ਪਾਕਿ ਸਰਹੱਦ ਪਾਰੋਂ ਦਹਿਸ਼ਤਗਰਦੀ ਦਾ ਵੱਡਾ ਸਰਪ੍ਰਸਤ: ਭਾਰਤ

ਸੰਯੁਕਤ ਰਾਸ਼ਟਰ (ਸਮਾਜ ਵੀਕਲੀ) : ਪਾਕਿਸਤਾਨ ਵੱਲੋਂ ਸੰਯੁਕਤ ਰਾਸ਼ਟਰ ਵਿੱਚ ਕੀਤੇ ਇਸ ਫ਼ਰਜ਼ੀ ਦਾਅਵੇ ਕਿ ਉਹ ਦਹਾਕਿਆਂ ਤੋਂ ਸਰਹੱਦ ਪਾਰੋਂ ਦਹਿਸ਼ਤਗਰਦੀ ਦਾ ਨਿਸ਼ਾਨਾ ਬਣਦਾ ਆਇਆ ਹੈ, ਲਈ ਗੁਆਂਢੀ ਮੁਲਕ ਨੂੰ ਲੰਮੇ ਹੱਥੀਂ ਲੈਂਦਿਆਂ ਭਾਰਤ ਨੇ ਕਿਹਾ ਕਿ ਪਾਕਿਸਤਾਨ ਦਾ ਇਕ ਹੋਰ ਝੂਠ ਫੜਿਆ ਗਿਆ ਹੈ।

ਭਾਰਤ ਨੇ ਕਿਹਾ ਕਿ ਪਾਕਿ ਸਰਹੱਦ ਪਾਰੋਂ ਹੁੰਦੀ ਦਹਿਸ਼ਤਗਰਦੀ ਦਾ ਸਭ ਤੋਂ ਵੱਡਾ ਸਰਪ੍ਰਸਤ ਹੈ ਤੇ ਹੁਣ ਉਹ ਖੁ਼ਦ ਨੂੰ ਅਤਿਵਾਦ ਦਾ ਪੀੜਤ ਦੱਸਣ ਦਾ ਵਿਖਾਵਾ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਨੇ ਕਿਹਾ ਕਿ ਝੂਠ ਨੂੰ ਸੌ ਵਾਰ ਬੋਲਣ ਨਾਲ ਉਹ ਸੱਚ ਨਹੀਂ ਬਣ ਜਾਂਦਾ। ਉਨ੍ਹਾਂ ਕਿਹਾ, ‘ਸਰਹੱਦ ਪਾਰੋਂ ਦਹਿਸ਼ਤਵਾਦ ਦਾ ਸਭ ਤੋਂ ਵੱਡਾ ਸਰਪ੍ਰਸਤ ਹੁਣ ਖੁ਼ਦ ਨੂੰ ਅਤਿਵਾਦ ਦਾ ਪੀੜਤ ਦੱਸ ਕੇ ਵਿਖਾਵੇ ਦੇ ਮੁਖੌਟੇ ਪਿੱਛੇ ਲੁਕਣ ਦਾ ਯਤਨ ਕਰ ਰਿਹਾ ਹੈ।’

ਕਾਬਿਲੇਗੌਰ ਹੈ ਕਿ ਪਾਕਿਸਤਾਨੀ ਮਿਸ਼ਨ ਨੇ ਦਾਅਵਾ ਕੀਤਾ ਸੀ ਕਿ ਸੰਯੁਕਤ ਰਾਸ਼ਟਰ ਵਿਚਲੇ ਉਹਦੇ ਏਲਚੀ ਮੁਨੀਰ ਅਕਰਮ ਨੇ ਸੁਰੱਖਿਆ ਕੌਂਸਲ ਵਿੱਚ ਆਲਮੀ ਸ਼ਾਂਤੀ ਨੂੰ ਦਰਪੇਸ਼ ਖਤਰਿਆਂ ਤੇ ਦਹਿਸ਼ਤਵਾਦ ਕਰਕੇ ਸੁਰੱਖਿਆ ਚੁਣੌਤੀ ਸਬੰਧੀ ਰਿਪੋਰਟ ’ਤੇ ਚਰਚਾ ਦੌਰਾਨ ਇਕ ਬਿਆਨ ਦਿੱਤਾ ਸੀ। ਹਾਲਾਂਕਿ ਇਸ ਮੀਟਿੰਗ ਵਿੱਚ ਕੌਂਸਲ ਦੇ ਗੈਰ-ਮੈਂਬਰਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਸੀ।

ਯੂਐੱਨ ਦੇ ਜਰਮਨ ਮਿਸ਼ਨ ਵੱਲੋਂ ਮੀਟਿੰਗ ਦੀ ਟਵੀਟ ਕੀਤੀ ਤਸਵੀਰ ਵਿੱਚ ਸੁਰੱਖਿਆ ਪ੍ਰੀਸ਼ਦ ਦੇ 15 ਮੈਂਬਰ ਮੁਲਕਾਂ ਦੇ ਨੁਮਾਇੰਦੇ ਹੀ ਨਜ਼ਰ ਆ ਰਹੇ ਹਨ। ਪਾਕਿਸਤਾਨ ਕੌਂਸਲ ਦਾ ਮੈਂਬਰ ਨਹੀਂ ਹੈ। ਭਾਰਤੀ ਮਿਸ਼ਨ ਨੇ ਇਕ ਟਵੀਟ ’ਚ ਕਿਹਾ, ‘ਸਾਨੂੰ ਇਹ ਸਮਝ ਨਹੀਂ ਆਈ ਕਿ ਪਾਕਿਸਤਾਨ ਦੇ ਸਥਾਈ ਨੁਮਾਇੰਦੇ ਨੇ ਇਹ ਬਿਆਨ ਕਿਉਂ ਦਿੱਤਾ, ਜਦੋਂਕਿ ਸੁਰੱਖਿਆ ਕੌਂਸਲ ਦੀ ਮੀਟਿੰਗ ਗੈਰ-ਮੈਂਬਰਾਂ ਨੂੰ ਦਾਖ਼ਲੇ ਦੀ ਇਜਾਜ਼ਤ ਨਹੀਂ ਹੈ। ਪਾਕਿਸਤਾਨ ਦਾ ਝੂਠ ਫਿਰ ਫੜਿਆ ਗਿਆ ਹੈ।’

Previous articleਪੁਲਵਾਮਾ ਹਮਲਾ: ਦੋਸ਼ਪੱਤਰ ’ਚ ਮਸੂਦ ਸਣੇ 19 ਦੇ ਨਾਂ ਸ਼ਾਮਲ
Next articleਮੁਸ਼ੱਰਫ਼-ਮਨਮੋਹਨ ਕਰਾਰ ਕਸ਼ਮੀਰ ਮਸਲੇ ਦਾ ਸਭ ਤੋਂ ਬਿਹਤਰ ਹੱਲ