਤੱਕ ਠੰਢ ਅਤੇ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਝੋਨੇ ਦੇ ਦਾਣਿਆਂ ਦੀ ਸਿੱਲ ਮਾਤਰਾ 20 ਪ੍ਰਤੀਸ਼ਤ ਤੋਂ ਹੇਠਾਂ ਨਹੀਂ ਆਉਂਦੀ, ਜਦੋਂ ਕਿ ਸਰਕਾਰੀ ਖਰੀਦ ਏਜੰਸੀਆਂ 17 ਪ੍ਰਤੀਸ਼ਤ ਸਿੱਲ ਤੋਂ ਵੱਧ ਵਾਲਾ ਝੋਨਾ ਨਹੀਂ ਖਰੀਦ ਕਰਦੀਆਂ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਝੋਨੇ ਦੀ ਫਸਲ ਦਾ ਬਦਲ ਲੱਭੇ। ਇਸ ਮੌਕੇ ਲਾਭ ਸਿੰਘ ਖੋਖਰ, ਦਰਸ਼ਨ ਸਿੰਘ, ਜਗਸੀਰ ਸਿੰਘ, ਕੈਲਾ ਸਿੰਘ, ਹਰਿੰਦਰ ਸਿੰਘ ਟੋਨੀ ਭੈਣੀ ਬਾਘਾ ਅਤੇ ਬਿੱਟੂ ਸਿੰਘ ਖੋਖਰ ਖੁਰਦ ਵੀ ਹਾਜ਼ਰ ਸਨ।

Previous articleਪ੍ਰੱਗਿਆ ਠਾਕੁਰ ਦੇ ਪ੍ਰਚਾਰ ਕਰਨ ’ਤੇ 72 ਘੰਟੇ ਦੀ ਰੋਕ
Next articleਡੇਰਾ ਪੈਰੋਕਾਰਾਂ ਵੱਲੋਂ ਜਵਾਹਰਕੇ ’ਤੇ ਹਮਲਾ